ਅੰਮ੍ਰਿਤਸਰ, 30 ਮਾਰਚ (ਸੁਖਬੀਰ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ 2 ਰੋਜ਼ਾ ‘ਪੰਜਾਬ ਯੁਵਾ ਸਾਹਿਤ ਉਤਸਵ’ ਦੇ ਅਗਾਜ਼ ਸਮੇਂ ਉੱਘੇ ਪੰਜਾਬੀ ਕਵੀ ਸ: ਸੁਰਜੀਤ ਪਾਤਰ ਨੇ ਯੁਵਾਂ ਸਾਹਿਤਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਮਾਜ ਨੂੰ ਸੇਧ ਦੇਣ ਦਾ ਸਾਹਿਤ ਸਿਰਜਣ ਦੀ ਅਪੀਲ ਕੀਤੀ। ਸ: ਪਾਤਰ ਨੇ ਕਿਹਾ ਕਿ ਅਜਿਹੇ ਸਾਹਿਤ ਦੀ ਸਿਰਜਣਾ ਕਰਨੀ ਲਾਜ਼ਮੀ ਹੈ ਜੋ ਦਾਰਸ਼ਨਿਕ ਸੱਚ ਨੂੰ ਬਿਆਨ ਕਰਦੀ ਹੋਵੇ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਪਰੰਤ ਸ: ਪਾਤਰ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਵਿਸ਼ੇਸ਼ ਭੇਟ ਦੌਰਾਨ ਮਾਂ ਬੋਲੀ ਪੰਜਾਬੀ ਦੀ ਦਸ਼ਾ ਅਤੇ ਦਿਸ਼ਾ ‘ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਉੱਤਮ ਸਾਹਿਤ ਵਾਲੀ ਬੋਲੀ ਕਰਾਰ ਦਿੰਦਿਆ ਕਿਹਾ ਕਿ ਯੁਵਾ ਸਾਹਿਤਕਾਰਾਂ ਨੂੰ ਸਮਾਜ ਵਿਚਲੇ ਸੱਚ ਨੂੰ ਉਭਾਰਣ ਵਾਲੇ ਸਾਹਿਤ ਦਾ ਨਿਰਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਹਮੇਸ਼ਾਂ ਹੀ ਵੱਖ-ਵੱਖ ਪੜ੍ਹਾਵਾਂ ਵਿੱਚੋਂ ਗੁਜ਼ਰਦਾ ਹੈ ਅਤੇ ਸਹੀ ਸਾਹਿਤ ਹੀ ਨਿਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਸਹਾਈ ਸਿੱਧ ਹੁੰਦਾ ਹੈ।
ਸ: ਛੀਨਾ ਨੇ ਸ: ਪਾਤਰ ਨਾਲ ਗੱਲਬਾਤ ਦੌਰਾਨ ਪੰਜਾਬੀ ਮਾਂ ਬੋਲੀ ਦੀ ਵੱਧਦੀ ਲੋਕਪ੍ਰਿਯਤਾ ਅਤੇ ਇਸਨੂੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ‘ਤੇ ਗੋਸ਼ਟੀਆਂ ਅਤੇ ਸੈਮੀਨਾਰਾਂ ਰਾਹੀਂ ਪ੍ਰਫੁਲਿੱਤ ਕਰਨ ਸਬੰਧੀ ਵਿਚਾਰ ਸਾਂਝੇ ਕੀਤੇ। ਸ: ਛੀਨਾ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲ ਕੇ ਸ: ਪਾਤਰ ਨੂੰ ਮੈਨੇਜ਼ਮੈਂਟ ਦਫਤਰ ਵਿਖੇ ਪਹੁੰਚਣ ‘ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਨਿੱਘਾ ਸਵਾਗਤ ਕੀਤਾ।
