ਕੇਜਰੀਵਾਲ ਨਟਵਰ ਲਾਲ ਅਤੇ ‘ਆਪ’ ਕਿਰਦਾਰ ਮੁਤਾਬਕ ‘ਲੁੱਟ ਖੋਹ ਪਾਰਟੀ’ – ਮਜੀਠੀਆ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦਿਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਅੱਜ ਅੰਮ੍ਰਿਤਸਰ ਵਿਖੇ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਪੰਜਾਬ ਦੇ ਹੱਕਾਂ ਹਿਤਾਂ ਦੀ ਰਾਖੀ ਲਈ ਅਕਾਲੀ ਦਲ ਨਾਲ ਡੱਟ ਕੇ ਖਲੋਣ ਦਾ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ, ਜਿਸ ਨੂੰ ਹਾਜ਼ਰ ਸਮੂਹ ਮੁਜ਼ਾਹਰਾਕਾਰੀਆਂ ਵੱਲੋਂ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨ ਕੀਤਾ ਗਿਆ।
ਅੱਜ ਜ਼ਿਲ੍ਹਾ ਕਚਹਿਰੀ ਚੌਕ ਵਿਖੇ ਜ਼ਿਲ੍ਹਾ ਪ੍ਰਧਾਨ ਸ: ਵੀਰ ਸਿੰਘ ਲੋਪੋਕੇ ਅਤੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਸੱਦੇ ‘ਤੇ ਦੋ ਘੰਟੇ ਤੋਂ ਵਧ ਸਮੇਂ ਤੱਕ ਕਾਮਯਾਬੀ ਨਾਲ ਚਲਿਆ ਰੋਸ ਮੁਜ਼ਾਹਰਾ ਗਿਣਤੀ ਅਤੇ ਉਤਸ਼ਾਹ ਪੱਖੋਂ ਜ਼ਬਰਦਸਤ ਰਿਹਾ। ਇਸ ਦੌਰਾਨ ਕੇਜਰੀਵਾਲ ਦਾ ਪੁਤਲਾ ਜ਼ਿਲ੍ਹਾ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਵੱਲੋਂ ਫੂਕਿਆ ਗਿਆ।
ਸ: ਮਜੀਠੀਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਹਨ, ਨੇ ਸੰਬੋਧਨ ਕਰਦਿਆਂ ਕੇਜਰੀਵਾਲ ‘ਤੇ ਕਈ ਨਿਸ਼ਾਨੇ ਫੁੰਡੇ। ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਜਾਣਕਾਰੀ ਵਿੱਚ ਸ: ਮਜੀਠੀਆ ਨੇ ਕੇਜਰੀਵਾਲ ਦੀ ਤੁਲਨਾ ਨਟਵਰ ਲਾਲ ਅਤੇ ਸੋਭ ਰਾਜ ਨਾਲ ਕੀਤੀ ਅਤੇ ਆਮ ਆਦਮੀ ਪਾਰਟੀ ਨੂੰ ਆਪਣੇ ਕਿਰਦਾਰ ਮੁਤਾਬਕ ‘ਲੁੱਚ ਖੋਹ ਪਾਰਟੀ’ ਵੱਜੋ ਨਾਮ ਬਦਲ ਲੈਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਦੇ ਹੱਕ ਦੇ ਉਲਟ ਜੇ ਕਿਸੇ ਨੇ ਸਟੈਂਡ ਲਿਆ ਤਾਂ ਉਸ ਨੂੰ ਪੰਜਾਬੀ ਸਬਕ ਸਿਖਾ ਦੇਣਗੇ।
