ਬਠਿੰਡਾ, 25 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਈ.ਟੀ.ਟੀ. ਅਧਿਆਪਕ ਦੀ ਪੋਸਟ ਉਪਰ ਰੈਗੂਲਰ ਬਹਾਲੀ ਦੀ ਮੰਗ ਨੂੰ ਲੈ ਕੇ ਮਿੰਨੀ ਸੈਕਟਰੀਏਟ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਦਾ ਧਰਨਾ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ।ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਦੇ ਬੈਨਰ ਹੇਠ ਬੀਤੀ ੨੨ ਦਸੰਬਰ ਤੋਂ ਡਾਕਟਰ ਭੀਮ ਰਾਓ ਅੰਬੇਡਕਰ ਪਾਰਕ ਵਿੱਚ ਖੁੱਲ੍ਹੇ ਅਸਮਾਨ ਹੇਠ ਬੈਠੇ ਇਨ੍ਹਾਂ ਅਧਿਆਪਕਾਂ ਦੇ ਹੌਸਲੇ ਨੂੰ ਪੋਹ ਮਹੀਨੇ ਦੀ ਕੜ੍ਹਕਦੀ ਸਰਦੀ ਵੀ ਨਹੀਂ ਝੁਕਾ ਸਕੀ।ਅੱਜ ਧਰਨੇ ਵਿੱਚ ਜਿਲ੍ਹਾ ਬਠਿੰਡਾ ਅਤੇ ਮੁਕਤਸਰ ਦੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਆਗੂਆਂ ਵੀਰਪਾਲ ਕੌਰ ਸਿਧਾਣਾ, ਕੁਲਦੀਪ ਸਿੰਘ ਪਾਬਲਾ, ਧੀਰਜ ਕੁਮਾਰ ਮੁਕਤਸਰ, ਸੁਨੀਲ ਯਾਦਵ ਮੁਕਤਸਰ ਅਤੇ ਗੁਰਤੇਜ ਸਿੰਘ ਟਾਂਡੀਆ ਨੇ ਕਿਹਾ ਕਿ ਹੁਣ ਅਸੀਂ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਾਂਗੇ।ਆਪਣੇ ਹੱਕਾਂ ਦੀ ਪੂਰਤੀ ਖਾਤਰ ਚਾਹੇ ਸਾਨੂੰ ਜੇਲ੍ਹਾਂ ਵਿੱਚ ਹੀ ਕਿਉਂ ਨਾਂ ਜਾਣਾ ਪਵੇ।ਇਹ ਸੰਘਰਸ਼ ਹੁਣ ਪੰਜਾਬ ਸਰਕਾਰ ਨੂੰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨ ਦੇਵੇਗਾ।ਉਨ੍ਹਾਂ ਕਿਹਾ ਕਿ ਇਸ ਸੂਬਾ ਸਰਕਾਰ ਲਈ ਬੜੀ ਨਿਮੋਸ਼ੀ ਵਾਲਾ ਗੱਲ ਹੈ, ਜੋ ਗੁਰੂ ਸਮਾਨ ਦਰਜ਼ਾ ਪ੍ਰਾਪਤ ਅਧਿਆਪਕ ਆਪਣੇ ਹੱਕਾਂ ਲਈ ਸੜਕਾਂ ਤੇ ਰੁੱਲ ਰਿਹਾ ਹੈ।ਯੂਨੀਅਨ ਆਗੂਆਂ ਦਰਸ਼ਨ ਸਿੰਘ ਮਾਨਸਾ, ਜਸਵਿੰਦਰ ਜੱਸੀ ਫਰੀਦਕੋਟ, ਰਣਵੀਰ ਕੌਰ ਬਠਿੰਡਾ, ਕੁਲਵੰਤ ਸਿੰਘ ਜਗ੍ਹਾ, ਰਾਮ ਸਿੰਘ ਮੋਗਾ, ਦਰਸ਼ਨ ਸਿੰਘ ਕੁਸਲਾ, ਅੰਮਿਤ ਕੁਮਾਰ ਬਠਿੰਡਾ ਅਤੇ ਮੁਨੀਸ਼ ਕੁਮਾਰ ਫਰੀਦਕੋਟ ਨੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਨੂੰ ਕਾਫਲੇ ਬੰਨ ਕੇ ਬਠਿੰਡਾ ਵੱਲ ਕੂਚ ਕਰਨ ਦੀ ਅਪੀਲ ਕਰਦੇ ਹੋਏ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਛੇਤੀ ਹੀ ਕੋਈ ਠੋਸ ਫੈਸਲਾ ਕੀਤਾ ਤਾਂ ਅਧਿਆਪਕ ਕਿਸੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਮਜ਼ਬੂਰ ਹੋਣਗੇ।ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media