Thursday, June 25, 2026

’ਸਪਿਰਿਟ ਆਫ਼ ਇੰਡੀਆ-2016 ਰਨ’ ਭਾਰਤ-ਆਸਟ੍ਰੇਲੀਆ ਦੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ – ਪੈਟਰਿਕ ਫਾਰਮਰ

PPN2303201602

ਬਟਾਲਾ, 23 ਮਾਰਚ (ਨਰਿੰਦਰ ਬਰਨਾਲ)- ਸਪਿਰਿਟ ਆਫ਼ ਇੰਡੀਆ-2016 ਰਨ’ ਮਹਿਜ਼ ਦੌੜ ਨਾ ਹੋ ਕੇ ਸੰਸਾਰ ਦੇ ਦੋ ਵੱਡੇ ਲੋਕਤੰਤਰਾਂ ਭਾਰਤ-ਆਸਟ੍ਰੇਲੀਆ ਦਰਮਿਆਨ ਖੇਡ, ਵਪਾਰਕ ਅਤੇ ਦੂਸਰੇ ਸਬੰਧਾਂ ਦੀ ਵਰ੍ਹਿਆਂ ਤੋਂ ਚਲੀ ਆ ਰਹੀ ਸਾਂਝ ਨੂੰ ਹੋਰ ਮਜ਼ਬੂਤੀ ਦੇਣ ਦਾ ਯਤਨ ਹੈ। ਇਸ ਦੌੜ ਰਾਹੀਂ ਭਾਰਤ ਦੇਸ਼ ਵਿੱਚ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਏਕਤਾ ਤੇ ਅਖੰਡਤਾ ਦਾ ਸੁਨੇਹਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਪ੍ਰਗਟਾਵਾ ਆਸਟ੍ਰੇਲੀਆ ਦੇ ਸਾਬਕਾ ਮੰਤਰੀ ਪੈਟਰਿਕ ਫਾਰਮਰ ਜੋ ਕਿ ਮੈਰਾਥਨ ਦੌੜਾਕ ਵੀ ਹਨ, ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ‘ਚ ਦਾਖਲ ਹੋਣ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਸ਼ੇਖੂਪੁਰ ਵਿਖੇ ਕੀਤੇ ਗਏ ਸਵਾਗਤ ਦੌਰਾਨ ਗੱਲਬਾਤ ਕਰਦਿਆਂ ਕੀਤਾ। ਐੱਸ.ਡੀ.ਐੱਮ. ਬਟਾਲਾ ਸ੍ਰੀ ਸੌਰਬ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸਟਰੇਲੀਅਨ ਦੌੜਾਕ ਪੈਟਰਿਕ ਫਾਰਮਰ, ਉਸਦੀ ਪਤਨੀ ਤਾਨੀਆ ਫਾਰਮਰ ਤੇ ਹੋਰ ਟੀਮ ਮੈਂਬਰਾਂ ਡਾ. ਜੋਸਫ ਗਰੇਸ, ਜੌੌਸ਼ ਕੈਟੀਊ, ਕੈਟੀ ਵਾਲਸ, ਕੈਵਿਨ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਮਾਣ ਤੇ ਸਵਾਗਤ ਤੋਂ ਖੁਸ਼ ਹੋ ਕੇ ਪੈਟਰਿਕ ਫਾਰਮਰ ਨੇ ਕਿਹਾ ਕਿ ਭਾਰਤ ਸੱਚਮੁੱਚ ਬਹੁਤ ਖੂਬਸੂਰਤ ਦੇਸ਼ ਹੈ ਅਤੇ ਇਥੋਂ ਦੇ ਬਸ਼ਿੰਦੇ ਪਿਆਰ-ਮੁਹੱਬਤ ਵੰਡਣ ਵਾਲੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਲੋਕ ਭਾਰਤ ਵਿੱਚ ਮੁੰਬਈ ਜਾਂ ਗੋਆ ਆਦਿ ਨੂੰ ਹੀ ਰਮਣੀਕ ਤੇ ਸੈਰ ਸਪਾਟਾ ਸਥਾਨ ਸਮਝਦੇ ਹਨ ਪਰ ਸਭਿਆਚਾਰਕ ਭਿੰਨਤਾਵਾਂ ਅਤੇ ਅਨੇਕਤਾ ਵਿੱਚ ਏਕਤਾ ਦੀ ਪ੍ਰਤੀਕ ਇਸ ਧਰਤੀ ‘ਤੇ ਹੋਰ ਵੀ ਬਹੁਤ ਸਾਰੇ ਦੇਖਣਯੋਗ ਤੇ ਮਾਣਨਯੋਗ ਸਥਾਨ ਹਨ। ਉਨ੍ਹਾਂ ਕਿਹਾ ਕਿ ਭਾਰਤ ਵੱਖੋ-ਵੱਖਰੀਆਂ ਬੋਲੀਆਂ, ਸਭਿਆਚਾਰਾਂ ਅਤੇ ਕੌਮਾਂ ਦਾ ਦੇਸ਼ ਹੋਣ ਦੇ ਬਾਵਜੂਦ ਆਪਣੀ ਅਮੀਰ ਸਭਿਆਚਾਰਕ ਤੇ ਧਾਰਮਿਕ ਵਿਰਾਸਤ ਅਤੇ ਅਨੇਕਤਾ ਵਿੱਚ ਏਕਤਾ ਲਈ ਮਸ਼ਹੂਰ ਹੈ। ਪੈਟਰਿਕ ਫਾਰਮਰ ਨੇ ਕਿਹਾ ਕਿ ਚਾਹੇ ਉਹ ਨਿਊਜ਼ੀਲੈਂਡ, ਵੀਅਤਨਾਮ , ਮੱਧ ਪੂਰਬ ਅਮਰੀਕਾ ਤੇ ਉਤਰੀ ਅਮਰੀਕਾ ਦੇ ਵੱਖ-ਵੱਖ ਖੇਤਰਾਂ ਵਿੱਚ ਮੈਰਾਥਨ ਦੌੜ ਲਾ ਚੁੱਕੇ ਹਨ, ਪਰ ਭਾਰਤ ਦੀ ਕੁਦਰਤੀ ਸੁੰਦਰਤਾ ਤੇ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਇਨ੍ਹਾਂ ਦੌੜਾਂ ਵਿੱਚ ਵਿਲੱਖਣ ਤੇ ਯਾਦਗਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ 26 ਜਨਵਰੀ ਨੂੰ ਕੰਨਿਆ ਕੁਮਾਰੀ ਤੋਂ ਇਹ ਦੌੜ ਸ਼ੁਰੂ ਕੀਤੀ ਸੀ ਤੇ 30 ਮਾਰਚ ਨੂੰ ਕਸ਼ਮੀਰ ਦੇ ਸ੍ਰੀ ਨਗਰ ਜਾ ਕੇ ਇਸ ਦੌੜ ਨੂੰ ਸਮਾਪਤ ਕਰਨਗੇ।  