ਉਹਨਾਂ ਐਸ ਵਾਈ ਐਲ ਮੱਦੇ ‘ਤੇ ਪੰਜਾਬੀਆਂ ਨਾਲ ਧੋਖਾ ਕਰਨ ਅਤੇ ਗੁਰਦਵਾਰਾ ਸੀਸਗੰਜ ਸਾਹਿਬ ਦਿਲੀ ਦੇ ਅੱਗੋਂ ਪਿਆਉ ਤੁੜਵਾਉਣ ਲਈ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕੇਜਰੀਵਾਲ ਦਾ ਪੰਜਾਬ ਵਿਰੋਧੀ ਅਸਲ ਚਿਹਰਾ ਸਭ ਦੇ ਸਾਹਮਣੇ ਨਸ਼ਰ ਹੋ ਚੁੱਕਿਆ ਹੈ। ਕੇਜਰੀਵਾਲ ਪੰਜਾਬੀਆਂ ਨੂੰ ਮੂਰਖ ਸਮਝ ਰਿਹਾ ਹੈ, ਉਸ ਨੇ ਪੰਜਾਬ ਵਿੱਚ ਆ ਕੇ ਪੰਜਾਬ ਦੇ ਹੱਕਾਂ ਦੀ ਗਲ ਕੀਤੀ ਪਰ ਦਿਲੀ ਜਾ ਕੇ ਨਾ ਕੇਵਲ ਆਪਣੀ ਗਲ ਤੋਂ ਯੂ ਟਰਨ ਲਿਆ ਸਗੋਂ ਪੰਜਾਬ ਦਾ ਜੰਮ ਕੇ ਵਿਰੋਧ ਵੀ ਕੀਤਾ। ਹੁਣ ਸੁਪਰੀਮ ਕੋਰਟ ਵਿੱਚ ਪੰਜਾਬ ਵਿਰੋਧੀ ਸਟੈਂਡ ਲੈ ਕੇ ਹਰਿਆਣੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਸ: ਮਜੀਠੀਆ ਨੇ ਦੋਸ਼ ਲਾਇਆ ਕਿ ਪੰਜਾਬੀਆਂ ਦੇ ਰੋਸ ਨੂੰ ਦੇਖਦਿਆਂ ਉਹ ਹੁਣ ਸੁਪਰੀਮ ਕੋਰਟ ਵਿੱਚ ਕੀਤੇ ਜਾ ਰਹੇ ਪੰਜਾਬ ਵਿਰੋਧੀ ਕਾਰਿਆਂ ਦਾ ਭਾਂਡਾ ਵਕੀਲ ਸਿਰ ਭੰਨਣ ਦਾ ਡਰਾਮਾ ਕਰ ਰਿਹਾ ਹੈ, ਜਦਕਿ ਕੇਜਰੀਵਾਲ ਸਰਕਾਰ ਵੱਲੋਂ ਪੇਸ਼ ਹੁੰਦੇ ਰਹੇ ਵਕੀਲ ਨੇ ਵੀ ਪੋਲ ਖੋਲ੍ਹਦਿਆਂ ਇਹ ਖੁਲਾਸਾ ਕਰ ਦਿੱਤਾ ਦਿੱਤਾ ਹੈ ਕਿ ਜੋ ਵੀ ਹਦਾਇਤ ਦਿਲੀ ਸਰਕਾਰ ਵੱਲੋਂ ਮਿਲਦੀ ਰਹੀ ਉਸ ਅਨੁਸਾਰ ਹੀ ਉਹ ਐਸ ਵਾਈ ਐਲ ਮੁੱਦੇ ‘ਤੇ ਪੰਜਾਬ ਦਾ ਵਿਰੋਧ ਕਰਦਾ ਰਿਹਾ। ਉਹਨਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਅਸਲ ਰਾਖਾ ਮੁੱਖ ਮੰਤਰੀ ਸ; ਪ੍ਰਕਾਸ਼ ਸਿੰਘ ਬਾਦਲ ਹਨ, ਜਿੰਨਾਂ ਨੇ 1982 ਵਿਚ ਇੰਦਰਾ ਗਾਂਧੀ ਵੱਲੋਂ ਨਹਿਰ ਦੀ ਉੱਸਾਰੀ ਲਈ ਟੱਕ ਲਾਉਣ ਦਾ ਪੂਰੀ ਦਲੇਰੀ ਨਾਲ ਵਿਰੋਧ ਕੀਤਾ ਅਤੇ ਗ੍ਰਿਫ਼ਤਾਰੀ ਦੇਣ ਵਾਲੇ ਪਹਿਲੇ ਜਥੇ ਦੀ ਅਗਵਾਈ ਕੀਤੀ, ਜਦ ਕਿ ਕੈਪਟਨ ਅਮਰਿੰਦਰ ਸਿੰਘ ਇੰਦਰਾ ਗਾਂਧੀ ਦਾ ਸਵਾਗਤ ਕਰਨ ਵਾਲਿਆਂ ਵਿਚ ਸ਼ਾਮਿਲ ਸਨ।
ਉਨਾਂ ਕਿਹਾ ਕਿ ਅੱਜ ਫਿਰ ਉਹੀ ਦਲੇਰੀ ਸ: ਬਾਦਲ ਵਿਚ ਵੇਖਣ ਨੂੰ ਮਿਲ ਰਹੀ ਹੈ, ਜਿਨ੍ਹਾਂ ਨੇ ਕਿਹਾ ਕਿ ਸਰਕਾਰ ਰਹੇ ਜਾਂ ਨਾ ਰਹੇ ਪਰ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਪੰਜਾਬ ਦੇ ਹੱਕ ਵਿੱਚ ਸਖ਼ਤ ਫੈਸਲਾ ਲਿਆ ਅਤੇ ਵਿਧਾਨ ਸਭਾ ਵਿੱਚ ਬਿਲ ਪਾਸ ਕਰਦਿਆਂ ਨਹਿਰ ਲਈ ਕਾਂਗਰਸੀ ਮੁੱਖ ਮੰਤਰੀਆਂ ਵੱਲੋਂ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਹਾਸਲ ਕੀਤੀ ਗਈ 4000 ਏਕੜ ਜ਼ਮੀਨ ਮੁਫ਼ਤ ਵਾਪਸ ਕਰ ਦਿੱਤੀ ਅਤੇ ਹਰਿਆਣਾ ਤੋਂ ਨਹਿਰ ਬਣਾਉਣ ਲਈ ਕਾਂਗਰਸੀ ਮੁੱਖ ਮੰਤਰੀ ਵੱਲੋਂ ਲਏ 192 ਕਰੋੜ ਰੁਪੈ ਵੀ ਵਾਪਸ ਮੋੜ ਦਿੱਤਾ।
ਸ. ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਮੇਂ ਉਹ ਫੈਸਲੇ ਰੱਦ ਕਰਵਾਏ ਹਨ ਜੋ ਕਾਂਗਰਸੀ ਮੁੱਖ ਮੰਤਰੀਆਂ ਨੇ ਪੰਜਾਬ ਦੇ ਹਿਤਾਂ ਦੇ ਖ਼ਿਲਾਫ਼ ਲਏ ਸਨ, ਅਜਿਹਾ ਕਰ ਕੇ ਕੈਪਟਨ ਨੇ ਕਾਂਗਰਸੀ ਮੁੱਖ ਮੰਤਰੀਆਂ ਦੀਆਂ ਨਾਲਾਇਕੀਆਂ ਤੇ ਗਲਤੀਆਂ ਨੂੰ ਕਬੂਲ ਕੀਤਾ ਹੈ। ਉਹਨਾਂ ਕਾਂਗਰਸੀਆਂ ਨੂੰ ਝੰਜੋੜਦਿਆਂ ਕਿਹਾ ਕਿ ਜੇ ਉਹਨਾਂ ਦਾ ਪੰਜਾਬੀ ਖੂਨ ਜੰਮ ਨਹੀਂ ਗਿਆ ਤਾਂ ਉਹ ਪੰਜਾਬ ਦੇ ਵਿਰੁੱਧ ਕਾਰਜਸ਼ੀਲ ਤੱਤਾਂ ਦਾ ਸਖ਼ਤ ਵਿਰੋਧ ਕਰਨ।
ਉਹਨਾਂ ‘ਆਪ’ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਗੁਰਦਵਾਰਾ ਸੀਸਗੰਜ ਸਾਹਿਬ ਦੇ ਪਿਆਉ ਤੁੜਾਉਣਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਉਹਨਾਂ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ ਨੇ ’84 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੀ ਗਲਤੀ ਕੀਤੀ ਸੀ ਜੋ ਅੱਜ ਕੇਜਰੀਵਾਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਦੇ ਦਰਦ ਨੂੰ ਪੰਜਾਬੀ ਹੀ ਸਮਝ ਸਕਦਾ ਹੈ ਅਤੇ ਉਹ ਪੰਜਾਬੀ, ਜਿੰਨਾਂ ਨੇ ਦੇਸ਼ ਦੀ ਆਜ਼ਾਦੀ ਲਈ ਕੌਮ ਦੀ ਅਗਵਾਈ ਕੀਤੀ ਸੀ, ਨੂੰ ਅੱਜ ਨੂੰ ਕਿਸੇ ਵੀ ਯੂ ਪੀ ਜਾਂ ਬਿਹਾਰ ਵਾਲਿਆਂ ਦੀ ਅਗਵਾਈ ਦੀ ਲੋੜ ਨਹੀਂ। ਉਹਨਾਂ ਕਿਹਾ ਕਿ ‘ਆਪ’ ਪਾਰਟੀ ਵਿੱਚ ਉਹ ‘ਟਟੀਹਰੀ’ ਕਿਸਮ ਦੇ ਲੋਕ ਸ਼ਾਮਿਲ ਹੋ ਰਹੇ ਹਨ ਜਿਨ੍ਹਾਂ ਨੂੰ ਕੋਈ ਵੀ ਪਾਰਟੀ ਨਹੀਂ ਝੱਲ ਰਹੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਸ: ਵੀਰ ਸਿੰਘ ਲੋਪੋਕੇ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਬੀਬੀ ਰਾਜਵਿੰਦਰ ਕੌਰ ਪ੍ਰਧਾਨ ਸ਼ਹਿਰੀ, ਭਾਈ ਰਾਜਿੰਦਰ ਸਿੰਘ ਮਹਿਤਾ, ਸਾਬਕਾ ਵਿਧਾਇਕ ਮਲਕੀਤ ਸਿੰਘ ਏ ਆਰ, ਹਰ ਦਲਬੀਰ ਸਿੰਘ ਸ਼ਾਹ, ਭਾਈ ਰਾਮ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ, ਸਵਿੰਦਰ ਸਿੰਘ ਕੋਟ ਖ਼ਾਲਸਾ, ਗੁਰਿੰਦਰ ਸਿੰਘ ਲਾਲੀ ਰਣੀਕੇ, ਮੁਖਵਿੰਦਰ ਸਿੰਘ ਖਾਪੜਖੇੜੀ, ਤਲਬੀਰ ਸਿੰਘ ਗਿੱਲ, ਦਿਲਬਾਗ ਸਿੰਘ ਵਡਾਲੀ, ਜੋਧ ਸਿੰਘ ਸਮਰਾ, ਅਵਤਾਰ ਸਿੰਘ ਟਰਕਾਂ ਵਾਲਾ, ਅਵਿਨਾਸ਼ ਜੌਲੀ, ਪ੍ਰੋ: ਸਰਚਾਂਦ ਸਿੰਘ, ਐਡਵੋਕੇਟ ਕਰਨਵੀਰ ਸਿੰਘ ਰੰਧਾਵਾ, ਅੱਜੈਬੀਰਪਾਲ ਸਿੰਘ ਰੰਧਾਵਾ, ਆਰ ਸੀ ਯਾਦਵ, ਸਰਬਜੀਤ ਸਿੰਘ ਸਪਾਰੀਵਿੰਡ, ਗੁਰਸ਼ਰਨ ਸਿੰਘ ਛੀਨਾ, ਤਰਸੇਮ ਸਿੰਘ ਸਿਆਲਕਾ, ਗੁਰਪ੍ਰੀਤ ਸਿੰਘ ਰੰਧਾਵਾ, ਬਾਵਾ ਸਿੰਘ ਗੁਮਾਨਪੁਰਾ, ਬਿਕਰਮਜੀਤ ਸਿੰਘ ਕੋਟਲਾ, ਵਿਰਸਾ ਸਿੰਘ ਲਾਇਲਪੁਰੀ, ਬਖਸ਼ੀਸ਼ ਸਿੰਘ ਬਲ, ਮਨਪ੍ਰੀਤ ਸਿੰਘ ਮੰਨੂ, ਡਾ: ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਸੋਹਲ, ਜਸਵੀਰ ਸਿੰਘ ਘੁੰਮਣ, ਗੁਰਮੀਤ ਸਿੰਘ ਮਜਾਕੀ, ਰਣਜੀਤ ਸਿੰਘ ਤਲਵੰਡੀ, ਸੁਖਬੀਰ ਸਿੰਘ ਮੋਨੀ ਕੌਂਸਲਰ, ਜਗ ਚਾਨਣ ਸਿੰਘ ਗਿੱਲ, ਕੌਂਸਲਰ ਮੁਖਤਾਰ ਸਿੰਘ ਖ਼ਾਲਸਾ, ਦਲਬੀਰ ਕੌਰ ਸਮੇਤ ਹਜ਼ਾਰਾਂ ਔਰਤਾਂ ਨੇ ਹਿੱਸਾ ਲਿਆ।
Punjab Post Daily Online Newspaper & Print Media