Thursday, June 25, 2026

ਸਬਕਾ ਸਾਥ-ਸਬਕਾ ਵਿਕਾਸ ਤੇ ਕੁਸ਼ਲ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਉਦਘਾਟਨ

PPN1604201608

ਮਾਨਸਾ, 16 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ‘ਸਬਕਾ ਸਾਥ-ਸਬਕਾ ਵਿਕਾਸ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਤੇ ‘ਕੁਸ਼ਲ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨ ਦੇ ਮੰਤਵ ਨਾਲ ਅਤੇ ਦੇਸ਼ ਵਿਚ ਘੱਟ ਗਿਣਤੀ ਦੇ ਹੁਨਰ ਦੇ ਵਿਕਾਸ ਅਤੇ ਉਸਨੂੰ ਉੱਚਾ ਚੁੱਕਣ ਲਈ ਮੌਲਾਨਾ ਆਜ਼ਾਦ ਨੈਸ਼ਨਲ ਅਕੈਡਮੀ ਫਾਰ ਸਕਿੱਲਜ਼ (ਮਾਨਸ) ਦੀ ਸਥਾਪਨਾ ਕੀਤੀ ਗਈ। ਭਾਰਤ ਸਰਕਾਰ ਦੇ ਇਸੇ ਸੁਪਨੇ ਨੂੰ ਪੂਰਾ ਕਰਨ ਦੀ ਲੜੀ ਤਹਿਤ ਅੱਜ ਮਾਨਸਾ ਦੇ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਪੰਜਾਬ ਦੇ 6 ਸਕਿੱਲ ਸੈਂਟਰਾਂ (ਪਿੰਡ ਹੀਰੋ ਕਲਾਂ, ਕੁਲਰੀਆਂ, ਅਬਲੂ, ਲੰਬੀ, ਨਾਗਕਲਾਂ ਅਤੇ ਮਲੇਰਕੋਟਲਾ) ਦਾ ਮਾਨਯੋਗ ਘੱਟ ਗਿਣਤੀ ਮੰਤਰੀ ਭਾਰਤ ਸਰਕਾਰ ਡਾ. ਨਜ਼ਮਾ ਏ ਹੈਪਤੁੱਲਾ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਰਿਮੋਟ ਵੀਡੀਓ ਲਿੰਕ ਰਾਹੀਂ ਉਦਘਾਟਨ ਕੀਤਾ।
ਇਸ ਮੌਕੇ ਡਾ. ਨਜ਼ਮਾ ਏ ਹੈਪਤੁੱਲਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਪ੍ਰੋਗਰਾਮ ਮੇਕ ਇਨ ਇੰਡੀਆ ਅਤੇ ਸਟੈਂਡ ਅੱਪ ਤਹਿਤ ਨੌਜਵਾਨਾਂ ਨੂੰ ਹੁਨਰ ਸਿਖਾ ਕੇ ਉਨ੍ਹਾਂ ਨੂੰ ਕਰਜ਼ਾ ਦਿਵਾਇਆ ਜਾਂਦਾ ਹੈ, ਤਾਂ ਜੋ ਉਹ ਆਪਣੇ ਸਿੱਖੇ ਹੋਏ ਕੋਸ਼ਨ ਨੂੰ ਅੱਗੇ ਵਧਾ ਕੇ ਆਪਣੀ ਆਮਦਨ ਦਾ ਜ਼ਰਿਆ ਕਰ ਸਕਣ। ਉਨ੍ਹਾਂ ਨਾਲ ਹੀ ਕਿਹਾ ਕਿ ਘੱਟ ਗਿਣਤੀ ਮੰਤਰਾਲੇ ਵੱਲੋਂ ਘੱਟ ਗਿਣਤੀ ਸ਼ੇਣੀਆਂ ਦੇ ਲੱਖਾਂ ਬੱਚਿਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਚ ਪੱਧਰੀ ਸਿੱਖਿਆ ਲਈ ਵੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਤਾਂ ਜੋ ਉਹ ਟ੍ਰੇਨਿੰਗ ਕਰਨ ਅਤੇ ਆਪਣੀ ਪੜਾਈ ਵੱਲ ਅੱਗੇ ਵੱਧਣ। ਇਸ ਤੋਂ ਇਲਾਵਾ ‘ਪੜੋ ਪ੍ਰਦੇਸ਼’ ਸਕੀਮ ਤਹਿਤ ਜੋ ਬੱਚੇ ਬਾਹਰਲੇ ਦੇਸ਼ ਵਿਚ ਜਾ ਕੇ ਪੜਨਾ ਚਾਹੁੰਦੇ ਹਨ, ਉਨ੍ਹਾਂ ਵੱਲੋਂ ਇਸ ਪੜਾਈ ਲਈ ਜੋ ਬੈਂਕ ਲੋਨ ਲਿਆ ਜਾਂਦਾ ਹੈ, ਉਸਦਾ ਸਾਰਾ ਵਿਆਜ਼ ਮੰਤਰਾਲੇ ਵੱਲੋਂ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ‘ਡਿਜੀਟਲ ਇੰਡੀਆ’ ਦੀ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕਿਉਂਕਿ ਅੱਜ ਦਾ ਯੁਗ ਕੰਪਿਊਟਰ ਨਾਲ ਜੁੜਿਆ ਹੋਇਆ ਹੈ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਡਾ. ਨਜ਼ਮਾ ਏ ਹੈਪਤੁੱਲਾ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਵੱਡਮੁੱਲੀਆਂ ਕੁਰਬਾਨੀਆਂ ਦਿੱਤੀਆਂ ਹਨ, ਜਿਸ ਕਰਕੇ ਸਾਰੇ ਦੇਸ਼ ਨੂੰ ਸਿੱਖਾਂ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੀ ਸਕਾਲਰਸ਼ਿਪ ਦੀ ਗ੍ਰਾਂਟ ਘੱਟ ਨਹੀਂ ਕੀਤੀ ਗਈ, ਸਗੋਂ ਹਰ ਸਾਲ ਇਸ ਵਿਚ ਲੋੜ ਅਨੁਸਾਰ ਵਾਧਾ ਹੀ ਹੋਇਆ ਹੈ।
ਸਮਾਗਮ ਦੌਰਾਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਨ੍ਹਾਂ ਸਕਿੱਲ ਡਿਵੈਲਪਮੈਂਟ ਸੈਂਟਰਾਂ ਨੂੰ ਖੋਲ੍ਹਣ ਦਾ ਇਹ ਵੀ ਮੰਤਵ ਹੈ ਕਿ ਇਸ ਨਾਲ ਔਰਤਾਂ ਵੀ ਆਪਣੇ ਪੈਰ੍ਹਾਂ ‘ਤੇ ਖੜ੍ਹੇ ਹੋ ਕੇ ਜਿੱਥੇ ਆਪਣੀ ਆਮਦਨ ਕਮਾ ਸਕਦੀਆਂ ਹਨ, ਉਥੇਆਪਣੇ ਪਰਿਵਾਰ ਦਾ ਥੰਮ ਵੀ ਬਣ ਸਕਦੀਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਜਿਸ ਦੇਸ਼ ਦਾ ਹਰ ਨੌਜਵਾਨ ਹੁਨਰਮੰਦ ਹੋਵੇਗਾ, ਉਸ ਦੇਸ਼ ਨੂੰ ਬੁਲੰਦੀਆਂ ਛੋਹਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸੂਬਾ ਸਰਕਾਰ ਦਾ ਟਿੱਚਾ ਅਗਲੇ 5 ਸਾਲਾਂ ਦੇ ਅੰਦਰ-ਅੰਦਰ ਕਿਸਾਨ ਦੀ ਆਮਦਨ ਨੂੰ ਦੁਗੁਣਾ ਕਰਨ ਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸਾਨਾਂ ਨੂੰ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣੀ ਆਮਦਨ ਵਧਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਸੈਲਫ ਹੈਲਪ ਗਰੁੱਪ ਦੀ ਤਰ੍ਹਾਂ ਕੰਮ ਕਰ ਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਦੇ ਹਨ। ਉਨ੍ਹਾ ਕਿਹਾ ਕਿ ਭਾਰਤ ਦੇਸ ਨੂੰ ਵਿਕਾਸ ਦੇ ਰਾਹਾਂ ‘ਤੇ ਦੁਨੀਆ ਭਰ ਵਿੱਚੋਂ ਮੋਹਰੀ ਬਣਾਉਣ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀ ਭਾਈਚਾਰੇ ਦੇ ਵਿਅਕਤੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਘੱਟ ਗਿਣਤੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਅਤੇ ਕੱਵਾਲੀ ਵੀ ਪ੍ਰਸਤੁਤ ਕੀਤੇ ਗਏ।
ਇਸ ਮੌਕੇ ਮੈਂਬਰ ਰਾਜ ਸਭਾ ਸ਼੍ਰੀ ਬਲਵਿੰਦਰ ਸਿੰਘ ਭੂੰਦੜ, ਹਲਕਾ ਵਿਧਾਇਕ ਮਾਨਸਾ ਸ਼੍ਰੀ ਪ੍ਰੇਮ ਮਿੱਤਲ, ਵਾਈਸ ਚੇਅਰਮੈਨ ਮਾਨਸ ਸ਼੍ਰੀ ਬੱਦਰੂਦੀਨ, ਜੁਆਇੰਟ ਸਕੱਤਰ ਘੱਟ ਗਿਣਤੀ ਮੰਤਰਾਲਾ ਸ਼੍ਰੀ ਡੀ.ਐਸ.ਬਿਸਤੀ, ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਪ੍ਰੇਮ ਅਰੋੜਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਸੁਖਦੇਵ ਸਿੰਘ ਚੈਨੇਵਾਲਾ, ਸ਼੍ਰੀ ਰੱਛਪਾਲ ਸਿੰਘ, ਸ਼੍ਰੀ ਬੱਲਮ ਸਿੰਘ ਕਲੀਪੁਰ, ਸ਼੍ਰੀ ਗੁਰਮੇਲ ਸਿੰਘ ਫਫੜੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਸ਼੍ਰੀ ਸ਼ਤੀਸ ਕੁਮਾਰ, ਸਟੇਟ ਮੈਂਬਰ ਬੀਜੇਪੀ ਸ਼੍ਰੀ ਸੂਰਜ ਛਾਬੜਾ, ਪ੍ਰਿੰਸੀਪਲ ਮਾਤਾ ਸੁੰਦਰੀ ਯੂਨੀਵਰਸਿਟੀ ਗਰਲ਼ਜ ਕਾਲਜ ਡਾ. ਬਰਿੰਦਰ ਕੌਰ, ਸ਼੍ਰੀ ਅਵਤਾਰ ਸਿੰਘ ਰਾੜਾ, ਸ਼੍ਰੀ ਮਨਦੀਪ ਸਿੰਘ ਗੋਰਾ, ਸ਼੍ਰੀ ਸਵਰਨ ਸਿੰਘ ਹੀਰੇਵਾਲਾ, ਮੈਡਮ ਸਿਮਰਜੀਤ ਕੌਰ, ਮੈਡਮ ਬਲਵੀਰ ਕੌਰ, ਸ਼੍ਰੀਮਤੀ ਕਰਮਜੀਤ ਕੌਰ ਸਮਾਓ, ਸ਼੍ਰੀਮਤੀ ਸੂਰਜ ਕੌਰ ਖ਼ਿਆਲਾ, ਸ਼੍ਰੀ ਬਲਵਿੰਦਰ ਸਿੰਘ ਕਾਕਾ, ਸ਼੍ਰੀ ਗੁਰਪ੍ਰੀਤ ਸਿੰਘ ਬਣਾਵਾਲੀ, ਸ਼੍ਰੀ ਮਲਕੀਤ ਸਿੰਘ ਸਮਾਓ, ਸ਼੍ਰੀ ਗੁਰਸੇਵਕ ਸਿੰਘ ਜਵਾਹਰਕੇ, ਸ਼੍ਰੀ ਗੁਰਪ੍ਰੀਤ ਸਿੰਘ ਝੱਬਰ, ਸ਼੍ਰੀ ਮਿੱਠੂ ਸਿੰਘ ਕਾਹਨੇਕੇ, ਸ਼੍ਰੀ ਸੁਨੀਲ ਜੈਨ ਅਤੇ ਸ਼੍ਰੀ ਗੁਰਜਿੰਦਰ ਸਿੰਘ ਮਾਖਾ ਅਤੇ ਆਸ਼ੂ ਆਹੁਜਾ ਤੋਂ ਇਲਾਵਾ ਘੱਟ ਗਿਣਤੀ ਸੁਮਦਾਇ ਦਾ ਭਾਈਚਾਰਾ ਅਤੇ ਕਾਲਜ ਦੀਆਂ ਵਿਦਿਆਰਥਣਾਂ ਤੇ ਸਟਾਫ਼ ਮੌਜੂਦ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply