ਬਠਿੰਡਾ ਦੇ 29 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ‘ਚ ਹੋਈ ਬੰਦ

ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਭਾਰਤ ਦੀ 16 ਵੀਂ ਲੋਕ ਸਭਾ ਲਈ ਵੋਟਾਂ ਦੌਰਾਨ ਜ਼ਿਲ੍ਹੇ ਦੇ ਵੋਟਰਾਂ ਨੂੰ ਆਪਣੇ ਮੱਤ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਵੋਟਰਾਂ ਦੀ ਸਹੂਲਤ ਤੇ ਸਹਿਯੋਗ ਲਈ ਬਠਿੰਡਾ ਲੋਕ ਸਭਾ ਹਲਕੇ ਦੇ 60 ਪੋਲਿੰਗ ਬੂਥਾਂ ਸਥਾਪਤ ਕੀਤੇ ਗਏ ਸਨ। ਲੋਕਾਂ ਵਿਚ ਵੋਟ ਪਾਉਣ ਦਾ ਰੁਝਾਣ ਬਹੁਤ ਹੀ ਵਧੀਆਂ ਅਤੇ ਤੱਸਲੀ ਬਖ਼ਸ ਰਿਹਾ ਜਿਸ ਕਾਰਨ ਕੁਲ ਵੋਟ 70/75ਪ੍ਰਤੀਸ਼ਤ ਪੋਲ ਹੋਈ, ਲੇਕਿਨ ਕੁਝ ਸ਼ਹਿਰੀ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਥਾਵਾਂ ‘ਤੇ ਇੱਕਾ ਦੂੱਕਾ ਘਟਨਾਵਾਂ ਦੇ ਕਾਰਨ ਮਾਹੌਲ ਗਰਮ ਹੋ ਗਿਆ। ਸਰਕਲ ਕੋਟ ਫੱਤਾ ਅਧੀਨ ਪੈਂਦੇ ਪਿੰਡ ਕੋਟ ਸ਼ਮੀਰ ,ਕੋਟ ਫੱਤਾ, ਧੰਨ ਸਿੰਘ ਖਾਨਾ, ਗਹਿਰੀ ਭਾਗੀ,ਕਟਾਰ ਸਿੰਘ ਵਾਲਾ,ਗੁਲਾਬਗੜ੍ਹ, ਜੱਸੀ ਪੌ ਵਾਲੀ, ਫੂਸ ਮੰਡੀ,ਭਾਗੂ ਅਤੇ ਜੋਧਪੁਰ ਰੋਮਾਣਾ ਵਿੱਚ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਅਮਨ ਅਮਾਨ ਨਾਲ ਸ਼ੁਰੂ ਹੋ ਗਿਆ। ਪਿੰਡ ਕੋਟ ਸ਼ਮੀਰ ਵਿਖੇ ਸਰਪੰਚ ਗੁਰਦੀਪ ਸਿੰਘ ਕੋਟ ਸ਼ਮੀਰ ਮੈਂਬਰ ਜਿਲ੍ਹਾ ਪ੍ਰੀਸ਼ਦ ਨੇ 107 ਨੰਬਰ ਬੂਥ ਅੰਦਰ ਸਾਥੀਆਂ ਸਮੇਤ ਪੁੱਜ ਕੇ ਪਹਿਲੀ ਵੋਟ ਦਾ ਭੁਗਤਾਨ ਕੀਤਾ ਅਤੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਨੇ ਪਰਿਵਾਰ ਸਮੇਤ 105 ਨੰਬਰ ਬੂਥ ਵਿੱਚ ਪਹਿਲੀ ਵੋਟ ਪਾਈ। ਕੋਟ ਸ਼ਮੀਰ ਦੇ 105 ਨੰਬਰ ਬੂਥ ਦੀ ਵੋਟਿੰਗ ਮਸ਼ੀਨ ਪਹਿਲੀ ਵੋਟ ਦੇ ਭੁਗਤਾਨ ਤੋਂ ਪਹਿਲੇ ਹੀ ਖਰਾਬ ਹੋ ਗਈ ਜਿਸ ਕਾਰਨ ਵੋਟਿੰਗ ਤਕਰੀਬਨ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋ ਸਕੀ। ਅਕਾਲੀ ਅਤੇ ਕਾਂਗਰਸ ਦੇ ਪੋਲਿੰਗ ਬੂਥਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥਾਂ ਤੇ ਵੀ ਨੌਜਵਾਨਾਂ ਦੀ ਗਹਿਮਾ ਗਹਿਮੀ ਰਹੀ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ। ਸਰਕਲ ਦੇ ਸਮੂਹ ਪਿੰਡਾਂ ਵਿੱਚ ਵੋਟਾਂ ਅਮਨ ਅਮਾਨ ਅਤੇ ਭਾਈਚਾਰਕ ਸਾਂਝ ਨਾਲ ਪਈਆਂ ਕਿਤੇ ਕੋਈ ਅਣਸੁਖਾਂਵੀ ਘਟਨਾ ਵਾਪਰਨ ਦੀ ਕੋਈ ਖਬਰ ਨਹੀਂ ਮਿਲੀ।
Punjab Post Daily Online Newspaper & Print Media