ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ ਬਿਊਰੋ) – ਸਵ: ਸ: ਵੀਰ ਸਿੰਘ ਵੀਰ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਜੇਲ੍ਹ ਯਾਤਰਾ ਕੀਤੀ ਅਤੇ ਤਸੀਹੇ ਝੱਲੇ, 25 ਦਸੰਬਰ 2001 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ।ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦੇ ਸਰਪ੍ਰਸਤ ਸ: ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1905 ਨੂੰ ਮਾਤਾ ਈਸ਼ਰ ਕੌਰ ਤੇ ਸ: ਗੁਰਮੁਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ਮੱਧ ਵਰਗੀ ਪਰਿਵਾਰ ਵਿਚ ਹੋਇਆ।ਸਕੂੂਲ ਪੜ੍ਹਨ ਦੌਰਾਨ ਹੀ ਆਪ ਨੂੰ ਧਾਰਮਿਕ ਸ਼ਬਦ ਤੇ ਕਵਿਤਾ ਪੜ੍ਹਨ ਦਾ ਸ਼ੌਕ ਪੈਦਾ ਹੋਇਆ। ਆਪ ਨੇ ਕੁੁਝ ਦੇਰ ਲਈ ਪ੍ਰਿੰਟਿੰਗ ਪ੍ਰੈਸ ਦਾ ਕੰਮ ਕੀਤਾ ਅਤੇ ਸ਼੍ਰੋਮਣੀ ਗੁ: ਪz: ਕਮੇਟੀ ਵਿਚ ਗੁਰਦੁਆਰਾ ਸਾਰਾਗੜੀ ਵਿਚ ਬਤੌਰ ਗ੍ਰੰਥੀ ਸੇਵਾ ਕੀਤੀ ।ਜਿਸ ਤੋਂ ਬਾਅਦ ਉਨਾਂ ਲੋਕ ਸੰਪਰਕ ਵਿਭਾਗ ਵਿਚ 25 ਸਾਲ ਦੇ ਡਿਊਟੀ ਨਿਭਾਈ।
ਸ੍ਰ. ਵੀਰ ਸਿੰਘ ਦੇ ਪੋਤੇ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਆਪ ਨੇ ਪੰਜਾਬ ਦੇ ਉਘੇ ਆਗੂਆਂ ਦੀ ਅਗਵਾਈ ਵਿਚ ਜੇਲ੍ਹ ਯਾਤਰਾਵਾਂ ਕੀਤੀਆਂ। 1937 ਵਿਚ ਜ: ਊੂਧਮ ਸਿੰਘ ਨਾਗੋਕੇ ਦੇ ਨਾਲ ਕਿਸਾਨ ਮੋਰਚੇ ਦੇ ਅੰਦੋਲਨ ਵਿਚ ਸ਼ਾਮਲ ਹੋਣ ਤੇ ਜੇਲ੍ਹ ਯਾਤਰਾ ਕਰਨੀ ਪਈ।1938 ਵਿਚ ਆਪ ਜੀ ਤੇ ਕਤਲ ਦੇ ਚਾਰ ਕੇਸ ਦਰਜ ਕੀਤੇ ਗਏ ਅਤੇ ਲਾਹੌਰ ਦੇ ਅਨਾਰਕਲੀ ਬਜ਼ਾਰ ਵਿੱਚੋਂ ਗ੍ਰਿਫਤਾਰ ਕਰਕੇ ਕੈਦ ਕਰ ਦਿੱਤਾ।ਉਨ੍ਹਾਂ ਨੇ ਇਕ ਸਾਲ ਤੋਂ ਵੱਧ ਜ਼ਿਲ੍ਹਾ ਸਿਆਲਕੋਟ ਦੀ ਜੇਲ੍ਹ ਵਿਚ ਰਹੇ। ਗੁਰਦਿਆਲ ਸਿੰਘ ਮਾਨ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਕਵਿਤਾ ਦੇ ਰੂਪ ਵਿਚ ਉੁਨ੍ਹਾਂ ਨੇ ਆਪਣੇ ਬਿਆਨ ਕਲਮਬੰਦ ਕਰਵਾਏ :
ਬਹਿ ਕੁੁਰਸੀ ‘ਤੇ ਕਰੀਂ ਇਨਸਾਫ ਪੂਰਾ, ਮੇਰਾ ਸੋਚ ਕੇ ਸੁਣੀ ਸਵਾਲ ਡਿਪਟੀ’
