
ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ)- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਸਰਪ੍ਰਸਤੀ ਹੇਠ ਅੱਜ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ, ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਸਿਵਲ ਅਤੇ ਰੈਵੇਨਿਊ ਮਾਮਲਿਆਂ ਸਬੰਧੀ ਕੌਮੀ ਲੋਕ ਅਦਾਲਤ ਗਈ, ਜਿਸ ਦੌਰਾਨ ਲਗਾਏ ਗਏ 28157 ਕੇਸਾਂ ਵਿਚੋਂ 27929 ਕੇਸਾਂ ਦਾ ਨਿਪਟਾਰਾ ਕਰਕੇ ਕੁਲ 1,21,17,149 (ਇਕ ਕਰੋੜ ਇੱਕੀ ਲੱਖ ਸਤਾਰਾਂ ਹਜ਼ਾਰ ਇਕ ਸੌ ਉਣੰਜਾ) ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਿਰੀਸ਼ ਬਾਂਸਲ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿਚ ਕੁਲ ਚਾਰ ਬੈਂਚ ਸਥਾਪਿਤ ਕੀਤੇ ਗਏ, ਜਿਨ੍ਹਾਂ ਵਿਚੋਂ ਦੋ ਬੈਂਚ ਅੰਮ੍ਰਿਤਸਰ ਅਤੇ ਇਕ-ਇਕ ਬੈਂਚ ਅਜਨਾਲਾ ਅਤੇ ਬਾਬਾ ਬਕਾਲਾ ਵਿੱਚ ਬਣਾਏ ਗਏ।ਇਸ ਤੋਂ ਇਲਾਵਾ 12 ਬੈਂਚ ਮਾਲ ਵਿਭਾਗ ਦੇ ਬਣਾਏ ਗਏ।
ਉਨ੍ਹਾਂ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਅਨਿਲ ਆਰ ਦਵੇ ਦੀ ਇੱਛਾ ਅਨੁਸਾਰ ਹੁਣ ਮੁਲਕ ਭਰ ਵਿਚ ਕਿਸੇ ਨਾ ਕਿਸੇ ਚੋਣਵੇਂ ਵਿਸ਼ੇ ‘ਤੇ ਕੌਮੀ ਲੋਕ ਅਦਾਲਤਾਂ ਹਰੇਕ ਮਹੀਨੇ ਲੱਗਿਆ ਕਰਨਗੀਆਂ ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਕੇਸਾਂ ਦੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੱਲ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਨਾਲ ਦੋਹਾਂ ਧਿਰਾਂ ਨੂੰ ਹੀ ਨਿਆਂ ਮਿਲਦਾ ਹੈ ਅਤੇ ਆਪਸੀ ਸਮਝੌਤੇ ਤਹਿਤ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈ।ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਕਿਹਾ ਕਿ ਉਹ ਭੱਵਿਖ ਵਿਚ ਵੀ ਆਪਣੇ ਕੇਸਾਂ ਦੇ ਲੋਕ ਅਦਾਲਤਾਂ ਰਾਹੀਂ ਨਿਪਟਾਰੇ ਨੂੰ ਪਹਿਲ ਦੇਣ ਕਿਉਂਕਿ ਇਸ ਨਾਲ ਸਸਤਾ ਤੇ ਛੇਤੀ ਨਿਆਂ ਸੰਭਵ ਹੈ।
Punjab Post Daily Online Newspaper & Print Media