ਬਠਿੰਡਾ, 16 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦਸਵੀਂ ਪਾਤਿਸ਼ਾਹੀ ਦੇ ਪ੍ਰਕਾਸ਼ ਉਤਸਵ ਪੂਰਨ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਹਾਜੀ ਰਤਨ ਅਤੇ ਇਤਿਹਾਸਕ ਗੁਰਦੁਆਰਾ ਕਿਲ੍ਹਾ ਮੁਬਾਰਕ ਪਾਤਸ਼ਾਹੀ ਦਸਵੀਂ ਸਾਹਿਬ ਵਿਖੇ ਮਨਾਇਆ ਗਿਆ।ਸੰਗਤਾਂ ਨੇ ਪਵਿੱਤਰ ਸਰੋਵਰ ਵਿਚ ਠੰਡ ਦੇ ਬਾਵਜੂਦ ਵੀ ਸ਼ਰਧਾ ਨਾਲ ਇਸ਼ਨਾਨ ਕੀਤੇ। ਇਸ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ 14 ਜਨਵਰੀ(22 ਪੋਹ) ਨੂੰ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਅਰੰਭ ਕੀਤੇ ਜਾਣ ਉਪਰੰਤ ਅੱਜ 16 ਜਨਵਰੀ (24 ਪੋਹ)ਨੂੰ ਭੋਗ ਪਾਉਣ ਉਪਰੰਤ ਵਿਸ਼ਾਲ ਧਾਰਮਿਕ ਸਮਾਗਮ ਸਜਾਏ।ਜਿਨ੍ਹਾਂ ਵਿਚ ਹਜ਼ੂਰੀ ਰਾਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੁਰੀ ਰਾਗੀ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਢਾਡੀ ਜੱਥਿਆਂ ਵਲੋਂ ਇਤਿਹਾਸਕ ਵਾਰਾਂ ਅਤੇ ਕਵੀਸ਼ਰੀ ਜੱਥਿਆ ਵਲੋਂ ਵੀਰ ਰੱਸ ਭਰਪੂਰ ਕਾਵਿ ਸੁਨਣਾ ਕੇ ਸੰਗਤਾਂ ਨੂੰ ਗੁਰਮਤਿ ਗਿਆਨ ਅਤੇ ਇਤਿਹਾਸਕ ਸਾਖੀਆਂ ਨਾਲ ਨਿਹਾਲ ਕੀਤਾ ਗਿਆ।ਇਸ ਤੋਂ ਇਲਾਵਾ ਸ਼ਹਿਰ ਦੇ ਹਰ ਇਕ ਗੁਰੂ ਘਰ, ਸੇਵਾ ਸੁਸਾਇਟੀਆਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਵੀ ਧਾਰਮਿਕ ਸਮਾਗਮ ਅਤੇ ਲੰਗਰ ਆਯੋਜਿਤ ਕੀਤੇ ਗਏ।
ਸ਼ਹੀਦ ਭਾਈ ਮਤੀ ਦਾਸ ਨਗਰ
ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਸਜਾਏ ਗਏ।ਜਿਸ ਵਿਚ ਮੁੱਖ ਗ੍ਰੰਥੀ ਵਲੋਂ ਕਥਾ ਵਿਚਾਰ, ਹਜੂਰੀ ਰਾਗੀ ਵਲੋਂ ਸਬਦ ਗਾਇਣ ਅਤੇ ਢਾਡੀ ਜੱਥੇ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨੀ ਭਰਪੂਰ ਵੀਰ ਰੱਸ ਕਵਿਤਾਵਾ ਗਾਇਣ ਕੀਤੀਆਂ ਗਈਆ। ਮੁੱਖ ਸੇਵਾਦਾਰ ਭਾਈ ਬਿਕਰਮ ਸਿੰਘ ਵਲੋਂ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ।
ਸ੍ਰੀ ਗੁਰੂ ਸਿੰਘ ਸਭਾ ਸਾਹਿਬ
ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਗੁਰਸੇਵਕ ਸਿੰਘ ਹਜ਼ੂਰੀ ਰਾਗੀ ਜਥੇ ਵਲੋਂ ਗੁਰੂ ਸਾਹਿਬ ਦੀਆਂ ਰਚਨਾਵਾਂ ਅਕਾਲ ਉਸਤਤ, ਬਚਿੱਤਰ ਨਾਟਕ ਪੜ੍ਹ ਕੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਮੁੱਖ ਸੇਵਾਦਾਰ ਰਾਜਿੰਦਰ ਸਿੰਘ ਅਤੇ ਮੈਨੇਜਰ ਸੁਰਿੰਦਰ ਸਿੰਘ ਵਲੋਂ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਅਤੇ ਗੁਰੂ ਸਾਹਿਬ ਦੇ ਉਪਦੇਸ਼ ਬਾਰੇ ਜਾਣਕਾਰੀ ਦਿੱਤੀ।
ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ
ਸਾਹਿਬ-ਏ-ਕਮਾਲ, ਸਰਬੰਸਦਾਨੀ, ਦਸਮ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਅੱਜ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। 14 ਜਨਵਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਪ੍ਰਾਰੰਭ ਕਰਵਾਉਂਣ ਉਪਰੰਤ ਜਿਨ੍ਹਾਂ ਦੇ ਅੱਜ ਭੋਗ ਪਏ, ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਗੁਰਨੇਕ ਸਿੰਘ ਸੰਗਰਾਹੂਰ ਵਾਲਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਨਾਲ ਸਬੰਧਤ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਹਨ ਪਰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ ਪੜ੍ਹਨ ਦੀ ਬਜਾਏ ਪੈਸੇ ਦੇ ਕੇ ਪੜ੍ਹਾਉਨੇ ਹਾਂ ਜਿਸ ਕਰਕੇ ਅਸੀਂ ਗੁਰੂ ਅਤੇ ਗੁਰੂ ਸਿਧਾਂਤ ਤੋਂ ਦੂਰ ਜਾ ਰਹੇ ਹਾਂ। ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਦੇ ਜਥੇ ਦੁਆਰਾ ਰਸਭਿੰਨਾ ਕੀਰਤਨ ਕੀਤਾ। ਇਸ ਤੋਂ ਇਲਾਵਾ ਬੀਬੀਆਂ ਅਤੇ ਬੱਚਿਆਂ ਵੱਲੋਂ ਵੀ ਕੀਰਤਨ ਕੀਤਾ ਗਿਆ ਅਤੇ ਬਾਬਾ ਮਲੂਕ ਸਿੰਘ ਵੱਲੋਂ ਕਵਿਤਾਵਾਂ ਪੜ੍ਹੀਆਂ ਗਈਆਂ। ਗੁਰਪੁਰਬ ਮੌਕੇ ਸੰਗਤਾਂ ਦੇ ਨਾਮ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਵੀ ਵਧਾਈ ਭੇਜੀ ਗਈ। ਹੈੱਡ ਗ੍ਰੰਥੀ ਭਾਈ ਜਗਦੀਸ਼ ਸਿੰਘ ਦੁਆਰਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
Punjab Post Daily Online Newspaper & Print Media