
ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ) – ਭਾਰਤ ਸਰਕਾਰ ਦੇ ਜਲ ਸੰਸਾਧਨ ਅਤੇ ਨਦੀਆਂ ਦੇ ਵਿਕਾਸ ਲਈ ਮੰਤਰਾਲੇ ਵੱਲੋਂ ਲੋਕਾਂ ਨੂੰ ਪਾਣੀ ਦੇ ਮਹੱਤਵ ਅਤੇ ਇਸ ਦੀ ਸੰਭਾਲ ਪ੍ਰਤੀ ਜਾਗਰੁਕ ਕਰਨ ਲਈ ਜ਼ਿਲ੍ਹਾ ਅਤੇ ਫਿਰ ਰਾਜ ਪੱਧਰ ਤੇ ਆਯੋਜਿਤ ਚਿੱਤਰਕਾਰੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ।ਅੰਮ੍ਰਿਤਸਰ ਵਿਖੇ ਆਯੋਜਿਤ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਕੂਲ ਦੇ ਤਿੰਨ ਵਿਦਿਆਰਥੀ ਜਸ਼ਨਪ੍ਰੀਤ ਸਿੰਘ, ਮਨਪ੍ਰੀਤ ਕੌਰ ਅਤੇ ਅਰੁਣਪ੍ਰੀਤ ਕੌਰ ‘ਜਲ ਸੋਮਿਆਂ ਦਾ ਪ੍ਰਦੂਸ਼ਣ’ ਵਿਸ਼ੇ ਸੰਬੰਧੀ ਚਿੱਤਰ ਬਣਾ ਕੇ ਮੁਕਾਬਲੇ ਵਿੱਚ ਸ਼ਾਮਲ 4,500 ਵਿਦਿਆਰਥੀਆਂ ਵਿੱਚ ਜੇਤੂ ਰਹੇ । ਇਹਨਾਂ ਵਿਦਿਆਰਥੀਆਂ ਨੇ 1,000 ਰੁਪਏ ਦਾ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਹਾਸਲ ਕੀਤਾ ਅਤੇ ਇਹ ਵਿਦਿਆਰਥੀ ਰੋਪੜ ਵਿਖੇ ਹੋਣ ਵਾਲੇ ਰਾਜ ਪੱਧਰ ਦੇ ਮੁਕਾਬਲੇ ਲਈ ਚੁਣੇ ਗਏ । ਮਿਤੀ 22 ਜਨਵਰੀ, 2016 ਨੂੰ ਰੋਪੜ ਵਿਖੇ ਆਯੋਜਿਤ ਰਾਜ ਪੱਧਰ ਦੇ ਮੁਕਾਬਲੇ ਵਿੱਚ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ‘ਜਲ ਸੰਰਖਿਅਣ’ ਵਿਸ਼ੇ ਸੰਬੰਧੀ ਚਿੱਤਰ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਸਨੇ 5,000 ਰੁਪਏ ਦਾ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ । ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਹੁਣ ਇਹ ਵਿਦਿਆਰਥਣ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਭਾਗ ਲੈਣ ਲਈ ਜਾਵੇਗੀ । ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸz: ਚਰਨਜੀਤ ਸਿੰਘ, ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ, ਜੀ. ਟੀ. ਰੋਡ ਸਕੂਲ ਦੇ ਮੈਂਬਰ ਇੰਚਾਰਜ ਸ: ਹਰਮਿੰਦਰ ਸਿੰਘ, ਸ: ਨਵਪ੍ਰੀਤ ਸਿੰਘ, ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਕੌਰ ਵੱਲੋਂ ਇਹਨਾਂ ਵਿਦਿਆਰਥੀਆਂ ਅਤੇ ਇਹਨਾਂ ਦੀਆਂ ਕਲਾ ਅਧਿਆਪਕਾਵਾ ਸ੍ਰੀਮਤੀ ਮਨਜੀਤ ਕੌਰ ਓਬਰਾਏ, ਸ੍ਰੀਮਤੀ ਮਨਜਿੰਦਰ ਕੌਰ ਅਤੇ ਨਵਲਪ੍ਰੀਤ ਕੌਰ ਨੂੰ ਵਧਾਈ ਦਿੱਤੀ ਗਈ ਅਤੇ ਸਕੂਲ ਪਹੁੰਚਣ ਤੇ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।
Punjab Post Daily Online Newspaper & Print Media