ਬਠਿੰਡਾ, 20 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਠਿੰਡਾ ਵਿਚ ਬੇਸਹਾਰਾ ਗਾਂਵਾਂ ਲਈ ਪਿੰਡ ਹਰਰਾਏਪੁਰ ਵਿਚ ਬਣ ਰਿਹਾ ਨਵਾਂ ਸਹਾਰਾ 31 ਜਨਵਰੀ 2016 ਤੋਂ ਇੰਨ੍ਹਾਂ ਗਊਆਂ ਨੂੰ ਆਸਰਾ ਦੇਣ ਲਈ ਤਿਆਰ ਹੋ ਜਾਵੇਗਾ। ਇਸ ਨਵੀਂ ਗਊਸ਼ਾਲਾ ਦੀ ਉਸਾਰੀ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ, ਬਠਿੰਡਾ ਵੱਲੋਂ ਕਰਵਾਈ ਜਾ ਰਹੀ ਹੈ। ਇਸ ਗਉਸ਼ਾਲਾ ਚ 500 ਅਵਾਰਾ ਗਉਆਂ ਨੂੰ 31 ਜਨਵਰੀ 2016 ਤੱਕ ਗਉਸ਼ਾਲਾ ਵਿਖੇ ਛੱਡ ਦਿੱਤਾ ਜਾਵੇਗਾ ਜਿੱਥੇ ਉਨ੍ਹਾਂ ਦੀ ਸਾਂਭ ਸੁਚੱਜੇ ਢੰਗ ਨਾਲ ਕੀਤੀ ਜਾਏਗੀ । ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਠਿੰਡਾ ਡਾ: ਬਸੰਤ ਗਰਗ ਨੇ ਕੀਤਾ । ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰ ਕੁਮਾਰ ਸ਼ਰਮਾ ਵੀ ਹਾਜ਼ਰ ਸਨ ਜਿਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤੇ ਹਰਰਾਇਪੁਰ ਪਿੰਡ ਵਿਖੇ ਗਉਸ਼ਾਲਾ ਦਾ ਦੌਰਾ ਵੀ ਕੀਤਾ । ਡਾ: ਗਰਗ ਨੇ ਦੱਸਿਆ ਕਿ 15 ਏਕੜ ਜ਼ਮੀਨ ਚ ਬਨਣ ਵਾਲੀ ਇਸ ਗਉਸ਼ਾਲਾ ਚ 2400 ਤੋਂ ਵੱਧ ਗਉਆਂ ਨੂੰ ਰੱਖਿਆ ਜਾ ਸਕੇਗਾ । ਉਨ੍ਹਾਂ ਦੱਸਿਆ ਕਿ ਇਸ ਨਾਲ ਨਾ ਸਿਰਫ ਅਵਾਰਾ ਪਸ਼ੁਆਂ ਦੀ ਸਮੱਸਿਆ ਹੱਲ ਹੋਵੇਗੀ ਬਲਕਿ ਪਸ਼ੂਆਂ ਨੂੰ ਇੱਕ ਘਰ ਵੀ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਗਊਸ਼ਾਲਾ ਲਈ ਕੁੱਲ 15 ਏਕੜ ਜ਼ਮੀਨ ਤਿੰਨ ਹਿੱਸਿਆਂ ਵਿੱਚ ਉਪਲਬੱਧ ਹੈ। ਇਸ ਵਿੱਚੋਂ ਤਕਰੀਬਨ 8.5 ਏਕੜ ਨੂੰ ਉਸਾਰੀ ਦੇ ਕੰਮ ਲਈ ਵਰਤੋਂ ਵਿੱਚ ਲਿਆਂਦਾ ਗਿਆ ਹੈ। ਇਸ ਗਊਸ਼ਾਲਾ ਦੀ ਉਸਾਰੀ ਸਰਕਾਰ ਵੱਲੋਂ ਪ੍ਰਾਪਤ ਗ੍ਰਾਂਟ, ਨਗਰ ਨਿਗਮ ਬਠਿੰਡਾ ਅਤੇ ਦਾਨੀ ਵਿਅਕਤੀਆਂ ਦੇ ਸਹਿਯੋਗ ਨਾਲ ਤਿਆਰ ਕੀਤੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਚ ਅਵਾਰਾ ਪਸ਼ੂਆਂ ਦੀ ਅਨੁਮਾਨਤ ਸੰਖਿਆ 2000 ਦੇ ਕਰੀਬ ਹੈ ਅਤੇ ਇਹ ਸਾਰੇ ਪਸ਼ੂ ਹੀ ਗਉਸ਼ਾਲਾ ਵਿਖੇ ਹੀ ਤਬਦੀਲ ਕਰ ਦਿੱਤੇ ਜਾਣਗੇ । ਗਊਸ਼ਾਲਾ ਦੀ ਉਸਾਰੀ ਲਈ ਹੁਣ ਤੱਕ ਕੀਤੇ ਗਏ ਕੰਮਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਗਊਸ਼ਾਲਾ ਦੀ ਉਸਾਰੀ ਲਈ ਜ਼ਮੀਨ ਵਿੱਚ ਮੌਜੂਦ ਟਿੱਬਿਆਂ ਨੂੰ ਪੱਧਰ ਕੀਤਾ ਗਿਆ ਅਤੇ ਹੋਰ ਲੋੜੀਂਦੀ ਮਿੱਟੀ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਬਿਨ੍ਹਾਂ ਕਿਸੇ ਕੀਮਤ ਤੋਂ ਕੇਵਲ ਤੇਲ ਖਰਚੇ ਉੱਪਰ ਪਵਾਈ ਗਈ ਹੈ। ਇਸ ਤਰ੍ਹਾਂ ਇੱਕ ਵਧੀਆ ਅਤੇ ਉੱਚੇ ਲੈਵਲ ਵਿੱਚ ਜ਼ਮੀਨ ਗਊਸ਼ਾਲਾ ਲਈ ਤਿਆਰ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਗਉਸ਼ਾਲਾ ਦੀ ਇਸ ਜ਼ਮੀਨ ਦੀ ਚਾਰਦੀਵਾਰੀ/ ਫੈਨਸਿੰਗ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਦੋ ਨੰਬਰ ਸ਼ੈਡ ਦੀ ਉਸਾਰੀ ਪ੍ਰਗਤੀ ਅਧੀਨ ਹੈ, ਜਿਸ ਵਿੱਚ ਫਰੇਮ ਸਟਰਕਚਰ (ਕਾਲਮਜ਼, ਬੀਮਜ਼) ਦੀ ਉਸਾਰੀ ਹੋ ਚੁੱਕੀ ਹੈ ਅਤੇ ਬਰਿੱਕ ਵਰਕ ਦਾ ਕੰਮ ਜਾਰੀ ਹੈ। ਇਸੇ ਤਰਾਂ ਦੋਵਾਂ ਸੈੱਡਜ਼ ਲਈ ਟਰੱਸਾਂ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਕੰਮ ਨੂੰ 31 ਜਨਵਰੀ, 2016 ਤੱਕ ਮੁਕੰਮਲ ਕਰ ਲਿਆ ਜਾਵੇਗਾ। ੳਨ੍ਹਾਂ ਕਿਹਾ ਕਿ ਡਿਸਪੈਂਸਰੀ ਅਤੇ ਆਫਿਸ ਬਿਲਡਿੰਗ ਦੀ ਉਸਾਰੀ ਹੋ ਚੁੱਕੀ ਹੈੈ। ਇਸੇ ਤਰ੍ਹਾਂ ਚਾਰਦਿਵਾਰੀ ਦੇ ਨਾਲ ਨਾਲ ਬਿਜਲੀ ਦਾ ਵੀ ਉਚਿਤ ਪ੍ਰਬੰਧ ਕਰ ਲਿਆ ਗਿਆ ਹੈ । ਗਊਸ਼ਾਲਾ ਨੂੰ ਪਿੰਡ ਖਿਆਲੀ ਵਾਲਾ ਤੋਂ ਪੱਕੇ ਰਸਤੇ ਦਾ ਪ੍ਰਬੰਧ ਕੀਤਾ ਗਿਆ ਹੈ। ਪਾਣੀ ਦੇ ਪ੍ਰਬੰਧ ਲਈ ਦੋ ਟਿਊਬਵੈਲ ਲਗਵਾਏ ਗਏ ਹਨ ਅਤੇ ਨਹਿਰੀ ਪਾਣੀ ਦੀ ਸਪਲਾਈ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਹਰਿਆਲੀ ਵਧਾਉਣ ਅਤੇ ਵਾਤਾਵਰਣ ਨੂੰ ਸਾਫ ਰੱਖਣ ਲਈ ਚਾਰ ਦਿਵਾਰੀ ਦੇ ਨਾਲ-ਨਾਲ ਪੌਦੇ ਲਗਵਾਏ ਗਏ ਹਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media