
ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ ਸੱਗੂ)- ਸਥਾਨਕ ਗੁਮਟਾਲਾ ਬਾਈਪਾਸ ਨੇੜਲੇ ਇਲਾਕੇ ਵਿੱਚ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਹੁਕਮਾਂ ਤੇ ਸਮਸ਼ਾਨ ਘਾਟ ਬਣਾਏ ਜਾਣ ‘ਤੇ ਸਖਤ ਇਤਰਾਜ਼ ਜਿਤਾਉਂਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਸ੍ਰ. ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਇਸ ਤੋਂ ਸਿੱਧ ਹੋ ਗਿਆ ਹੈ ਕਿ ਅਕਾਲੀ-ਭਾਜਪਾ ਆਗੂਆਂ ਦੀ ਸੋਚ ਦਾ ਦਿਵਾਲਾ ਨਿਕਲ ਚੁੱਕਾ ਹੈ, ਉਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਵਿਕਾਸ ਦੀ ਆੜ ਹੇਠ ਉਸਾਰੀ ਦੇ ਨਾਮ ‘ਤੇ ਸਰਕਾਰੀ ਖਜਾਨੇ ਨੂੰ ਹੜੱਪਣਾ ਰਹਿ ਗਿਆ ਹੈ।ਔਜਲਾ ਨੇ ਦੱਸਿਆ ਹੈ ਕਿ ਜਿਸ ਰਿਹਾਇਸ਼ੀ ਇਲਾਕੇ ੱਿਵਚ ਨਗਰ ਸੁਧਾਰ ਦੀ ਮਲਕੀਅਤੀ ਜਮੀਨ ‘ਤੇ ਸ੍ਰੀ ਜੋਸ਼ੀ ਦਾ ਮਹਿਕਮਾ ਸ਼ਮਸ਼ਾਨ ਘਾਟ ਉਸਾਰਨ ਦਾ ਸੁਪਨਾ ਲੈ ਰਿਹਾ ਹੈ, ਉਸ ਦੇ ਨੇੜੇ ਸਥਿਤ ਕਲੋਨੀਆਂ ਗੁਮਟਾਲਾ, ਕਿਰਨ ਕਲੋਨੀ, ਗੁਰੂ ਅਮਰਦਾਸ ਕਲੋਨੀ, ਜੁਝਾਰ ਐਵੇਨਿਉ, ਰਣਜੀਤ ਐਵੇਨਿਉ ਏ ਬਲਾਕ ਦੀ ਪਾਸ਼ ਰਿਹਾਇਸ਼ੀ ਕਲੋਨੀ, 3 ਸਕੂਲ, ਦੋ ਗੁਰਦੁਆਰਾ ਸਾਹਿਬ, ਇੱਕ ਗਿਰਜਾਘਰ, ਅਨਾਥ ਆਸ਼ਰਮ ਮੌਜੂਦ ਹਨ।ਉਨ੍ਹਾਂ ਦੱਸਿਆ ਕਿ ਇੱਕ ਪਾਸੇ ਅਕਾਲੀ ਭਾਜਪਾ ਸਰਕਾਰ ਸਮੁੱਚੇ ਪੰਜਾਬ ਨੂੰ ਹੀ ਪ੍ਰਦੂਸ਼ਣ ਮੁਕਤ ਕਰਨ ਦੇ ਨਾਅਰੇ ਦੇ ਰਹੀ ਹੈ ਤੇ ਦੂਸਰੇ ਪਾਸੇ ਗਹਿਰੀ ਅਬਾਦੀ ਨਾਲ ਘਿਰੇ ਇਸ ਰਿਹਾਇਸ਼ੀ ਖੇਤਰ ਵਿੱਚ ਸ਼ਮਸ਼ਾਨ ਘਾਟ ਉਸਾਰਨ ਦੇ ਮਨਸੂਬੇ ਬਣਾਏ ਗਏ ਹਨ, ਜਿਸ ਨਾਲ ਇਲਾਕੇ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।ਸ੍ਰ: ਔਜਲਾ ਨੇ ਕਿਹਾ ਕਿ ਜੇਕਰ ਸਰਕਾਰ ਵਾਕਿਆ ਹੀ ਸ਼ਮਸ਼ਾਨ ਘਾਟ ਬਨਾਉਣਾ ਚਾਹੁੰਦੀ ਹੈ ਤਾਂ ਉਹ ਰਿਹਾਇਸ਼ੀ ਇਲਾਕੇ ਤੋਂ ਥੋੜਾ ਦੂਰ ਕਿਸੇ ਪੰਚਾਇਤੀ ਜਾਂ ਨਗਰ ਨਿਗਮ ਦੀ ਗੈਰ ਕਾਸ਼ਤ ਜ਼ਮੀਨ ‘ਤੇ ਉਸਾਰ ਲਵੇ, ਲੇਕਿਨ ਰਿਹਾਇਸ਼ੀ ਇਲਾਕੇ ਦੇ ਅਮਨ ਤੇ ਵਾਤਾਵਰਣ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਨਾ ਕਰੇ ।ਸ੍ਰ: ਔਜਲਾ ਨੇ ਦੱਸਿਆ ਕਿ ਸ੍ਰੀ ਅਨਿਲ ਜੋਸ਼ੀ ਦੁਆਰਾ ਲਏ ਗਏ ਫੈਸਲੇ ਦੇ ਵਿਰੋਧ ਵਿੱਚ ਗੁਮਟਾਲਾ ਬਾਈਪਾਸ ਨੇੜਲੀ ਅਬਾਦੀ ਦੇ ਵਸਨੀਕਾਂ ਨੇ ਰੋਸ ਮੁਜਾਹਰਾ ਵੀ ਕੀਤਾ ਹੈ ਤੇ ਆਉਣ ਵਾਲੇ ਦਿਨ੍ਹਾਂ ਵਿੱਚ ਉਨ੍ਹਾਂ ਦਾ ਰੋਹ ਹੋਰ ਵੀ ਪ੍ਰਬਲ ਹੋਵੇਗਾ।ਸ੍ਰ: ਔਜਲਾ ਨੇ ਜਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਨੂੰ ਵੀ ਤਾੜਨਾ ਕੀਤੀ ਹੈ ਕਿ ਉਹ ਜਾਣਬੁੱਝ ਜਿਲ੍ਹੇ ਦੇ ਲੋਕਾਂ ਨੂੰ ਮੁਜਾਹਰਿਆਂ ਦੇ ਰਾਹ ਨਾ ਤੋਰਨ, ਸਬੰਧਤ ਕਲੋਨੀ ਨੇੜੇ ਸ਼ਮਸ਼ਾਨ ਘਾਟ ਉਸਾਰਨ ਦਾ ਮਨਸੂਬਾ ਤਿਆਗਿਆ ਜਾਵੇ ਵਰਨਾ ਜਿਲ੍ਹੇ ਦੀ ਸਮੁੱਚੀ ਕਾਂਗਰਸ ਹਾਈਕਮਾਨ ਲੋਕਾਂ ਦਾ ਸਾਥ ਦੇਣ ਲਈ ਮਜਬੂਰ ਹੋਵੇਗੀ।
Punjab Post Daily Online Newspaper & Print Media