ਸੰਦੌੜ, 8 ਫਰਵਰੀ (ਹਰਮਿੰਦਰ ਸਿੰਘ ਭੱਟ) – ਸ.ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਵਿੱਚ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਵੱਖ-ਵੱਖ ਵਿਭਾਗਾਂ ਦੇ ਅਦਾਰਿਆਂ ਵਿੱਚ ਉਚਿਤ ਸਹੂਲਤਾਂ ਦਾ ਪ੍ਰਬੰਧ ਕਰਨਾ ਹੈ। ਉਚਿਤ ਸਹੂਲਤਾਂ ਦੀ ਘਾਟ ਵਿੱਚ ਕੋਈ ਅਦਾਰਾ ਨਿਯੋਜਿਤ ਉਦੇਸ਼ਾਂ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਪਲਾਨਿਗ ਬੋਰਡ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਸ.ਇਕਬਾਲ ਸਿੰਘ ਝੂੰਦਾਂ ਨੇ ਨੇੜਲੇ ਪਿੰਡ ਸਾਦਤਪੁਰ ਵਿਖੇ ਸੰਤ ਸੁਆਮੀ ਜਵਾਲਾ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਿਲਡਿੰਗ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਸੰਤ ਬਾਬਾ ਪਾਲ ਦਾਸ, ਸਾਬਕਾ ਸਰਪੰਚ ਬਿੱਕਰ ਸਿੰਘ, ਸਕੂਲ ਪ੍ਰਿੰਸੀਪਲ ਤੇ ਸਟਾਫ ਦੀ ਹਾਜ਼ਰੀ ਵਿੱਚ ਵੱਖ-ਵੱਖ ਵਿਦਿਅਕ ਸਟਰੀਮਜ ਲਈ ਸਹੂਲਤਾਂ ਸਬੰਧੀ ਪੰਚਾਇਤ ਮੈਂਬਰਾਂ ਨਾਲ ਗੱਲ ਕਰਦਿਆਂ ਸ. ਝੂੰਦਾਂ ਨੇ ਸਕੂਲ ਦੀਆਂ ਵਿਦਿਅਕ ਅਤੇ ਸਹਿ-ਵਿਦਿਅਕ ਖੇਤਰਾਂ ਵਿੱਚ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਪੰਚਾਇਤ ਮੈਂਬਰ ਗੁਰਦੇਵ ਸਿੰਘ, ਮਿਰਜਾ ਸਿੰਘ, ਚਮਕੋਰ, ਭਰਪੂਰ ਸਿੰਘ, ਬਲਵੰਤ ਸਿੰਘ ਤੇ ਨਜ਼ੀਰ ਸ਼ਾਹ ਨੇ ਸਕੂਲ ਵਿਖੇ ਬਿਲਡਿੰਗ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਲਈ ਸ.ਝੂੰਦਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਨਗਰ ਨਿਵਾਸੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਆਏ ਪਤਵੰਤੇ ਸੱਜਣਾ ਤੋਂ ਇਲਾਵਾ ਪਿੰਡ ਸੰਗਾਲਾ ਤੋਂ ਸਰਪੰਚ ਸ.ਗੁਰਚਰਨ ਸਿੰਘ ਵੀ ਹਾਜ਼ਰ ਸਨ। ਨਗਰ ਪੰਚਾਇਤ ਸਾਦਤਪੁਰ ਦੇ ਮੈਂਬਰਾਂ ਨੇ ਪਿੰਡ ਵਿੱਚ ਝੂੰਦਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਵੀ ਧੰਨਵਾਦ ਕੀਤਾ ਤੇ ਇਨ੍ਹਾਂ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media