ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਸ਼ਹਿਰ ਗਾਇਕੀ ਦਾ ਗੜ੍ਹ। ਇਸ ਧਰਤੀ ਤੋਂ ਆਪਣੀ ਗਾਇਕੀ ਦਾ ਸਫਰ ਸ਼ੁਰੂ ਕਰਕੇ ਅਨੇਕਾਂ ਹੀ ਪੰਜਾਬੀ ਗਾਇਕਾਂ ਨੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ। ਇਸੇ ਸ਼ਹਿਰ ਵਿਚ ਜਨਮੇ ਜੈਜ਼ਿਮ ਸ਼ਰਮਾ ਨੇ ਇਕ ਹਿੰਦੀ ਪ੍ਰਾਈਵੇਟ ਚੈਨਲ ਦੇ ਸ਼ੋਅ ਵਿਚ ‘ਸ਼ਹਿਜਾਦਾ-ਏ-ਗ਼ਜ਼ਲ’ ਦਾ ਖਿਤਾਬ ਜਿੱਤ ਕੇ ਆਪਣੀ ਗਾਇਕੀ ਨੂੰ ਪੇਸ਼ੇ ਵਜੋਂ ਅਪਨਾਉਣ ਦਾ ਫੈਸਲਾ ਲਿਆ। ਜੈਜ਼ਿਮ ਸ਼ਰਮਾ ਦੀ ਆਵਾਜ ‘ਡੇਢ ਇਸ਼ਕੀਆ’ ਫਿਲਮ ਵਿਚ ਗਾਈ ਕਵਾਲੀ ‘ਕਿਆ ਹੋਗਾ’ ਰਾਹੀਂ ਪਹਿਲਾਂ ਹੀ ਬਾਲੀਵੁੱਡ ਵਿਚ ਗੂੰਜ ਚੁੱਕੀ ਹੈ। ਹੁਣ ਜੈਜ਼ਿਮ ਨੇ ਆਪਣੇ ਸ਼ਹਿਰ ਦਾ ਹੀ ਨਹੀਂ ਸਗੋਂ ਪੰਜਾਬ ਦੇ ਨਾਮ ਨੂੰ ਚਮਕਾਇਆ, ਜਦੋਂ ਉਸਨੂੰ ਸੂਫੀ ਗਾਇਕੀ ਦੇ ਬੇਤਾਜ ਬਾਦਸ਼ਾਹ ਜਨਾਬ ਰਾਹਤ ਫਤਿਹ ਅਲੀ ਖਾਨ ਸਾਹਿਬ ਨਾਲ ਗਾਉਣ ਦਾ ਮੌਕਾ ਮਿਲਿਆ। ਨਵੀਂ ਆ ਰਹੀ ਹਿੰਦੀ ਫਿਲਮ ‘ਜੁਗਨੀ’ ਦੇ ਲਈ ਗਾਈ ਗਈ ਕਵਾਲੀ ‘ਜ਼੍ਰਰੇ ਜ਼੍ਰਰੇ ਮੇਂ ਨੂਰ ਭਰਾ’ ਦੇ ਵਿਚ ਜਨਾਬ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ ਜੈਜ਼ਿਮ ਦੀ ਆਵਾਜ ਵੀ ਦਰਸ਼ਕਾਂ ਨੂੰ ਸੁਣਨ ਨੂੰ ਮਿਲ ਰਹੀ ਹੈ। ਸੋਨੀ ਮਿਊਜ਼ਿਕ ਵਲੋਂ ਰੀਲੀਜ ਕੀਤੀ ਗਈ ਇਸ ਕਵਾਲੀ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੈਜ਼ਿਮ ਨੇ ਦਸਿਆ ਕਿ ਖਾਨ ਸਾਹਿਬ ਨਾਲ ਗਾਉਣ ਲਈ ਜਦੋਂ ਉਹਨਾਂ ਨੂੰ ਆਫਰ ਆਈ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਕਿਉਂ ਕਿ ਐਡੇ ਵੱਡੇ ਨਾਮੀ ਗਾਇਕ ਨਾਲ ਗਾਉਣ ਦਾ ਮੌਕਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ।ਉਹਨਾਂ ਦਸਿਆ ਕਿ ਇਸ ਕਵਾਲੀ ਦੇ ਲਾਂਚ ਤੋਂ ਬਾਅਦ ਉਸਨੂੰ ਕਾਫੀ ਫਿਲਮਾਂ ਲਈ ਆਫਰ ਆਉਣੇ ਸ਼ੁਰੂ ਹੋ ਗਏ ਹਨ।ਜਲਦੀ ਹੀ ਕੁਝ ਹੋਰ ਹਿੰਦੀ ਫਿਲਮਾਂ ਦੇ ਵਿਚ ਉਹਨਾਂ ਦੀ ਆਵਾਜ ਸੁਣਾਈ ਦੇਵੇਗੀ। ਜੈਜ਼ਿਮ ਨੇ ਕਿਹਾ ਕਿ ਬੇਸ਼ਕ ਉਹ ਅੱਜ ਮੁੰਬਈ ਵਿਚ ਰਹਿ ਰਹੇ ਹਨ ਪਰ ਉਹਨਾਂ ਦੇ ਦਿਲ ਵਿਚ ਅੱਜ ਵੀ ਪੰਜਾਬ ਵਸਦਾ ਹੈ ਅਤੇ ਪੰਜਾਬੀ ਭਾਸ਼ਾ ਲਈ ਬੇ-ਪਨਾਹ ਪਿਆਰ ਹੈ। ਗਜ਼ਲ ਗਾਇਕੀ ਤੋਂ ਪਹਿਚਾਣ ਬਣਾ ਕੇ ਬਾਲੀਵੁੱਡ ਵਿਚ ਪਹੁੰਚਿਆ ਜੈਜ਼ਿਮ ਪੰਜਾਬੀ ਸਰੋਤਿਆਂ ਲਈ ਵੀ ਜਲਦੀ ਹੀ ਪੰਜਾਬੀ ਸੂਫੀ ਗੀਤਾਂ ਦੀ ਐਲਬਮ ਲੈ ਕੇ ਆ ਰਿਹਾ ਹੈ। ਆਪਣੇ ਕੈਰੀਅਰ ਦੇ ਵਿਚ ਜਿਥੇ ਜੈਜ਼ਿਮ ਆਪਣੇ ਉਸਤਾਦ ਮਰਹੂਮ ਵਿਜੈ ਸੱਚਦੇਵਾ ਦਾ ਅਹਿਮ ਰੋਲ ਮੰਨਦਾ ਹੈ ਉਥੇ ਹੀ ਸੁਨੀਲ ਸੇਠ ਅਤੇ ਨਾਮੀ ਗਜ਼ਲ ਲੇਖਿਕਾ ਅਮੀਤਾ ਪਰਸ਼ੂਰਾਮ ਮੀਤਾ ਦਾ ਵੀ ਵੱਡਾ ਰੋਲ ਸਮਝਦਾ ਹੈ, ਜਿਹਨਾਂ ਦੀ ਬਦੋਲਤ ਉਹ ਗਜ਼ਲ ਗਾਇਕੀ ਵਿਚ ਆਪਣੇ ਆਪ ਨੂੰ ਸਥਾਪਿਤ ਕਰ ਪਾਇਆ ਹੈ ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media