
ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਜਨਵਾਦੀ ਲੇਖਕ ਸੰਘ ਅਤੇ ਕਹਾਣੀ ਮੰਚ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ਤੇ ਸਾਹਿਤਕ ਗੋਸ਼ਟੀ ਦੌਰਾਨ ਚਰਚਿਤ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਆਪਣੀ ਨਵੀਂ ਲਿਖੀ ਕਹਾਣੀ ”ਤ੍ਰਿਕਾਲ-ਸੰਧਿਆ” ਇਸ ਸਾਹਿਤਕ ਮਹਿਫਲ ਵਿੱਚ ਪੜ੍ਹ ਕੇ ਸੁਣਾਈ। ਜਿਸ ਉਪਰੰਤ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ, ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਬਾਸਰਕੇ ਤੋਂ ਇਲਾਵਾ ਹਰਭਜਨ ਖੇਮਕਰਨੀ, ਮਨਮੋਹਨ ਸਿੰਘ ਢਿੱਲੋਂ, ਹਰਜੀਤ ਸੰਧੂ, ਡਾ. ਪਰਮਜੀਤ ਸਿੰਘ ਬਾਠ, ਡਾ. ਕਸ਼ਮੀਰ ਸਿੰਘ, ਰਾਜ ਕੁਮਾਰ ਰਾਜ, ਬਰਕਤ ਵੋਹਰਾ ਅਤੇ ਰਵੀ ਠਾਕੁਰ ਆਦਿ ਸਾਹਿਤਕਾਰ ਵਿਦਵਾਨਾਂ ਨੇ ਚਰਚਾ ਕਰਦਿਆਂ ਕਿਹਾ ਕਿ ਕਹਾਣੀ ਤ੍ਰਿਕਾਲ-ਸੰਧਿਆ ਮਨੁੱਖੀ ਰਿਸ਼ਤਿਆਂ ਦੀਆਂ ਬਰੀਕ ਤੰਦਾਂ ਨਾਲ ਜੁੜੇ ਬੁਨਿਆਦੀ ਸਵਾਲਾਂ ਨੂੰ ਅਸਲੋਂ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕਰਦੀ ਹੈ।ਕਹਾਣੀ ਰਾਹੀਂ ਘਰ ਅਤੇ ਪਰਿਵਾਰ ਵਿੱਚ ਔਰਤ ਦੀ ਹੋਂਦ ਤੇ ਅਣਹੋਂਦ ਦੇ ਰੋਲ ਬਾਰੇ ਸਹੀ ਦ੍ਰਿਸ਼ਟੀਕੋਣ ਤੋਂ ਚਿਤਰਨ ਦਾ ਯਤਨ ਕੀਤਾ ਹੈ ਅਤੇ ਕਹਾਣੀ ਅੰਦਰ ਮਨੁੱਖੀ ਜੀਵਨ ਦੇ ਹਾਂ ਪੱਖੀ ਸਰੋਕਾਰਾਂ ਨੂੰ ਕਿਤੇ ਵੀ ਮਨਫ਼ੀ ਨਹੀਂ ਹੋਣ ਦਿੱਤਾ। ਦੀਪ ਦਵਿੰਦਰ ਨੇ ਆਪਣੀ ਕਥਾ ਦ੍ਰਿਸ਼ਟੀ ਰਾਹੀਂ ਜੀਵਨ ਦੇ ਅੰਤਰ ਸਬੰਧਾਂ ਨੂੰ ਪੇਸ਼ ਕਰਦਿਆਂ ਜਿੱਥੇ ਆਦਮੀ ਉਦੇੜ੍ਹ ਉਮਰ ਵਿੱਚ ਬੇਵਕਤੀ ਮਰੀ ਪਤਨੀ ਦੇ ਸੰਤਾਪ ਵਿੱਚੋਂ ਉਪਜੀਆਂ ਸਰੀਰਕ ਅਤੇ ਪਰਿਵਾਰਿਕ ਗੁੰਝਲਾਂ ਦਾ ਹੱਲ ਤਲਾਸ਼ਦਾ ਹੈ, ਉਥੇ ਜਵਾਨੀ ਦੀ ਦਹਿਲੀਜ਼ ਵਿੱਚ ਪਹੁੰਚੇ ਬੱਚੇ ਬਾਪ ਦੇ ਅਜਿਹੇ ਫੈਸਲਿਆਂ ਦੀ ਰੌਸ਼ਨੀ ਵਿੱਚ ਘਰ ਅਤੇ ਸਮਾਜ ਵਿੱਚ ਹੋਣ ਵਾਲੀ ਹੇਠੀ ਦੀ ਵਜ੍ਹਾ ਕਰਕੇ ਤਕਰਾਰ ਅਤੇ ਟਕਰਾਅ ਦੀ ਸਥਿਤੀ ਵਿੱਚ ਰਹਿਣ ਦੇ ਬਾਵਜੂਦ ਕਹਾਣੀ ਅੰਦਰਲੀ ਰੌਚਕਤਾ ਅੰਤ ਤੀਕ ਬਰਕਰਾਰ ਰਹਿੰਦੀ ਹੈ।
ਇਸ ਸਾਹਿਤਕ ਮਹਿਫਲ ਵਿੱਚ ਸ਼ਾਇਰ ਦੇਵ ਦਰਦ, ਰਾਜ ਕੁਮਾਰ ਰਾਜ, ਹਰਭਜਨ ਖੇਮਕਰਨੀ, ਰਵੀ ਠਾਕੁਰ ਅਤੇ ਡਾ. ਪਰਮਜੀਤ ਸਿੰਘ ਬਾਠ ਨੇ ਵੀ ਆਪਣੀਆਂ ਨਜ਼ਮਾਂ ਅਤੇ ਗਜ਼ਲਾਂ ਪੜ੍ਹੀਆਂ।
Punjab Post Daily Online Newspaper & Print Media