
ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ)- ਸਥਾਨਕ ਲਾਰੈਂਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ ਵਿਖੇ ਅਯੋਜਿਤ ਕੀਤੇ ਗਏ ਸਭਿਆਚਾਰਕ ਸਮਗਾਮ ਵਿੱਚ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਬਤੌਰ ਮੁੱਖ ਮਹਿਮਾਨ ਅਤੇ ਬੀ.ਐਸ.ਐਫ. ਕਮਾਂਡੈਂਟ ਵਿਪੁਲ ਵੀਰ ਗੁਸਾਈਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸ੍ਰੀ ਅਨਿਲ ਜੋਸ਼ੀ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਦਾ ਚੈਕ ਸਕੂਲ ਦੇ ਵਿਕਾਸ ਕਾਰਜਾਂ ਲਈ ਭੇਂਟ ਕੀਤਾ ਹੈ।ਇਸ ਸਮੇਂ ਬੱਚਿਆਂ ਵੱਲੋਂ ਆਯੋਜਿਤ ਕੀਤੇ ਗਏ ਰੰਗਾ-ਰੰਗ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਡੀ.ਏ.ਵੀ ਐਜੂਕੇਸ਼ਨ ਸੰਸਥਾ ਅਜਿਹੀ ਸੰਸਥਾ ਹੈ, ਜਿੱਥੇ ਕਿਤਾਬੀ ਸਿੱਖਿਆ ਦੇ ਨਾਲ-ਨਾਲ ਦੇਸ਼ ਭਗਤੀ, ਸਭਿਆਚਾਰ, ਵੈਦਿਕ ਸੰਸਕ੍ਰਿਤੀ ਆਦਿ ਬਾਰੇ ਵੀ ਗਿਆਨ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚੋਂ ਜੋ ਵੀ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਕੇ ਜਾਣਗੇ, ਉਨ੍ਹਾਂ ਅੰਦਰ ਦੇਸ਼ ਸੇਵਾ ਦੀ ਭਾਵਨਾ ਜਰੂਰ ਮਿਲੇਗੀ।ਉਨ੍ਹਾਂ ਨੇ ਬੱਚਿਆਂ ਨੂੰ ਸਵੱਛ ਭਾਰਤ ਮੁਹਿੰਮ ਵਿੱਚ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ।
ਸਕੂਲ ਵੱਲੋਂ ਸ੍ਰੀ ਜੋਸ਼ੀ ਅਤੇ ਕਮਾਂਡੈਂਟ ਵਿਪੁਲ ਵੀਰ ਗੁਸਾਈਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਡਾ. ਸ੍ਰੀਮਤੀ ਨੀਲਮ ਕਾਮਰਾ ਨੇ ਸ੍ਰੀ ਜੋਸ਼ੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੇਂ-ਸਮੇਂ ਤੇ ਡੀ.ਏ.ਵੀ. ਸੰਸਥਾਵਾਂ ਨੂੰ ਸਹਿਯੋਗ ਕਰਦੇ ਰਹਿੰਦੇ ਹਨ ਅਤੇ ਬੀਤੇ ਦਿਨੀਂ ਸ੍ਰੀ ਜੋਸ਼ੀ ਨੇ ਸਕੂਲ ਦੇ ਸਟੇਡੀਅਮ ਲਈ 8.5 ਲੱਖ ਦੀ ਗਰਾਂਟ ਦਿੱਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ: ਡਾ. ਨੀਰਾ ਸ਼ਰਮਾ, ਸੁਧੀਰ ਸ੍ਰੀਧਰ, ਸ਼ਾਮ ਸੁੰਦਰ ਸ਼ਰਮਾ, ਗੁਰਵਿੰਦਰ ਸਿੰਘ ਭੱਟੀ, ਸ਼ਰਮਾ ਮਿੰਟੂ, ਮਾਧੋ ਮਹਾਜਨ ਆਦਿ ਮੌਜੂਦ ਸਨ।
ਕੈਪਸ਼ਨ- ਸ੍ਰੀ ਅਨਿਲ ਜੋਸ਼ੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਪ੍ਰਿੰ: ਡਾ. ਨੀਰਾ ਸ਼ਰਮਾ ਨੂੰ ਗਰਾਂਟ ਦਾ ਚੈਕ ਦਿੰਦੇ ਹੋਏ, ਨਾਲ ਹਨ ਬੀ.ਐਸ.ਐਫ ਕਮਾਂਡੈਂਟ ਵਿਪੁਲ ਵੀਰ ਗੁਸਾਈਂ ।
Punjab Post Daily Online Newspaper & Print Media