ਇਸ ਉਤਸਵ ਦੌਰਾਨ ਪੰਜਾਬ ਅਤੇ ਹੋਰ ਰਾਜਾਂ ਤੋ ਸਾਹਿਤ ਦੇ ਵੱਖ ਵੱਖ ਵਿਧਾਵਾਂ ਨਾਲ ਸਬੰਧ ਰੱਖਣ ਵਾਲੇ ਯੁਵਾ ਸਾਹਿਤਕਾਰਾਂ ਨੇ ਭਾਰੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ। ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ, ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਦੇ ਡੀਨ ਵਿਦਿਅਕ ਮਾਮਲੇ ਡਾ ਪਰਮਜੀਤ ਸਿੰਘ ਜੱਜ, ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਅੰਗਰੇਜੀ ਵਿਭਾਗ ਦੇ ਮੁਖੀ ਡਾ ਰਾਜੇਸ਼ ਕੁਮਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸ: ਪਾਤਰ ਨੇ ਕਿਹਾ ਕਿ ਨੌਜਵਾਨ ਸਾਹਿਤਕਾਰਾਂ ਨੂੰ ਨਵੀਆਂ ਪੈੜਾਂ ਸਿਰਜਣੀਆਂ ਚਾਹੀਦੀਆਂ ਹਨ। ਬੀਤੇ ਦੇ ਸਾਹਿਤਕਾਰ ਅੱਜ ਦੇ ਸਾਹਿਤਕਾਰਾਂ ਦੇ ਆਦਰਸ਼ ਤਾਂ ਹੋ ਸਕਦੇ ਹਨ, ਪਰ ਅਜੋਕੇ ਸਾਹਿਤਕਾਰਾਂ ਨੂੰ ਨਵੀਂ ਸੇਧ ਖੁਦ ਲੈਣੀ ਪਵੇਗੀ, ਤਾਂ ਹੀ ਉਚ ਕੋਟੀ ਅਤੇ ਅੱਜ ਦੇ ਸਮੇਂ ਦੇ ਹਾਣ ਦਾ ਸਾਹਿਤ ਹੋਂਦ ਵਿਚ ਆਵੇਗਾ। ਆਪਣੀ ਯੁਵਾ ਅਵਸਥਾ ਨੂੰ ਯਾਦ ਕਰਦਿਆਂ ਸੁਰਜੀਤ ਪਾਤਰ ਨੇ ਆਪਣੇ ਕਾਲ ਦੇ ਨਾਮਵਰ ਕਵੀਆਂ ਪ੍ਰੋ ਮੋਹਨ ਸਿੰਘ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਤੇ ਐਸਐਸ ਮੀਸ਼ਾਂ ਨਾਲ ਬਿਤਾਏ ਭਾਵੁਕ ਪਲਾਂ ਨੂੰ ਵੀ ਸਰੋਤਿਆਂ ਦੇ ਰੂਬਰੂ ਕੀਤਾ।
ਇਸ ਉਪਰੰਤ ਪ੍ਰਧਾਨਗੀ ਭਾਸ਼ਣ ਦਿੰਦੇ ਡਾ. ਪਰਮਜੀਤ ਸਿੰਘ ਜੱਜ ਨੇ ਨਵੇਂ ਅਤੇ ਯੁਵਾ ਸਾਹਿਤਕਾਰਾਂ ਸੱਦਾ ਦਿੱਤਾ ਕਿ ਅਜੋਕੇ ਆਲੋਚਕਾਂ ਨੂੰ ਨਜ਼ਰਅੰਦਾਜ ਕਰਦੇ ਆਪਣੇ ਸਿਰਜਣਾਤਮਕਿ ਕਾਰਜ ਨੂੰ ਨਿਰੰਤਰ ਜਾਰੀ ਰੱਖਣ ਅਤੇ ਅਜਿਹਾ ਸਾਹਿਤ ਰਚਨ,ਜੋ ਨਵੀਆਂ ਕਦਰਾਂ ਕੀਮਤਾਂ ਨੂੰ ਸਥਾਪਿਤ ਕਰਦਾ ਹੋਵੋ।
ਇਸ ਮੌਕੇ ਤੇ ਪੰਜਾਬੀ ਸਾਹਿਤ ਅਕਾਦਮੀ ਵਲੋਂ ਕਹਾਣੀਕਾਰ ਬਲਦੇਵ ਧਾਲੀਵਾਲ ਵਲੋਂ ਪਿਛਲੇ ਦਸਾਂ ਸਾਲਾਂ ਦੀ ਕਹਾਣੀਆਂ ਦੀ ਸੰਪਾਦਿਤ ਕੀਤੀ ਪੁਸਤਕ ‘ਤੋਤਾ ਮੈਨਾ ਅਤੇ ਸਮਾਂ’ ਵੀ ਲੋਕ ਅਰਪਣ ਕੀਤੀ ਗਈ। ਇਸ ਮੌਕੇ ਡਾ. ਰਮਿੰਦਰ ਕੌਰ, ਡਾ. ਹਰਪਾਲ ਸਿੰਘ ਪੰਨੂੰ, ਡਾ. ਸੁਰਜੀਤ ਸਿੰਘ, ਬਲਦੇਵ ਧਾਲੀਵਾਲ, ਸਰਬਜੀਤ ਕੌਰ ਸੋਹਲ, ਡਾ. ਸੁਖਬੀਰ ਸਿੰਘ, ਡਾ. ਦਵਿੰਦਰ ਕੌਰ, ਡਾ. ਆਤਮ ਸਿੰਘ ਰੰਧਾਵਾ, ਡਾ ਪ੍ਰੇਮ ਸਿੰਘ ਆਦਿ ਹਾਜਰ ਸਨ। ਇਸ ਦੌਰਾਨ ਮੰਚ ਦਾ ਸੰਚਾਲਨ ਜਸਵੰਤ ਜਫਰ ਨੇ ਬਾਖੂਬੀ ਨਿਭਾਇਆ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media