
ਅਮ੍ਰਿਤਸਰ, 22 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਲੇ ਡਾਇਡ ਦੇ ਲਾਅ ਪੌਮਪੇ’ ਨਾਮਕ ਪ੍ਰਸਿੱਧ ਫਰੈਂਚ ਮਿੳਜ਼ੀਕਲ ਗਰੁੱਪ ਵੱਲੋਂ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਵਿਸ਼ੇਸ਼ ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਵਿਦੇਸ਼ੀ ਭਾਸ਼ਾਵਾਂ ਵਿਭਾਗ ਵੱਲੋਂ ਅਲਾਇੰਸ ਫਰੈਂਚਾਈਜ਼, ਚੰਡੀਗੜ੍ਹ (ਇੰਡੋ-ਫਰੈਂਚ ਕਲਚਰਲ ਸੈਂਟਰ ਸੁਪੋਰਟਡ ਅੰਬੈਸੀ ਆਫ ਫਰਾਂਸ) ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਫਰਾਂਸ ਤੋਂ ਨਾਮਵਰ ਕਲਾਕਾਰਾਂ ਸ੍ਰੀ ਬ੍ਰੀਆਰਡ ਜੇਰੋਮ, ਸ੍ਰੀ ਕੌਰਨਕ ਇਰਵਨ, ਸ੍ਰੀ ਦੇਸਲਾਂਡੇ ਗੇਲਜ਼ ਅਤੇ ਸ੍ਰੀ ਮਰੀਓਲੇ ਫਰੈਡਰਿਕ ਨੇ ਯੂਨੀਵਰਸਿਟੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਫਰਾਂਸ ਦੇ ਸੰਗੀਤ ਨਾਲ ਰੂਬਰੂ ਕਰਵਾਇਆ।
ਇਸ ਮੌਕੇ ਸੰਗੀਤ ਵਿਭਾਗ ਦੇ ਮੁਖੀ, ਪ੍ਰੋ. ਗੁਰਪ੍ਰੀਤ ਕੌਰ, ਸੰਸਕ੍ਰਿਤ ਵਿਭਾਗ ਦੇ ਮੁਖੀ, ਪ੍ਰੋ. ਦਲਬੀਰ ਸਿੰਘ, ਉਰਦੂ ਤੇ ਪਰਸ਼ੀਅਨ ਵਿਭਾਗ ਦੇ ਮੁਖੀ ਡਾ. ਅਜੀਜ਼ ਅਬਾਸ, ਪੰਜਾਬੀ ਵਿਭਾਗ ਤੋਂ ਡਾ. ਦਰਿਆ, ਡਾ. ਦਵਿੰਦਰ ਸਿੰਘ ਜੌਹਲ, ਡਾ. ਐਚ.ਐਸ. ਗੁਜਰਾਲ, ਪ੍ਰੋ. ਪੀ.ਐਸ. ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ।
ਵਿਦੇਸ਼ੀ ਭਾਸ਼ਾਵਾਂ ਦੇ ਮੁਖੀ, ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਅਜਿਹੇ ਪ੍ਰੋਗਰਾਮਾਂ ਸਦਕਾ ਵੱਖ-ਵੱਖ ਸੰਸਕ੍ਰਿਤੀਆਂ ਅਤੇ ਸਭਿਅਤਾਵਾਂ ਦੀ ਦੂਰੀ ਘਟਦੀ ਹੈ ਅਤੇ ਨੌਜੁਆਨ ਪੀੜ੍ਹੀ ਨੂੰ ਦੂਜੀਆਂ ਸਭਿਅਤਾਵਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ ਅਤੇ ਉਹ ਹੱਦਬੰਦੀਆਂ ਅੰਦਰ ਕੈਦ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਗਰੁੱਪ ਵੱਲੋਂ ਕਰਨਪ੍ਰਿਅ ਬੰਦਿਸ਼ਾਂ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
Punjab Post Daily Online Newspaper & Print Media