ਅੰਮ੍ਰਿਤਸਰ, 29 ਮਾਰਚ (ਪ.ਪ)- ਜਨਵਰੀ ਮਹੀਨੇ ਵਿਚ ਪਠਾਨਕੋਟ ਦੇ ਏਅਰਬੇਸ ਤੇ ਹੋਏ ਹਮਲੇ ਦੀ ਜਾਂਚ ਕਰਨ ਆਈ ਪਾਕਿਸਤਾਨੀ ਜੁਆਇੰਟ ਇਨਵੈਸਟੀਗੇਸ਼ਨ ਟੀਮ ਨੂੰ ਹਾਸੋਹੀਣਾ ਅਤੇ ਇਕ ਘਿਨਾਉਣੀ ਸਾਜਿਸ਼ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਜਿੰਨਾਂ ਲੋਕਾਂ ਨੇ ਪਠਾਨਕੋਟ ਹਮਲਾ ਕੀਤਾ ਸੀ ਉਨ੍ਹਾਂ ਤੋਂ ਹੀ ਸਰਟੀਫਿਕੇਟ ਲੈਣ ਦੀ ਕੋਈ ਜਰੂਰਤ ਨਹੀਂ।
”ਇਸ ਤੋਂ ਮੰਦਭਾਗਾ ਹੋਰ ਕੀ ਹੋ ਸਕਦਾ ਹੈ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲਾ ਦੇਸ਼ ਅਜਿਹੇ ਦੇਸ਼ ਦੀ ਜੁਆਇੰਟ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਪੜਤਾਲ ਤੇ ਨਿਰਭਰ ਹੋ ਰਿਹਾ ਹੈ, ਜਿਸਨੇ ਸਾਰੇ ਹਮਲੇ ਦੀ ਸਾਜਿਸ਼ ਰਚੀ ਸੀ” ਇਹ ਗੱਲ ਘੁੱਗੀ ਨੇ ਮਾਝਾ ਜੋੜੋ ਮੁਹਿੰਮ ਦੇ ਤਹਿਤ ਸੁਲਤਾਨਵਿੰਡ ਪਿੰਡ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਪਿੰਡ ਪੱਧਰ ਤੇ ਹੋਣ ਕਾਰਣ ਭਾਵੇਂ ਇਸ ਇਕੱਠ ਵਿਚ ਪਿੰਡ ਦੇ ਹੀ ਲੋਕਾਂ ਦੇ ਸ਼ਾਮਲ ਹੋਣ ਬਾਰੇ ਸੋਚਿਆ ਜਾ ਰਿਹਾ ਸੀ ਪਰੰਤੂ ਕੁਝ ਹੀ ਮਿੰਟਾਂ ਵਿਚ ਇਹ ਇਕੱਠ ਇਕ ਰੈਲੀ ਦਾ ਰੂਪ ਧਾਰਨ ਕਰ ਗਿਆ।
”ਪ੍ਰਧਾਨ ਮੰਤਰੀ ਮੋਦੀ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੂੰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨਾਲੋਂ ਪਾਕਿਸਤਾਨ ਦੀ ਸੁਰੱਖਿਆ ਏਜੰਸੀ ਦੁਆਰਾ ਕੀਤੀ ਗਈ ਤਫਤੀਸ਼ ਦੇ ਵੱਧ ਭਰੋਸਾ ਹੈ? ਉਹ ਦੱਸਣ ਕੀ ਅਜਿਹੀ ਕੀ ਲੋੜ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਸੁਰੱਖਿਆ ਏਜੰਸੀ ਨੂੰ ਭਾਰਤ ਵਿਚ ਤਫਤੀਸ਼ ਲਈ ਬੁਲਾਉਣਾ ਪਿਆ। ਜੇਕਰ ਪਾਕਿਸਤਾਨ ਦੁਆਰਾ ਭੇਜੀ ਗਈ ਜੁਆਇੰਟ ਇਨਵੈਸਟੀਗੇਸ਼ਨ ਟੀਮ ਇਹ ਕਹਿੰਦੀ ਹੈ ਕਿ ਇਸ ਵਿਚ ਪਾਕਿਸਤਾਨੀ ਸਾਜਿਸ਼ ਰਚਨ ਵਾਲਿਆਂ ਦਾ ਕੋਈ ਰੋਲ ਨਹੀਂ ਤਾਂ ਇਸ ਸਥਿਤੀ ਵਿਚ ਮੋਦੀ ਕੀ ਕਰਨਗੇ?” ਘੁੱਗੀ ਨੇ ਪੁੱਛਿਆ।
ਆਪ ਨੇਤਾ ਨੇ ਕਿਹਾ ਕਿ ਸਰਹੱਦ ਪਾਰੋਂ ਅੱਤਵਾਦ ਦੇ ਨਾਲ-ਨਾਲ ਪੰਜਾਬ ਦੇ ਲੋਕ ਅਕਾਲੀਆਂ ਦੁਆਰਾ ਫੈਲਾਏ ਗਏ ਨਸ਼ਾ-ਅੱਤਵਾਦ ਨਾਲ ਵੀ ਜੂਝ ਰਹੇ ਹਨ। ਘੁੱਗੀ ਨੇ ਕਿਹਾ ਕਿ ”ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਪਿੰਡ ਵਿਚ ਹਰ ਨੁੱਕਰ ਅਤੇ ਹਰ ਕੋਨੇ ਤੇ ਨਸ਼ਾ ਬੜੇ ਸੁਖਾਲੇ ਹੀ ਮਿਲ ਸਕਦਾ ਹੈ ਅਤੇ ਨਸ਼ੇ ਦੇ ਵਪਾਰੀ ਬਿਨਾ ਪੁਲਿਸ ਅਤੇ ਸਰਕਾਰ ਦੇ ਡਰ ਤੋਂ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ।” ਜਦੋਂ ਘੁੱਗੀ ਨੇ ਲੋਕਾਂ ਦੇ ਸਮੂਹ ਤੋਂ ਇਸ ਗੱਲ ਬਾਰੇ ਪੁੱਛਿਆ ਕੀ ਸਿਆਸੀ ਸਰਪ੍ਰਸਤੀ ਤੋਂ ਬਿਨਾ ਨਸ਼ੇ ਦਾ ਵਪਾਰ ਸੰਭਵ ਹੈ ਤਾਂ ਹਾਜਰ ਭੀੜ ਨੇ ਸਪੱਸ਼ਟ ਤੌਰ ‘ਤੇ ਨਾਂਹ ਵਿਚ ਜਵਾਬ ਦਿੱਤਾ।
ਘੁੱਗੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਨੌਕਰੀਆਂ ਦੀ ਅਣਹੋਂਦ ਕਾਰਨ ਨਸ਼ੇ ਦਾ ਜਾਲ ਵਿਚ ਫਸ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਕਾਰਜਾਂ ਲਈ ਵਰਤ ਕੇ ਪੰਜਾਬ ਨੂੰ ਉਹੀ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ, ਜਿਸਦੇ ਲਈ ਪੰਜਾਬ ਸਦੀਆਂ ਤੋਂ ਜਾਣਿਆ ਜਾ ਰਿਹਾ ਸੀ।ਇਸ ਮਗਰੋਂ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵੀ ਘੁੱਗੀ ਦੇ ਨਾਲ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਸਾਹਮਣੇ ਕਿੰਗ ਪੈਲੇਸ ਵਿਚ ਲੋਕਾਂ ਦੇ ਸਮੂਹ ਨੂੰ ਸੰਬੋਧਨ ਕੀਤਾ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media