
ਫਾਜ਼ਿਲਕਾ, 20 ਮਾਰਚ (ਵਨੀਤ ਅਰੋੜਾ) – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਇੱਥੇ ਸਿਵਲ ਹਸਪਤਾਲ ਵਿਚ ਸਿਹਤ ਸਹੁਲਤਾਂ ਵਿਚ ਵੱਡਾ ਵਾਧਾ ਕਰਦਿਆਂ ਡਾਇਲਸਿਸ ਯੁਨਿਟ, ਡੈਂਟਲ ਯੁਨਿਟ ਅਤੇ ਲੌਂਡਰੀ ਯੂਨਿਟ ਦਾ ਉਦਘਾਟਨ ਕੀਤਾ। ਇਸ ਮੌਕੇ ਸਿਹਤ ਵਿਭਾਗ ਵੱਲੋਂ ਓਰਲ ਹੈਲਥ ਦਿਵਸ ਮਨਾਉਂਦਿਆਂ ਦੰਦਾਂ ਦੀ ਸਾਂਭ ਸੰਭਾਲ ਸਬੰਧੀ ਚੇਤਨਾ ਸਪਤਾਹ ਦੀ ਸ਼ੁਰੂਆਤ ਵੀ ਕੀਤੀ ਗਈ।
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਰੱਹਦੀ ਇਲਾਕੇ ਵਿਚ ਸਿਹਤ ਸਹੁਲਤਾਂ ਦੇ ਪ੍ਰਸਾਰ ਤੇ ਵਿਸੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਇਸੇ ਲਈ ਇੱਥੇ 14 ਲੱਖ ਰੁਪਏ ਦੀ ਲਾਗਤ ਨਾਲ ਡਾਇਲਸਿਸ ਯੁਨਿਟ ਸਥਾਪਿਤ ਕੀਤਾ ਗਿਆ ਹੈ।ਇਹ ਗੁਰਦਿਆਂ ਦੇ ਰੋਗੀਆਂ ਲਈ ਵਰਦਾਨ ਸਿੱਧ ਹੋਵੇਗਾ।ਇਸ ਤੋਂ ਪਹਿਲਾਂ ਲੋਕਾਂ ਨੂੰ ਡਾਇਲਸਿਸ ਲਈ ਦੂਰਦਰਾਜ ਦੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ ਜਿੱਥੇ ਸਮੇਂ ਅਤੇ ਪਰੇਸਾਨੀ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲਾਂ ਦੀਆਂ ਭਾਰੀ ਫੀਸਾਂ ਵੀ ਭਰਨੀਆਂ ਪੈਂਦੀਆਂ ਸਨ ਪਰ ਇੱਥੇ ਇਹ ਸਹੁਲਤ ਕੇਵਲ 810 ਰੁਪਏ ਦੀ ਸਰਕਾਰੀ ਫੀਸ ਤੇ ਉਪਲਬੱਧ ਹੋਵੇਗੀ। ਇੱਥੇ ਹਰ ਰੋਜ਼ ਦੋ ਵਿਅਕਤੀਆਂ ਦਾ ਡਾਇਲਸਿਸ ਹੋ ਸਕੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹੇ ਦੇ ਲੋਕ ਨੂੰ ਮਿਆਰੀ ਸਿਹਤ ਸਹੁਲਤਾਂ ਉਪਲਬੱਧ ਕਰਵਾਉਣ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ ਅਤੇ ਭਵਿੱਖ ਵਿਚ ਇੱਥੇ ਸਿਹਤ ਸਹੁਲਤਾਂ ਵਿਚ ਹੋਰ ਵੱਡਾ ਵਾਧਾ ਕੀਤਾ ਜਾਵੇਗਾ।ਇਸੇ ਹੀ ਤਰਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਇੱਥੇ 9.10 ਲੱਖ ਰੁਪਏ ਦੀ ਲਾਗਤ ਨਾਲ ਬਣੇ ਲੌਂਡਰੀ ਯੂਨਿਟ ਦਾ ਵੀ ਉਦਘਾਟਨ ਕੀਤਾ। ਇਹ ਸਵੈਚਾਲਤ ਲੌਂਡਰੀ ਯੁਨਿਟ ਹਸਪਤਾਲਾਂ ਦੀਆਂ ਚਾਦਰਾਂ ਧੋ ਅਤੇ ਸੁਕਾਉਣ ਦਾ ਕੰਮ ਕਰੇਗਾ।
ਇਸ ਮੌਕੇ ਸਿਹਤ ਮੰਤਰੀ ਨੇ ਓਰਲ ਹੈਲਥ ਦਿਵਸ ਦੇ ਸਬੰਧ ਵਿਚ ਪੰਜਾਬ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਓਰਲ ਹੈਲਥ ਜਾਗਰੂਕਤਾ ਸਪਤਾਹ ਦੀ ਵੀ ਸ਼ੁਰੂਆਤ ਕੀਤੀ ਅਤੇ ਇੱਥੇ ਬਣੇ ਡੈਂਟਲ ਯੁਨਿਟ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਮੂੰਹ ਅਤੇ ਦੰਦਾਂ ਦੀ ਸਹੀ ਸੰਭਾਲ ਨਾ ਹੋਣ ਕਾਰਨ ਕਈ ਬਿਮਾਰੀਆਂ ਉਪਜਦੀਆਂ ਹਨ ਇਸ ਲਈ ਇੰਨ੍ਹਾਂ ਦੀ ਸੰਭਾਲ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ: ਜਗਪਾਲ ਸਿੰਘ ਬੱਸੀ ਅਤੇ ਐਸ.ਐਮ.ਓ ਡਾ: ਡੀ.ਕੇ ਭੁੱਕਲ ਨੇ ਸਿਹਤ ਮੰਤਰੀ ਨੂੰ ਜੀ ਆਇਆ ਨੂੰ ਕਿਹਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ: ਰਾਜੇਸ ਸਰਮਾ, ਚੇਅਰਮੇਨ ਮਾਰਕਿਟ ਕੇਮਟੀ ਸ੍ਰੀ ਵਿਨੋਦ ਬਜਾਜ, ਭਾਜਪਾ ਆਗੂ ਸ੍ਰੀ ਕੰਵਰ ਸੇਨ, ਸ੍ਰੀ ਓਮ ਪ੍ਰਕਾਸ਼, ਸ੍ਰੀ ਸੁਬੋਧ ਵਰਮਾ, ਸ੍ਰੀ ਬਲਜੀਤ ਸਹੋਤਾ, ਸ੍ਰੀ ਅਨਿਲ ਸੁਥਾਰ, ਸ੍ਰੀ ਹਰਨੇਕ ਸਿੰਘ, ਸ੍ਰੀ ਪਰਮਜੀਤ ਸਿੰਘ ਸ਼ੇਰਾ, ਡਾ: ਪਰਨਾਮੀ ਡੀ.ਐਮ.ਸੀ., ਡਾ: ਰਾਜੇਸ ਖੁੰਗਰ ਡੀ.ਐਚ.ਓ., ਡਾ: ਲਾਲ ਚੰਦ ਐਸ.ਐਮ.ਓ. ਅਬੋਹਰ, ਮਾਸ ਮੀਡੀਆ ਅਫਸ਼ਰ ਸ੍ਰੀ ਅਨਿਲ ਧਾਮੂ ਆਦਿ ਵੀ ਹਾਜਰ ਸਨ।
Punjab Post Daily Online Newspaper & Print Media