ਸਬ ਡਵੀਜ਼ਨਲ ਮੈਜਿਸਟਰੇਟ ਬਟਾਲਾ ਸ੍ਰੀ ਸੌਰਬ ਅਰੋੜਾ ਨੇ ਆਸਟਰੇਲੀਅਨ ਦੌੜਾਕ ਪੈਟਰਿਕ ਨੂੰ ਜੀ ਆਇਆਂ ਆਖਦਿਆਂ ਜ਼ਿਲ੍ਹਾ ਗੁਰਦਾਸਪੁਰ ਦੀ ਵਿਲੱਖਣਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸ੍ਰੀ ਫਾਰਮਰ ਦੇ ਲੜਕੀਆਂ ਦੀਆਂ ਸਿੱਖਿਆ ਨੂੰ ਲੈ ਕੇ ਚਲਾਏ ਜਾ ਰਹੇ ਚੈਰਿਟੀ ਮਿਸ਼ਨ ਦੀ ਵੀ ਸ਼ਲਾਘਾ ਕੀਤੀ। ਸ੍ਰੀ ਅਰੋੜਾ ਨੇ ਕਿਹਾ ਕਿ ਮਿਸਟਰ ਪੈਟਰਕ ਨੇ ਆਪਣੀ ਦੌੜ ਰਾਹੀਂ ਜੋ ਰਾਸ਼ਟਰੀ ਏਕਤਾ ਦਾ ਸੱਦਾ ਦਿੱਤਾ ਹੈ ਇਸ ਨਾਲ ਭਾਰਤ ਤੇ ਆਸਟਰੇਲੀਆ ਦੇ ਰਿਸ਼ਤੇ ਹੋਰ ਮਜਬੂਤ ਹੋਣਗੇ।
ਬਾਅਦ ਵਿੱਚ ਐੱਸ.ਡੀ.ਐੱਮ. ਬਟਾਲਾ ਸ੍ਰੀ ਸੌਰਬ ਅਰੋੜਾ, ਤਹਿਸੀਲਦਾਰ ਮਨਦੀਪ ਮਾਨ, ਸਹਾਇਕ ਲੋਕ ਸੰਪਰਕ ਅਫਸਰ ਇੰਦਰਜੀਤ ਸਿੰਘ ਤੇ ਸਹਾਰਾ ਕੱਲਬ ਤੇ ਲੋਕ ਭਲਾਈ ਸੰਸਥਾ ਬੱਲਪੁਰੀਆਂ ਦੇ ਮੈਂਬਰਾਂ ਵੱਲੋਂ ਮਿਸਟਰ ਪੈਟਰਿਕ ਫਾਰਮਰ ਨਾਲ ਪਿੰਡ ਸ਼ੇਖੂਪੁਰ ਤੋਂ ਕੁਝ ਕਿਲੋਮੀਟਰ ਤੱਕ ਸੰਕੇਤਕ ਦੌੜ ਵੀ ਲਗਾਈ ਗਈ। ਸ੍ਰੀ ਫਾਰਮਰ ਦਾ ਰਾਤਰੀ ਪੜਾਅ ਗੁਰਦਾਸਪੁਰ ਵਿਖੇ ਹੋਵੇਗਾ ਜਿਥੋਂ ਕੱਲ ਉਹ ਆਪਣੇ ਅਗਲੇ ਪੜ੍ਹਾਅ ਲਈ ਰਵਾਨਾ ਹੋਣਗੇ। ਇਸ ਮੌਕੇ ਦੌੜ ਦੇ ਸਟੇਟ ਕੋਆਰਡੀਨੇਟਰ ਐੱਚ.ਐੱਸ. ਭੁੱਲਰ, ਟੂਰਿਜ਼ਮ ਅਫਸਰ ਬਲਰਾਜ ਸਿੰਘ, ਤਜਿੰਦਰ ਸਿੰਘ ਬਿਊਟੀ ਰੰਧਾਵਾ, ਮਾਸਟਰ ਜੋਗਿੰਦਰ ਸਿੰਘ ਅੱਚਲੀਗੇਟ, ਜਤਿੰਦਰ ਕੱਦ, ਸ਼ੁਭਾਸ਼ ਚੌਹਾਨ, ਗੁਰਮੀਤ ਸਿੰਘ ਬੱਲਪੁਰੀਆਂ, ਮੁਨੀਸ਼ ਸ਼ਰਮਾਂ, ਰਤਨ ਬਟਵਾਲ, ਸ. ਪ੍ਰੇਮ ਸਿੰਘ ਸਟੇਟ ਅਵਾਰਡੀ, ਬਿਕਰਮ, ਡਾ ਲੱਖੀ, ਰਾਜਨ, ਸੋਨੂੰ ਵੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply