
ਅੰਮ੍ਰਿਤਸਰ, 18 ਫਰਵਰੀ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਤੈ੍-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਨੇ ਗੁਰੂ ਗੋਬਿੰਦ ਸਿੰਘ ਸਟੱਡੀਜ਼ ਸਰਕਲ ਵੱਲੋਂ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਦੇ ਕਾਲਜਾਂ ਦੇ ਖ਼ਾਲਸਾਈ ਯੁਵਕ ਮੇਲੇ ਸਮੇਂ ਭਾਸ਼ਨ ਮੁਕਾਬਲੇ ਵਿੱਚ ਮਾਰ੍ਹਕੇ ਮਾਰੇ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁੱਚਜੀ ਅਗਵਾਈ ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਤੈ੍ਰ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਨੇ ਪੜ੍ਹਾਈ ਦੇ ਨਾਲ-ਨਾਲ ਨਿੱਤ ਨਵੀਆਂ ਪੁਲਾਂਘਾ ਪੁੱਟਦੇ ਹੋਏ ਆਪਣਾ ਸ਼ਾਨਾਮਤੀ ਇਤਿਹਾਸ ਸਥਾਪਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਉੱਚ ਪੱਧਰੀ ਵਿਦਿਆ ਦੇ ਨਾਲ-ਨਾਲ ਕਾਲਜ ਦੇ ਵਿਦਿਆਰਥੀਆਂ ਨੇ ਸਮੇਂ-ਸਮੇਂ ਖੇਡਾਂ, ਗੁਰਬਾਣੀ ਕੰਠ, ਕਵਿਤਾ, ਕਵੀਸ਼ਰੀ, ਨਾਟਕ, ਡੀਬੇਟ, ਕੋਰੀਓਗ੍ਰਾਫੀ ਤੇ ਸਕਿਟ (ਕਲਚਰ ਪ੍ਰੋਗਰਾਮ) ਵਿੱਚ ਹਿੱਸਾ ਲੈ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਯੁਵਕ ਮੇਲੇ ਵਿੱਚ ਤਕਰੀਬਨ 30 ਕਾਲਜਾਂ ਨੇ ਹਿੱਸਾ ਲਿਆ ਜਿਸ ਵਿੱਚ ਸਾਡੇ ਕਾਲਜ ਦੀ ਵਿਦਿਆਰਥਣ ਸਿਮਰਨਜੀਤ ਕੌਰ ਐਮ.ਏ. (ਇਕਨਾਮਿਕਸ) ਸਮੈਸਟਰ ਦੂਜਾ ਨੇ ਭਾਸ਼ਨ ਮੁਕਾਬਲੇ ਵਿੱਚ ਪਹਿਲੀਆਂ ਚਾਰ ਪੁਜੀਸ਼ਨਾਂ ਵਿੱਚ ਸਥਾਨ ਹਾਸਲ ਕੀਤਾ।ਉਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਗੋਂ ਵੀ ਉਹ ਇਸੇ ਤਰ੍ਹਾਂ ਮਿਹਨਤ ਕਰਕੇ ਕਾਲਜ ਦਾ ਨਾਮ ਬੁਲੰਦੀਆਂ ਤੇ ਪਹੁੰਚਾਉਣ ਲਈ ਸਿਰਤੋੜ ਯਤਨ ਕਰਨਗੇ।ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਕਾਲਜ ਦੇ ਮਿਹਨਤੀ ਤੇ ਤਜ਼ਰਬੇਕਾਰ ਸਟਾਫ ਨੂੰ ਵੀ ਜਾਂਦਾ ਹੈ।ਇਸ ਮੌਕੇ ਪ੍ਰੋ. ਗੁਰਜੰਟ ਸਿੰਘ ਇੰਚਾਰਜ ਤੇ ਪ੍ਰੋ. ਹਰਜੀਤ ਕੌਰ ਹੈੱਡ ਇਕਨਾਮਿਕਸ ਵਿਭਾਗ ਆਦਿ ਹਾਜ਼ਰ ਸਨ।
Punjab Post Daily Online Newspaper & Print Media