
ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ ਸੱਗੂ)- ਇਕ ਵਧੀਆ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਉਸਾਰੂ ਸੋਚ ਅਪਣਾ ਕੇ ਸਮਾਜਿਕ ਕੁਰੀਤੀਆਂ ਖਿਲਾਫ਼ ਡਟਣਾ ਚਾਹੀਦਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਸ. ਹਰੀ ਸਿੰਘ ਨਲੂਆ ਵੈਲਫੇਅਰ ਐਂਡ ਸਪੋਰਟਸ ਕਲੱਬ, ਵਰਪਾਲ ਕਲਾਂ ਦੇ ਸਹਿਯੋਗ ਨਾਲ ਪਿੰਡ ਵਰਪਾਲ ਵਿਖੇ ਲਗਾਏ ਤਿੰਨ ਰੋਜ਼ਾ ਯੂਥ ਲੀਡਰਸ਼ਿਪ ਕੈਂਪ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਕੈਂਪ ਵਿਚ ਬਲਾਕ ਅਟਾਰੀ ਅਤੇ ਵੇਰਕਾ ਦੀਆਂ 21 ਯੂਥ ਕਲੱਬਾਂ ਦੇ ਨੌਜਵਾਨਾਂ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਨਹਿਰੂ ਯੁਵਾ ਕੇਂਦਰ ਦੇ ਮਾਹਿਰਾਂ ਵੱਲੋਂ ਯੂਥ ਲੀਡਰਸ਼ਿਪ ਅਤੇ ਸਮੁਦਾਇਕ ਵਿਕਾਸ ਬਾਰੇ ਜਾਣਕਾਰੀ ਅਤੇ ਸਿਖਲਾਈ ਦਿੱਤੀ ਗਈ। ਯੂਥ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ ਨੇ ਕਿਹਾ ਕਿ ਇਸ ਵੇਲੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਨੌਜਵਾਨ ਵਸੋਂ ਭਾਰਤ ਵਿਚ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਕਿਸੇ ਦੇਸ਼ ਜਾਂ ਕੌਮ ਦਾ ਭਵਿੱਖ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਯੂਥ ਕਲੱਬਾਂ ਰਾਹੀਂ ਆਪਣੀ ਸ਼ਖਸੀਅਤ ਵਿਚ ਨਿਖਾਰ ਲਿਆ ਕੇ ਇਕ ਰਚਨਾਤਮਕ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।
ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਜਗੀਰ ਸਿੰਘ ਵਰਪਾਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਇਕ ਚੰਗੇ ਆਗੂ ਦੇ ਗੁਣ ਆਪਣੇ ਆਪ ਵਿੱਚ ਵਿਕਸਤ ਕਰਨ ਦਾ ਸੱਦਾ ਦਿੱਤਾ। ਸਮਾਗਮ ਨੂੰ ਸੁਰਿੰਦਰਪਾਲ ਸਿੰਘ, ਸਾਬਕਾ ਸਰਪੰਚ ਭਾਗ ਸਿੰਘ, ਮਲਕੀਤ ਸਿੰਘ, ਸਰਕਲ ਪ੍ਰਧਾਨ ਬਲਕਾਰ ਸਿੰਘ, ਜਥੇ: ਰਾਜ ਸਿੰਘ, ਮੁੱਖ ਗ੍ਰੰਥੀ ਬਾਬਾ ਨਿਰਮਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਪਾਲ ਸਿੰਘ, ਗੁਰਦੀਪ ਸਿੰਘ, ਡਾ. ਬਲਵਿੰਦਰ ਸਿੰਘ, ਜਗਰੂਪ ਸਿੰਘ, ਡਾ. ਗੁਰਦੇਵ ਸਿੰਘ, ਗੁਰਜੰਟ ਸਿੰਘ, ਜੋਗਿੰਦਰ ਸਿੰਘ, ਰਾਜਾ ਕਰਿਆਨੀ, ਹਰਦੇਵ ਸਿੰਘ, ਪ੍ਰਤਾਪ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media