
ਸੰਦੌੜ, 28 ਮਾਰਚ (ਹਰਮਿੰਦਰ ਸਿੰਘ)- ਬੀਤੇ ਦਿਨੀਂ ਕੁੱਝ ਸ਼ਿਵ ਸੈਨਿਕਾਂ ਵੱਲੋਂ ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸਮੁੱਚੀ ਸਿੱਖ ਕੌਮ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਸੰਬੰਧੀ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖ਼ਾਲਸਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਅਜਿਹੀਆਂ ਘਟਨਾਵਾਂ ‘ਤੇ ਰੋਕ ਨਾਂ ਲਾਈ ਗਈ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਵਰਕਰਾਂ ਨੇ ਸ਼ਿਵ ਸੈਨਾ ਪ੍ਰਧਾਨ ਦੀ ਐਕਸੀਡੈਂਟ ਵਿਚ ਹੋਈ ਮੌਤ ਸਮੇਂ ਅੰਮ੍ਰਿਤਧਾਰੀ ਸਿੱਖ ਦੇ ਕੇਸਾਂ ਦੀ ਬੇਅਦਬੀ ਤੇ ਕੁੱਟਮਾਰ ਕੀਤੀ ਹੈ, ਜੋ ਅਸਹਿਣਯੋਗ ਹੈ।ਇਸ ਮਸਲੇ ਨੂੰ ਨਾ ਸੁਲਝਾਉਣ ਦੀ ਕੋਸ਼ਿਸ਼ ਵਿਚ ਹਾਰ ਨੂੰ ਨਾ ਸਹਾਰਦੇ ਹੋਏ ਜਾਣਬੁੱਝ ਕੇ ਨਿਹੱਥੇ ਅੰਮ੍ਰਿਤਧਾਰੀ ਸਿੱਖ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਅਗਾਂਹ ਕਰਦਿਆਂ ਕਿਹਾ ਕਿ ਜੇਕਰ ਇਹਨਾਂ ਗੰਭੀਰ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਸਿੱਖਾਂ ਨੂੰ ਇਸ ਬਾਰੇ ਸੋਚਣਾ ਪਵੇਗਾ। ਪ੍ਰਸ਼ਾਸਨ ਦੀ ਹਾਜ਼ਰੀ ਵਿਚ ਇਸ ਤਰ੍ਹਾਂ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਲਈ ਪ੍ਰਸ਼ਾਸਨ ਤੁਰੰਤ ਇਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕਰੇ, ਜਿਸ ਨਾਲ ਇਸ ਤਰ੍ਹਾਂ ਦੇ ਅਨਸਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਸੇ ਦਿਨ ਹੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਉੱਪਰ ਕੋਈ ਸਖ਼ਤ ਕਾਰਵਾਈ ਨਾ ਕਰ ਕੇ ਇਸ ਮਸਲੇ ਨੂੰ ਹੋਰ ਨਾਜ਼ੁਕ ਸਥਿਤੀ ਤੇ ਪਹੁੰਚਾ ਦਿੱਤਾ ਹੈ ਇਸ ਦੇ ਪ੍ਰਤੱਖ ਸਬੂਤ ਵਜੋਂ ਹੁਣ ਤਾਂ ਵੀਡੀਓ ਕਲਿੱਪ ਵੀ ਸਾਹਮਣੇ ਆ ਗਏ ਹਨ ਜਿਸ ਨਾਲ ਸਾਰੀ ਸਚਾਈ ਦਾ ਪਤਾ ਲੱਗ ਗਿਆ ਹੈ।ਜੇਕਰ ਅਜੇ ਵੀ ਪ੍ਰਸ਼ਾਸਨ ਢਿੱਲਾ ਹੈ ਤਾਂ ਇਸ ਵਿਚ ਸਾਰਾ ਕਸੂਰ ਪ੍ਰਸ਼ਾਸਨ ਦਾ ਹੀ ਹੋਵੇਗਾ।
Punjab Post Daily Online Newspaper & Print Media