ਸੀ.ਆਈ.ਡੀ ਤੇਰੀ ਮੈਨੂੰ ਘੇਰ ਲਿੱਤਾ, ਪਾਇਆ ਬੁਲਬੁਲ ਨਿਮਾਣੀ ਤੇ ਜਾਲ ਡਿਪਟੀ’
ਜਿੰਨੇ ਪੁਲਿਸ ਕੀਤੇ ਜ਼ੁਲਮ ਨਾਲ ਮੇਰੇ ਓਸੇ ਬਦਨ ਤੇ ਨਹੀਂ ਮੇਰੇ ਵਾਲ ਡਿਪਟੀ’
ਜੋ ਕੁੁਝ ਕਰਾਂਗਾ ਸੱਚ ਲਿਖਾਂਗਾ ਮੈਂ ਵੀਰ ਦੱਸਦਾ ਧਰਮ ਦੇ ਨਾਲ ਡਿਪਟੀ’
ਨਾ ਮੈਂ ਲੜਿਆ ਤੇ ਨਾ ਮੈਂ ਕਤਲ ਕੀਤਾ, ਕੱਢੀ ਨਹੀਂਓਂ ਕਿਸੇ ਨੂੰ ਗਾਲ ਡਿਪਟੀ’
ਇਸ ਬਿਆਨ ਤੋਂ ਬਾਅਦ ਅਦਾਲਤ ਨੇ ਕਲਮਬੰਦ ਬਿਆਨਾ ਤੇ ਉੁਨ੍ਹਾਂ ਨੂੰ ਬਰੀ ਕਰ ਦਿੱਤਾ।
ਆਪ ਨੇ ਪੰਜਾਬੀ ਵਿਚ ਕਈ ਕਿੱਸੇ ਤੇ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਅੰਮ੍ਰਿਤ ਧਾਰਾਂ, ਤਿੱਖੀਆਂ ਧਾਰਾਂ, ਤਲਵਾਰ ਦੀ ਨੋਕ ਤੇ, ਖੂਨੀ ਤੇਗਾਂ, ਦਸ ਪਾਤਸ਼ਾਹੀਆਂ, ਬੀਬੀ ਰਜਨੀ, ਮੋਹਨ ਦੇ ਭਜਨ, ਮਾਤਾ ਸੁਲਖਣੀ, ਬਿਧੀ ਚੰਦ ਦੇ ਘੋੜੇ, ਚਾਰ ਸਾਹਿਬਜ਼ਾਦੇ, ਬਾਬਾ ਦੀਪ ਸਿੰਘ ਸ਼ਹੀਦ, ਪੰਜੇ ਸਾਹਿਬ ਦੀ ਗੱਡੀ, ਸ਼ੇਅਰੋ ਸ਼ਾਇਰੀ, ਤੜਫਦੇ ਦਿਲ, ਯਾਰ ਦੀ ਜੁਦਾਈ ਆਦਿ ਪ੍ਰਮੁੱਖ ਹਨ। ਵੀਰ ਸਿੰਘ ਵੀਰ ਨੂੰ 15 ਅਗਸਤ 1988 ਨੂੰ ਉੁਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਅਜ਼ਾਦੀ ਦੀ ਲਹਿਰ ਵਿਚ ਉੁਨ੍ਹਾਂ ਦੇ ਪਾਏ ਯੋਗਦਾਨ ਬਦਲੇ ਤਾਮਰ ਪੱਤਰ ਭੇਂਟ ਕੀਤਾ। ਨਵੀਂ ਦਿੱਲੀ ਵਿਖੇ 1990 ਵਿਚ ਉੁਸ ਸਮੇਂ ਦੇ ਰਾਸ਼ਟਰਪਤੀ ਸ੍ਰੀ ਸ਼ੰਕਰ ਦਿਆਲ ਸ਼ਰਮਾ ਨੇ ਵੀਰ ਸਿੰਘ ਵੀਰ ਨੂੰ ਉਨ੍ਹਾਂ ਦੀਆਂ ਸੇਵਾਂ ਬਦਲੇ ਸਨਮਾਨਿਤ ਕੀਤਾ। ਅਗਸਤ 2008 ਵਿਚ ਸਰਕਾਰੀ ਸਕੂਲ, ਚੌਂਕ ਲਛਮਣਸਰ ਦਾ ਨਾਮ ਸੁਤੰਤਰਤਾ ਸੈਨਾਨੀ ਵੀਰ ਸਿੰਘ ਵੀਰ ਸਰਕਾਰੀ ਸੈਕੰਡਰੀ ਸਕੂਲ ਰੱਖਿਆ।
ਵੀਰ ਸਿੰਘ ਆਪਦੀ ਜ਼ਿੰਦਗੀ ਨੂੰ ਆਪਣੇ ਅੰਦਾਜ਼ ਵਿੱਚ ਕੁਝ ਸਤਰਾਂ ਵਿੱਚ ਬਿਆਨ ਕਰਦੇ ਹਨ
ਅੰਮ੍ਰਿਤਸਰ ਹੈ ਗੁਰਧਾਮ ਜਹਾਨ ਅੰਦਰ, ਮਾਈ ਕੌਲਾਂ ਦਾ ਜਿਥੇ ਨਿਵਾਸ ਕਹਿੰਦੇ,
ਛਾਪੇਖਾਨੇ ਦਾ ਕਰਾਂ ਮੈਂ ਕੰਮ ਕੇਵਲ, ਏਸੇ ਕ੍ਰਿਤ ਵਿਚ ਕੰਮ ਨੇ ਰਾਸ ਕਹਿੰਦੇ,
ਵੀਰ ਸਿੰਘ ਜੋ ਗਰੀਬ ਨੂੰ ਕਹਿਣ ਲੋਕੀਂ, ਕਵੀ ਸਾਰੇ ਦਾਸ ਨੂੰ ਵੀਰ ਕਹਿੰਦੇ।
Punjab Post Daily Online Newspaper & Print Media