Sunday, April 26, 2026

ਮਾਨਤਾ ਪ੍ਰਾਪਤ ਸਕੂਲਾਂ ‘ਤੇ ਕੱਸਿਆ ਸਿਕੰਜ਼ਾ

ਐਸ. ਸੀ ਕਮਿਸ਼ਨ ਨੇ 25 ਫੀਸਦੀ ਕੋਟੇ ਤਹਿਤ ਮੁਫਤ ਦਾਖਲੇ ਲਈ ਡੀ. ਪੀ. ਆਈ ਨੂੰ ਦਿਤੀਆਂ ਹਦਾਇਤਾਂ

PPN2003201609

ਅੰਮ੍ਰਿਤਸਰ, 20 ਮਾਰਚ (ਜਗਦੀਪ ਸਿੰਘ ਸੱਗੂ) – ਮਾਨਤਾ ਪ੍ਰਾਪਤ ਸਕੂਲਾਂ ਵਿੱਚ ਦਲਿਤ ਪਰਿਵਾਰਾਂ ਦੇ ਬੱਚਿਆਂ ਨੂੰ ਤੈਅ ਕੀਤੇ ਗਏ 25 ਫੀਸਦੀ ਰਾਖਵੇਂ ਕੋਟੇ ਤਹਿਤ ਸਾਰੇ ਸਕੂਲ(ਸੀ. ਬੀ. ਐਸ. ਈ/ਆਈ. ਸੀ. ਐਸ. ਈ) ਚਾਲੂ ਦਾਖਲਾ ਸੈਸ਼ਨ ਵਿੱਚ ਮੁਫਤ ਦਾਖਲੇ ਦੇਣ ਦੀ ਵਿਵਸਥਾ ਕਰਨ। ਇਹ ਨਿਰਦੇਸ਼ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ.ਤਰਸੇਮ ਸਿੰਘ ਸਿਆਲਕਾ ਨੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਕਰਦਿਆਂ ਦਿੱਤੇ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਦੇ ਦਫਤਰ ਵਿਚ ਪੁੱਜੀਆਂ ਦਰਖਾਸਤਾਂ ਵਿਚ ਇਸ ਗੱਲ ਦੀ ਪੁਸ਼ਟੀ ਸ਼ਿਕਾਇਤ ਕਰਤਾਵਾਂ ਨੇ ਕੀਤੀ ਹੈ ਕਿ ਮਾਨਤਾ ਪ੍ਰਾਪਤ ਸਕੂਲ ਦਲਿਤ ਬੱਚਿਆਂ ਨੂੰ ਕੋਟੇ ਤਹਿਤ ਮੁਫਤ ਦਾਖਲੇ ਦੇਣ ਅਤੇ ਹੋਰ ਸਹੂਲਤਾਂ ਦੇਣ ਤੋਂ ਇਨਕਾਰੀ ਕਰ ਰਹੇ ਹਨ।ਉਨ੍ਹਾਂ ਨੇ ਕਮਿਸ਼ਨ ਕੋਲ ਪੁੱਜੀਆਂ ਸ਼ਿਕਾਇਤਾਂ ਦੇ ਹਵਾਲੇ ਨਾਲ ਮਾਨਤਾ ਪ੍ਰਾਪਤ ਸਕੂਲਾਂ ਦੇ ਮੁਖੀਆਂ/ਪ੍ਰਬੰਧਕੀ ਮਾਲਕਾਂ ਅਤੇ ਮੈਨੇਜਮੈਂਟ ਕਮੇਟੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਸੈਸ਼ਨ ਵਿਚ ਸਾਰੇ ਮਾਨਤਾ ਪ੍ਰਾਪਤ ਸਕੂਲ ਦਲਿਤ ਵਿਦਿਆਰਥੀਆਂ ਨੂੰ ਬਣਦੇ ਕੋਟੇ ਤਹਿਤ ਮੁਫਤ ਦਾਖਲੇ ਦੇਣ ਦੀ ਸ਼ਰਤ ਨੂੰੂ ਯਕੀਨੀ ਬਣਾਉਣ।ਉਨਾਂ ਨੇ ਦੱਸਿਆ ਕਿ ਕਮਿਸ਼ਨ ਨੇ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਦਾਖਲੇ ਦੀ ਸਹੂਲਤ ਦੇਣ ਦੇ ਨਾਲ-ਨਾਲ ਮੁਫਤ ਵਰਦੀ ਅਤੇ ਕਿਤਾਬਾਂ ਵੀ ਦੇਣ।ਉਨ੍ਹਾਂ ਨੇ ਵਿਸ਼ੇਸ਼ ਕਦਮ ਚੁੱਕਦਿਆਂ ਡੀ ਪੀ ਆਈ ਹਾਇਰ ਸੈਕੰਡਰੀ ਅਤੇ ਡੀ ਪੀ ਆਈ ਐਲੀਮੈਂਟਰੀ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਭਰ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਫੌਰੀ ਤੌਰ ‘ਤੇ ਪੱਤਰ ਜਾਰੀ ਕਰਕੇ ਹਦਾਇਤਾਂ ਕਰਨ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਲਏ ਫੈਸਲੇ ‘ਤੇ ਅਮਲ ਲਈ ਸੋਮਵਾਰ ਤੋਂ ਹੀ ਡੀ ਈ ਓਜ਼ ਪ੍ਰਕਿਰਿਆ ‘ਤੇ ਅਮਲ ਕਰਨ। ਉਨ੍ਹਾਂ ਕਿਹਾ ਕਿ ਹੁਣ ਕਮਿਸ਼ਨ ਨੇ ਅਜਿਹੀ ਵਿਵਸਥਾ ਕੀਤੀ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ ਸਮੇਂ ਸਿਰ ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਪੱਤਰ ਜਾਰੀ ਕਰਨ ਜਿਸ ਵਿਚ ਕਮਿਸ਼ਨ ਦੀਆਂ ਹਦਾਇਤਾਂ ਨੂੰ ਆਧਾਰ ਬਣਾਉਣ।
ਦਲਿਤ ਬੱਚਿਆਂ ਨੂੰ ਸ਼ਰਤਾਂ ਦੇ ਦਾਅ-ਪੇਚਾਂ ਵਿੱਚੋਂ ਮੁਕਤ ਕਰਦਿਆਂ ਕਮਿਸ਼ਨ ਨੇ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਦਲਿਤ ਮਾਪਿਆਂ ਕੋਲੋਂ ਦਸਤਾਵੇਜ਼ ਪ੍ਰਾਪਤ ਕਰਨ ਮੌਕੇ ਕੇਵਲ ਜਾਤੀ ਸਰਟੀਫੀਕੇਟ ‘ਤੇ ‘ਤਸੱਲੀ’ ਕਰਦਿਆਂ ਦਾਖਲੇ ਅਤੇ ਲੋੜੀਂਦੀਆਂ ਸਹੂਲਤਾਂ ਦੇਣ ਲਈ ਪਾਬੰਦ ਹੋਣ। ਇਕ ਸਵਾਲ ਦੇ ਜਵਾਬ ਵਿਚ ਉਨਾਂ ਨੇ ਕਿਹਾ ਕਿ ਜਿਸ ਸਕੂਲ ਨੇ ਕਮਿਸ਼ਨ ਦੀਆਂ ਹਦਾਇਤਾਂ ਦੀ ਅਣਦੇਖੀ ਕਰਨ ਦੀ ਕੋਸਿਸ਼ ਕੀਤੀ ਤਾਂ ਉਸ ਦੇ ਖਿਲਾਫ ਢੁਕਵੀਂ ਕਾਰਵਾਈ ਕਰਨ ਲਈ ਦਲਿਤ ਮਾਪਿਆਂ ਦੀ ਸਹੂਲਤ ਲਈ ਕਮਿਸ਼ਨ ਹੈਲਪ ਲਾਈਨ ਨੰਬਰ 9781290001 ਜਾਰੀ ਕਰ ਦਿੱਤਾ ਹੈ।ਜੇਕਰ ਕੋਈ ਪ੍ਰਾਈਵੇਟ ਸਕੂਲ ਦਲਿਤ ਬੱਚਿਆਂ ਨੂੰ ਕੋਟੇ ਤਹਿਤ ਸਹੂਲਤ ਦੇਣ ਤੋਂ ਆਨਾਕਾਨੀ ਕਰਦਾ ਹੈ ਤਾਂ ਫਿਰ ਮਾਪੇ ਕਮਿਸ਼ਨ ਵਲੋਂ ਜਾਰੀ ਕੀਤੇ ਹੈਲਪ ਲਾਈਨ ਨੰਬਰ ‘ਤੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ।ਉਨ੍ਹਾਂ ਕਿਹਾ ਕਿ ਸਿਖਿਆ ਅਧਿਕਾਰੀ ਸੋਮਵਾਰ ਤੋਂ ਹੀ ਇਨ੍ਹਾਂ ਹਦਾਇਤਾ ‘ਤੇ ਅਮਲ ਕਰਨ ਲਈ ਪਾਬੰਦ ਹੋਣ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply