
ਸੰਦੌੜ, 23 ਜਨਵਰੀ (ਹਰਮਿੰਦਰ ਸਿੰਘ ਭੱਟ)- ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਸਥਾਨਕ ਆਬਾਨ ਪਬਲਿਕ ਸਕੂਲ, ਆਲਮਾਈਟੀ ਪਬਲਿਕ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਅਤੇ ਹੈਲਥ ਐਂਡ ਐਜ਼ੂਕੇਸ਼ਨਲ ਲਾਈਫ ਆਰਗੇਨਾਈਜ਼ੇਸ਼ਨ ਦੇ ਵਲੰਟਿਅਰਜ਼ ਨੇ ਸ਼ਹਿਰ ਵਿੱਚ ਸੱਟਾ ਚੌਂਕ ਤੋਂ 786 ਚੌਂਕ ਹੁੰਦੇ ਹੋਏ ਮਾਨਾ ਫਾਟਕ ਤੱਕ ਇੱਕ ਜਾਗਰੂਕਤਾ ਚੇਤਨਾ ਰੈਲੀ ਕੱਢੀ। ਇਸ ਰੈਲੀ ਨੂੰ ਮੁਹੰਮਦ ਅਸ਼ਰਫ ਡਾਈਰੈਕਟਰ ਆਬਾਨ ਪਬਲਿਕ ਸਕੂਲ ਅਤੇ ਮੁਹੰਮਦ ਸ਼ਫੀਕ ਪ੍ਰਿੰਸੀਪਲ ਆਲਮਾਈਟੀ ਪਬਲਿਕ ਸਕੂਲ ਜਮਾਲਪੁਰਾ ਨੇ ਵਾਇਸ ਪ੍ਰਿਸੀਪਲ ਯਸ਼ਪ੍ਰੀਤ ਕੌਰ ਹੈਡ ਟੀਚਰ ਰੁਖਸਾਰ ਬਾਨੋ ਦੀ ਅਗਵਾਈ ਵਿੱਚ ਰਵਾਨਾ ਕੀਤਾ। ਇਸ ਚੇਤਨਾ ਰੈਲ ਵਿੱਚ 6ਵੀਂ ਤੋਂ +2 ਕਲਾਸ ਦੇ ਵਿਦਿਆਰਥੀਆਂ ਅਤੇ ਹੈਲੋ ਐਨ ਜੀ ਓ ਦੇ ਵਲੰਟਿਅਰਜ਼ ਨੇ ਭਾਗ ਲਿਆ। ਰੈਲੀ ਵਿੱਚ ਬੱਚਿਆਂ ਨੇ ਵੱਖਵੱਖ ਤਰ੍ਹਾਂ ਦੇ ਸਲੋਗਨ ਵਾਲੀਆਂ ਤਖਤੀਆਂ ਪੇਸ਼ ਕੀਤੀਆਂ। ਜਿਵੇਂ ਕਿ ਭਰੂਣ ਹੱਤਿਆ ਰੋੋਕੋ, ਬਿਜਲੀ ਦੀ ਬੱਚਤ ਕਰੋ, ਧੂਮਰਪਾਨ ਮਤ ਕਰੋ, ਪਾਣੀ ਦੀ ਬੱਚਤ ਕਰੋ, ਦਰੱਖਤਾਂ ਨੂੰ ਬਚਾਉ, ਧਰਤੀ ਬਚਾਉ ਆਪਣਾ ਭਵਿੱਖ ਬਚਾਉ, ਭ੍ਰਿਸ਼ਟਾਚਾਰ ਖਤਮ ਕਰੋ, ਅਣਪੜਤਾ ਦੂਰ ਕਰੋ, ਇੱਜ਼ਤ ਦਿਉ ਇੱਜ਼ਤ ਪਾਓ, ਖੂਨ ਦਾਨ ਕਰੋ, ਨਮਾਜ਼ ਇਸਲਾਮ ਦਾ ਥੰਮ੍ਹ ਹੈ ਆਦਿ, ਤਾਂ ਜੋ ਇਹਨਾਂ ਸਮਾਜਿਕ ਕੁਰੀਤੀਆਂ ਨੂੰ ਖਤਮ ਕੀਤਾ ਜਾ ਸਕੇ। ਬੱਚਿਆਂ ਵੱਲੋ ਕੱਢੀ ਇਹ ਰੈਲੀ ਸੱਟਾ ਚੌਕ ਤੋਂ ਲੈ ਕੇ ਮਾਨਾ ਫਾਟਕ ਤੱਕ ਰਾਹ ਚਲਦੇ ਲੋਕਾਂ ਦੀ ਖਿਚ ਦਾ ਕੇਂਦਰ ਬਣੀ ਰਹੀ। ਸ਼ਹਿਰ ਦੇ ਕਈ ਮੋਹਤਬਰ ਲੋਕਾਂ ਨੇ ਇਸ ਰੈਲੀ ਦੀ ਸ਼ਰਾਹਣਾ ਕੀਤੀ।
Punjab Post Daily Online Newspaper & Print Media