Wednesday, June 17, 2026

ਪਲਾਸਟਿਕ ਕੈਰੀ ਬੈਗ ਦੇ ਉਤਪਾਦਨ, ਸਟਾਕ, ਵੰਡ, ਰੀਸਾਇਕਲ, ਵਿਕਰੀ ਤੇ ਵਰਤੋਂ ‘ਤੇ ਲੱਗੀ ਪਾਬੰਦੀ

ਪਠਾਨਕੋਟ, 30 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਨੋਟੀਫਿਕੇਸ਼ਨ ਨੰਬਰ 5/182016-4 ਐਲਜੀ4/692717/1 ਮਿਤੀ 18/2/2016 ਤਹਿਤ ਪੰਜਾਬ ਰਾਜ ਦੇ ਸ਼ਹਿਰੀ ਖੇਤਰਾਂ ਵਿੱਚ 1 ਅਪ੍ਰੈਲ, 2016 ਤੋਂ ਪਲਾਸਟਿਕ ਕੈਰੀ ਬੈਗ ਦੇ ਉਤਪਾਦਨ, ਸਟਾਕ, ਵੰਡ, ਰੀਸਾਇਕਲ, ਵਿਕਰੀ ਅਤੇ ਵਰਤੋਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਜਾਣਕਾਰੀ ਸ਼੍ਰੀ ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਕੰਪਲੈਕਸ ਪਠਾਨਕੋਟ ਵਿਖੇ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲਾਂ, ਕੁਲਦੀਪ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸੁਖਦੇਵ ਸਿੰਘ ਤੇ ਜਸਰਿੰਦਰ ਸਿੰਘ ਸ਼ੇਰਗਿੱਲ (ਦੋਵੇਂ ਸਹਾਇਕ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ), ਵਿਜੇ ਮਹਿਤਾ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਸੁਜਾਨਪੁਰ ਅਤੇ ਸਮੂਹ ਬੀ.ਡੀ.ਪੀ.ਓਜ਼ ਵੀ ਹਾਜ਼ਰ ਸਨ।  ਵਧੀਕ ਡਿਪਟੀ ਕਮਿਸ਼ਨਰ (ਜ) ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ 1 ਅਪ੍ਰੈਲ, 2016 ਤੋਂ ਪਲਾਸਟਿਕ ਕੈਰੀ ਬੈਗ ਦੇ ਉਤਪਾਦਨ, ਸਟਾਕ, ਵੰਡ, ਰੀਸਾਇਕਲ, ਵਿਕਰੀ ਅਤੇ ਵਰਤੋਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਦੁਕਾਨਦਾਰ, ਥੋਕ ਵਿਕਰੇਤਾ ਜਾਂ ਆਮ ਆਦਮੀ ਤੋਂ ਪਲਾਸਟਿਕ ਕੈਰੀ ਬੈਗ ਬਰਾਮਦ ਹੁੰਦਾ ਹੈ ਤਾਂ ਮੌਕੇ ‘ਤੇ 2000 ਰੁਪਏ ਦਾ ਜੁਰਮਾਣਾ ਕਰ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਵਿਅਕਤੀ ਜੁਰਮਾਣਾ ਭੁਗਤਣ ਤੋਂ ਗੁਰੇਜ ਕਰਦਾ ਹੈ ਤਾਂ ਉਸ ਦਾ ਚਲਾਣ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਤਹਿਤ 1000 ਰੁਪਏ ਤੱਕ ਦਾ ਜੁਰਮਾਣਾ ਜਾਂ ਇੱਕ ਮਹੀਨੇ ਦੀ ਕੈਦ ਜਾਂ ਦੋਵੇਂ ਹੀ ਹੋ ਸਕਦੇ ਹਨ। ਉਨ੍ਹਾਂ ਨੇ ਦੁਕਾਨਦਾਰਾਂ ਅਤੇ ਥੋਕ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪਲਾਸਟਿਕ ਕੈਰੀ ਬੈਗ ਦਾ ਸਟਾਕ ਨਗਰ ਨਿਗਮ ਪਠਾਨਕੋਟ ਅਤੇ ਨਗਰ ਕੌਂਸਲ ਸੁਜਾਨਪੁਰ ਦੇ ਦਫ਼ਤਰ ਵਿਖੇ 1 ਅਪ੍ਰੈਲ, 2016 ਤੋਂ ਪਹਿਲਾਂ-ਪਹਿਲਾਂ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਿਰਧਾਰਤ ਮਿਤੀ ਤੋਂ ਪਹਿਲਾਂ ਪਹਿਲਾਂ ਆਪਣਾ ਸਟਾਕ ਉਕਤ ਸਬੰਧਤ ਦਫ਼ਤਰ ਵਿੱਚ ਜਮ੍ਹਾ ਕਰਵਾਉਂਦਾ ਹੈ ਤਾਂ ਉਸ ਨੂੰ ਕੋਈ ਵੀ ਜੁਰਮਾਨਾ ਨਹੀਂ ਲਗਾਇਆ ਜਾਵੇਗਾ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply