ਮੁੱਖ ਪਾਰਲੀਮਾਨੀ ਸਕੱਤਰ ਬੱਬੇਹਾਲੀ ਨੇ ਲਹਿਰਾਇਆ ਕੌਮੀ ਝੰਡਾ
ਬਟਾਲਾ, 26 ਜਨਵਰੀ (ਨਰਿੰਦਰ ਬਰਨਾਲ) – 67ਵਾਂ ਗਣਤੰਤਰ ਦਿਵਸ ਸਮਾਗਮ ਅੱਜ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੋਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ ਨੇ ਅਦਾ ਕੀਤੀ। ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਸ. ਬੱਬੇਹਾਲੀ ਨੇ ਪਰੇਡ ਦਾ ਮੁਆਇਨਾ ਕੀਤਾ ਅਤੇ ਪਰੇਡ ਕਮਾਂਡਰ ਡੀ.ਐੱਸ.ਪੀ. ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪੁਲਿਸ, ਪੰਜਾਬ ਹੋਮਗਾਰਡ, ਸਿਵਲ ਡਿਫੈਂਸ ਦੇ ਜਵਾਨਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਰਾਹੀਂ ਮੁੱਖ ਮਹਿਮਾਨ ਨੂੰ ਸਲਾਮੀ ਭੇਂਟ ਕੀਤੀ ਗਈ। ਇਸੇ ਦੌਰਾਨ ਐੱਨ.ਸੀ.ਸੀ. ਕੈਡਿਟਾਂ, ਸਕੂਲੀ ਬੈਂਡ ਦੀਆਂ ਟੁਕੜੀਆਂ ਨੇ ਵੀ ਮਾਰਚ ਪਾਸਟ ‘ਚ ਹਿੱਸਾ ਲਿਆ।
ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਪਾਰਲੀਮਾਨੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ ਨੇ ਆਪਣੇ ਸੰਦੇਸ਼ ‘ਚ ਬਟਾਲਾ ਵਾਸੀਆਂ ਨੂੰ 67ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਦੇਸ਼ ਨੇ ਬੜੇ ਫਖਰ ਨਾਲ ਗਣਤੰਤਰ ਦੇ 66 ਵਰ੍ਹੇ ਮੁਕੰਮਲ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਂਵੇ ਸਾਡਾ ਦੇਸ 15 ਅਗਸਤ 1947 ਨੂੰ ਅਜ਼ਾਦ ਹੋ ਗਿਆ ਸੀ ਪਰ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਉਪਰੰਤ ਹੀ ਸਹੀ ਮਾਅਨਿਆਂ ਸਾਡਾ ਦੇਸ਼ ਪੂਰਨ ਗਣਰਾਜ ਬਣਿਆ ਸੀ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਹਰ ਇੱਕ ਨੂੰ ਅਜ਼ਾਦੀ ਤੇ ਬਰਾਬਰੀ ਦਾ ਹੱਕ ਦਿੰਦਾ ਹੈ ਅਤੇ ਸਮੁੱਚੇ ਦੇਸ਼ ਨੂੰ ਇਸ ‘ਤੇ ਮਾਣ ਹੈ।
ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਦਾ ਜਿਕਰ ਕਰਦਿਆਂ ਸ. ਬੱਬੇਹਾਲੀ ਨੇ ਕਿਹਾ ਕਿ ਰਾਜ ਸਰਕਾਰ ਲੋਕਾਂ ਦੀ ਸੇਵਾ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਵੱਚਨਬੱਧ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਸੁਧਾਰ, ਸੇਵਾ ਅਧਿਕਾਰ ਕਾਨੂੰਨ ਸਰਕਾਰ ਦੀਆਂ ਪ੍ਰਮੁੱਖ ਪ੍ਰਾਪਤੀਆਂ ਹਨ।ਇਸ ਮੌਕੇ ਉਨ੍ਹਾਂ ਰਾਜ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਵੀ ਵਿਸਥਾਰ ‘ਚ ਚਰਚਾ ਕੀਤੀ।
ਇਸੇ ਦੌਰਾਨ ਗਣਤੰਤਰ ਦਿਵਸ ਸਮਾਗਮ ਦੀਆਂ ਖੁਸ਼ੀਆਂ ‘ਚ ਵਾਧਾ ਕਰਦੇ ਹੋਏ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।ਇਸ ਤੋਂ ਇਲਾਵਾ ਗਿੱਧਾ ਅਤੇ ਭੰਗੜਾ ਵੀ ਸਮਾਗਮ ਦੇ ਵਿਸ਼ੇਸ਼ ਆਕਰਸ਼ਣ ਰਹੇ। ਸਮਾਗਮ ਦੌਰਾਨ ਸੁਤੰਤਰਤਾ ਸੰਗਰਾਮੀਆਂ ਸ. ਵੱਸਣ ਸਿੰਘ ਗਾਊਂਸਪੁਰਾ, ਅਰਜਨ ਸਿੰਘ ਪੰਡੋਰੀ, ਹੁਕਮ ਸਿੰਘ ਕਾਹਨੂੰਵਾਨ, ਸ੍ਰੀਮਤੀ ਮਹਿੰਦਰ ਕੌਰ ਕਾਦੀਆਂ ਅਤੇ ਸ੍ਰੀਮਤੀ ਕਰਮ ਕੌਰ ਬਟਾਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ ਪਰੇਡ ਅਤੇ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲਿਆਂ ਨੂੰ ਵੀ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਵੱਖ-ਵੱਖ ਖੇਤਰਾਂ ‘ਚ ਉਪਲੱਬਧੀਆਂ ਹਾਸਲ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵੀ ਮੁੱਖ ਮਹਿਮਾਨ ਸ. ਬੱਬੇਹਾਲੀ ਵੱਲੋਂ ਸਨਮਾਨਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਐੱਸ.ਐੱਸ.ਪੀ. ਬਟਾਲਾ ਸ. ਦਿਲਜਿੰਦਰ ਸਿੰਘ ਢਿਲੋਂ, ਐੱਸ.ਡੀ.ਐੱਮ. ਬਟਾਲਾ ਸ੍ਰੀ ਸੌਰਬ ਅਰੋੜਾ ਅਤੇ ਸ. ਲਖਬੀਰ ਸਿੰਘ ਲੋਧੀਨੰਗਲ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਸੁਭਾਸ਼ ਓਹਰੀ, ਤਹਿਸੀਲਦਾਰ ਬਟਾਲਾ ਸ. ਅਰਵਿੰਦਰਪਾਲ ਸਿੰਘ, ਸ. ਬਲਬੀਰ ਸਿੰਘ ਬਿੱਟੂ, ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ, ਮਾਸਟਰ ਕੁਲਦੀਪ ਸ਼ਰਮਾਂ, ਸ਼ਸ਼ੀ ਭੂਸ਼ਨ ਵਰਮਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਮਨਪ੍ਰੀਤ ਸਿੰਘ, ਹਰਬਖਸ਼ ਸਿੰਘ, ਗੁਰਮੁੱਖ ਸਿੰਘ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media