
ਫ਼ਾਜ਼ਿਲਕਾ, 15 ਮਾਰਚ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ 2016-17 ਦਾ ਬਜ਼ਟ ਸੂਬੇ ਦੇ ਵਿਕਾਸ ਨੂੰ ਜਿੱਥੇ ਨਵਾਂ ਹੁਲਾਰਾ ਦੇਵੇਗਾ ਉੱਥੇ ਹੀ ਇਹ ਸਰਕਾਰ ਦੀ ਸਮਾਜ ਭਲਾਈ ਪ੍ਰਤੀ ਵਚਨਬੱਧਤਾ ਦਾ ਵੀ ਪ੍ਰਗਟਾਵਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਕੀਤਾ। ਚੌਧਰੀ ਸੁਰਜੀਤ ਕੁਮਾਰ ਜਿਆਣੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 2000 ਹਸਪਤਾਲਾਂ/ ਸਿਹਤ ਕੇਂਦਰਾਂ ਵਿਚ ਸਾਰੇ ਮਰੀਜਾਂ ਨੂੰ 218 ਕਿਸਮ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਤੋਂ ਬਿਨ੍ਹਾਂ ਮੁੱਢਲੇ ਟੈਸਟ ਮੁਫ਼ਤ ਅਤੇ ਪਹਿਲੇ 24 ਘੰਟੇ ਐਮਰਜੈਂਸੀ ਇਲਾਜ ਮੁਫ਼ਤ ਕਰਵਾਇਆ ਜਾਵੇਗਾ। ਇਸੇ ਤਰਾਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਰਾਜ ਦੇ 25 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਦੀ ਸਹੂਲਤ ਦਿੱਤੀ ਗਈ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜ਼ਟ ਵਿਚ ਸ਼ੁਰੂ ਕੀਤੀ ਸਵੱਸਥ ਕੰਨਿਆ ਯੋਜਨਾ ਨਾਰੀ ਸ਼ਸਕਤੀਕਰਨ ਅਤੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਬਹੁਤ ਹੀ ਸਾਰਥਕ ਕਦਮ ਹੈ। ਇਸ ਯੋਜਨਾ ਤਹਿਤ ਸਾਲ 2016-17 ਦੇ ਬਜ਼ਟ ਵਿਚ 70 ਕਰੋੜ ਰੁਪਏ ਰੱਖੇ ਗਏ ਹਨ। ਇਸ ਯੋਜਨਾ ਤਹਿਤ ਪਹਿਲੀ ਤੋਂ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਲਿੱਖਣ ਸਮੱਗਰੀ ਵਸਤਾਂ ਸਮੇਤ ਮੁਫ਼ਤ ਸਕੂਲ ਬੈਗ ਮੁਹਈਆ ਕਰਵਾਏ ਜਾਣਗੇ। ਇਨ੍ਹਾਂ ਸਕੂਲ ਬੈਗਾਂ ਵਿਚ ਲਾਭ ਯੋਗਤਾ ਕਾਰਡ ਵੀ ਸ਼ਾਮਿਲ ਹੋਵੇਗਾ। ਇਸੇ ਤਰਾਂ ਨਵਜੰਮੇ ਬੱਚਿਆਂ ਅਤੇ ਮਾਂਵਾਂ ਦੀ ਸਿਹਤ ਸੰਭਾਲ ਲਈ ਇਸ ਸਾਲ 638 ਨਵੇਂ ਆਂਗਣਬਾੜੀ ਕੇਂਦਰ ਵੀ ਸਥਾਪਿਤ ਕੀਤੇ ਜਾਣਗੇ। ਇਸੇ ਤਰਾਂ ਔਰਤਾਂ ਨੂੰ ਸਵੈ ਰੁਜਗਾਰ ਨਾਲ ਜੋੜਨ ਲਈ ਪੰਜਾਬ ਸਰਕਾਰ ਦੀ ਨੰਨ੍ਹੀ ਛਾਂ ਹੁਨਰ ਕੇਂਦਰ ਯੋਜਨਾ ਦੀ ਸਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਨਾਲ ਔਰਤਾਂ ਨੂੰ ਆਰਥਿਕ ਸਵੈਨਿਰਭਰਤਾ ਮਿਲੇਗੀ। ਸਿਹਤ ਮੰਤਰੀ ਚੋਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨ ਸ਼ਕਤੀ ਲਈ ਵੀ ਇਸ ਬਜ਼ਟ ਵਿਚ ਵਿਸੇਸ਼ ਤੱਵਜੋਂ ਦਿੰਦਿਆਂ ਇਸ ਸਾਲ 4000 ਆਧੁਨਿਕ ਜਿੰਮ ਸਥਾਪਿਤ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ ਜੋ ਕਿ ਬੇਹੱਦ ਸਲਾਘਾਯੋਗ ਉਪਰਾਲਾ ਹੈ। ਇਸੇ ਤਰਾਂ 3 ਲੱਖ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ 5 ਲੱਖ ਤੱਕ ਦੇ ਵਿਆਜ ਮੁਕਤ ਸਿੱਖਿਆ ਕਰਜ ਦੀ ਯੋਜਨਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਸਾਡੇ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਨੂੰ ਹੁਲਾਰਾ ਮਿਲੇਗਾ।
ਕਿਸਾਨਾਂ ਲਈ ਬੱਜਟ ਵਿਚ ਖ਼ਜਾਨਾ ਮੰਤਰੀ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਸਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ 5 ਏਕੜ ਤੋਂ ਘੱਟ ਜਮੀਨ ਮਾਲਕੀ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ 50 ਹਜਾਰ ਰੁਪਏ ਤੱਕ ਦਾ ਵਿਆਜ ਮੁਕਤ ਕਰਜ ਦੇਣ ਦੀ ਯੋਜਨਾ ਹੈ ਜਿਸ ਨਾਲ ਰਾਜ ਦੇ ਕੋਈ 10 ਲੱਖ ਕਿਸਾਨਾਂ ਨੂੰ 200 ਕਰੋੜ ਰੁਪਏ ਦਾ ਸਲਾਨਾ ਲਾਭ ਹੋਵੇਗਾ। ਇਸੇ ਤਰਾਂ ਰਾਜ ਸਰਕਾਰ ਵੱਲੋਂ 11 ਲੱਖ ਕਿਸਾਨਾਂ ਲਈ ਸਿਹਤ ਬੀਮਾ ਯੋਜਨਾ ਆਰੰਭ ਜਾ ਰਹੀ ਹੈ। ਇਸੇ ਤਰਾਂ ਕਿਸਾਨ ਪ੍ਰੋਵਿਡੈਂਟ ਫੰਡ ਸਕੀਮ ਵੀ ਕਿਸਾਨਾਂ ਦੀ ਸਮਾਜਿਕ ਸੁਰੱਖਿਆ ਲਈ ਰਾਜ ਸਰਕਾਰ ਨੇ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਬਜਟ ਵਿਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ ਕੋਈ 7490 ਕਰੋੜ ਰਾਖਵੇਂ ਰੱਖੇ ਹਨ। ਇੰਨ੍ਹਾਂ ਵਿਚੋ. ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲਈ 315 ਕਰੋੜ, ਆਰ.ਕੇ.ਵੀ.ਵਾਈ ਅਧੀਨ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਦੇ ਮਜਬੂਤੀਕਰਨ ਲਈ 300 ਕਰੋੜ ਰੁਪਏ, ਕੌਮੀ ਬਾਗਬਾਨੀ ਮਿਸਨ ਤਹਿਤ 80 ਕਰੋੜ ਰੁਪਏ, ਕੌਮੀ ਖੁਰਾਕ ਮਿਸ਼ਨ ਤਹਿਤ 50 ਕਰੋੜ ਰੁਪਏ ਰੱਖੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਇਹ ਉਪਰਾਲਾ ਬੇਹੱਦ ਮਹੱਤਵਪੂਰਨ ਹਨ ਅਤੇ ਇਸ ਬਜਟ ਵਿਚ ਕੀਤੇ ਐਲਾਣਾਂ ਦਾ ਸਮਾਜ ਦੇ ਹਰ ਵਰਗ ਨੂੰ ਲਾਭ ਮਿਲੇਗਾ।
Punjab Post Daily Online Newspaper & Print Media