ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ) – ਆਮ ਲੋਕਾਂ ਵਿਚ ਹੋਮਿਓਪੈਥੀ ਅਤੇ ਆਯੂਰਵੇਦ ਇਲਾਜ ਪ੍ਰਣਾਲੀ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਜਿਸ ਦਾ ਮੁੱਖ ਕਾਰਨ ਇਨ੍ਹਾਂ ਪ੍ਰਣਾਲੀਆਂ ਦਾ ਆਮ ਲੋਕਾਂ ਦੀ ਪਹੁੰਚ ਵਿਚ ਹੋਣਾ ਅਤੇ ਇਸ ਦੇ ਹਾਨੀਕਾਰਕ ਪ੍ਰਭਾਵ ਨਾਂਹ ਦੇ ਬਰਾਬਰ ਹੋਣਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰਾਕੇਸ਼ ਕੁਮਾਰ ਖੁੱਲਰ ਨੇ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਵੱਲੋਂ ‘ਆਯੂਸ਼’ ਅਧੀਨ ਸਾਂਝੇ ਤੌਰ ‘ਤੇ ਇੰਦਰਾ ਕਾਲੋਨੀ ਵਿਖੇ ਲਗਾਏ ਮੁਫ਼ਤ ਚੈਕਅੱਪ ਕੈਂਪ ਦੌਰਾਨ ਕੀਤਾ। ਇਸ ਮੌਕੇ ਮਾਹਿਰ ਡਾਕਟਰਾਂ ਵੱਲੋਂ 798 ਮਰੀਜ਼ਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਡਾ. ਖੁੱਲਰ ਨੇ ਦੱਸਿਆ ਕਿ ਜੇਕਰ ਦਵਾਈ ਦੀ ਚੋਣ ਸਹੀ ਹੋਵੇ ਤਾਂ ਇਨ੍ਹਾਂ ਇਲਾਜ ਪ੍ਰਣਾਲੀਆਂ ਦੁਆਰਾ ਪੁਰਾਣੀ ਤੋਂ ਪੁਰਾਣੀ ਅਤੇ ਲਾਇਲਾਜ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਆਪਰੇਸ਼ਨ ਦੀ ਸਥਿਤੀ ਨੂੰ ਵੀ ਟਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਦਵਾਈਆਂ ਬਦਲਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਵਿਚ ਵੀ ਕਾਰਗਰ ਸਿੱਧ ਹੁੰਦੀਆਂ ਹਨ ਅਤੇ ਇਹ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਵਿਚ ਹੋਣ ਵਾਲੀਆਂ ਬਿਮਾਰੀਆਂ ਵਿਚ ਬਹੁਤ ਲਾਭਦਾਇਕ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਇਲਾਜ ਪ੍ਰਣਾਲੀਆਂ ਨੂੰ ਅਪਣਾ ਕੇ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਮੌਕੇ ਐਚ. ਐਮ. ਓ ਡਾ. ਨਵਜੀਤ ਕੌਰ, ਡਿਸਪੈਂਸਰ ਰਾਜ ਕੁਮਾਰ, ਹਰੀਸ਼ ਕੁਮਾਰ, ਡੀ. ਏ. ਯੂ. ਓ ਡਾ. ਅਵਤਾਰ ਕ੍ਰਿਸ਼ਨ ਵਰਮਾ, ਡਾ. ਅਮਿਤ ਮਹਾਜਨ, ਏ. ਐਮ. ਓ ਡਾ. ਸੋਨੀਆ ਸ਼ਰਮਾ, ਹਰਜਿੰਦਰ ਸਿੰਘ ਉਪਵੈਦ, ਅਮਨਦੀਪ ਉਪਵੈਦ, ਡਾ. ਆਤਮਜੀਤ ਸਿੰਘ ਬਸਰਾ, ਡਾ. ਸੁਰਿੰਦਰ ਸਿੰਘ ਸੰਧੂ ਅਤੇ ਅਨਮੋਲਦੀਪ ਸਿੰਘ ਨੇ ਪੂਰਾ ਸਹਿਯੋਗ ਦਿੱਤਾ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media