
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਦੀ ਅਗਵਾਈ ਹੇਠ ਖੁਰਾਕ ਅਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਖਪਤਕਾਰ ਅਧਿਕਾਰ ਦਿਵਸ ਬਾਬਤ ਜਾਗਰੂਕਤਾ ਸਮਾਗਮ ਬਚਤ ਭਵਨ ਵਿਚ ਕਰਵਾਇਆ ਗਿਆ, ਜਿਸ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਇਕ ਜਾਗਰੂਕ ਗਾਹਕ ਬਣਨਾ ਚਾਹੀਦਾ ਹੈ ਅਤੇ ਕਿਸੇ ਵੀ ਚੀਜ਼ ਦੀ ਖਰੀਦ ਵੇਲੇ ਬਿਲ ਲੈਣਾ ਨਹੀਂ ਭੁੱਲਣਾ ਚਾਹੀਦਾ। ਉਨਾਂ ਕਿਹਾ ਕਿ ਅੱਜਕੱਲ ਤਰਾਂ-ਤਰਾਂ ਦੇ ਉਤਪਾਦ ਮਾਰਕੀਟ ਵਿਚ ਆਏ ਹਨ, ਪਰ ਸਾਨੂੰ ਹਮੇਸ਼ਾਂ ਆਈ ਐਸ ਆਈ ਅਤੇ ਐਗਮਾਰਕ ਵਰਗੇ ਮਾਅਰਕੇ ਵੇਖਕੇ ਵਸਤੂ ਖਰੀਦਣੀ ਚਾਹੀਦੀ ਹੈ, ਤਾਂ ਜੋ ਗੁਣਵੱਤ ਬਰਕਰਾਰ ਰਹੇ। ਉਨਾਂ ਦੱਸਿਆ ਕਿ ਕੋਈ ਵੀ ਗਾਹਕ, ਜਿਸ ਕੋਲ ਬਿਲ ਹੋਵੇ ਖਰੀਦ ਵਿਚ ਠੱਗੀ ਹੋਣ ‘ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨਾਂ ਕਿਹਾ ਕਿ ਇਹ ਸ਼ਿਕਾਇਤ 20 ਲੱਖ ਰੁਪਏ ਤੱਕ ਦੀ ਵਸਤੂ ਲਈ ਜ਼ਿਲ੍ਹਾ ਫੋਰਮ ਵਿਖੇ ਕੀਤੀ ਜਾ ਸਕਦੀ ਹੈ ਅਤੇ ਜ਼ਿਲ੍ਹਾ ਫੋਰਮ ਦੇ ਫੈਸਲੇ ਵਿਰੁੱਧ ਅਪੀਲ 30 ਦਿਨਾਂ ਦੇ ਅੰਦਰ-ਅੰਦਰ ਰਾਜ ਕਮਿਸ਼ਨਰ ਕੋਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ 20 ਲੱਖ ਰੁਪਏ ਤੋਂ ਲੈ ਕੇ 1 ਕਰੋੜ ਤੱਕ ਦੀ ਸ਼ਿਕਾਇਤ ਰਾਜ ਕਮਿਸ਼ਨ ਕੋਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਕ ਕਰੋੜ ਰੁਪਏ ਤੋਂ ਵੱਧ ਦੇ ਮਾਲ ਦੀ ਸ਼ਿਕਾਇਤ ਰਾਸ਼ਟਰੀ ਕਮਿਸ਼ਨ ਕੋਲ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਸ਼ਿਕਾਇਤ ਲਈ ਕੋਈ ਫੀਸ ਨਹੀਂ ਲਗਦੀ, ਬਲਕਿ ਹਲਫੀਆ ਬਿਆਨ ਲਈ ਅਸ਼ਟਾਮ ਕਾਗਜ਼ ਦੀ ਵੀ ਲੋੜ ਨਹੀਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਐਫ ਐਸ ਸੀ ਡਾ. ਨਿਰਮਲ ਸਿੰਘ , ਰਮਿੰਦਰ ਸਿੰਘ ਬਾਠ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media