ਅੰਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਲੇਰੀਏ ਤੋਂ ਬਚਣ ਲਈ ਮੱਛਰਾਂ ਦੀ ਪੈਦਾਵਾਰ ਰੋਕਣੀ ਜ਼ਰੂਰੀ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜੈ ਸਿੰਘ ਨੇ ਅੱਜ ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਖੇ ਵਿਸ਼ਵ ਮਲੇਰੀਆ ਦਿਵਸ ਸਬੰਧੀ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ‘ਚੰਗੀ ਸਿਹਤ ਲਈ ਮਲੇਰੀਏ ਦਾ ਖ਼ਾਤਮਾ’ ਥੀਮ ਤਹਿਤ ਕਰਵਾਏ ਇਸ ਸਮਾਗਮ ਮੌਕੇ ਬੱਚਿਆਂ ਦੇ ਪੇਂਟਿੰਗ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਸਿਵਲ ਸਰਜਨ ਡਾ. ਜੈ ਸਿੰਘ ਨੇ ਕਿਹਾ ਕਿ ਮਲੇਰੀਏ ਦਾ ਮੱਛਰ ਗੰਦੇ ਪਾਣੀ ਵਿਚੋਂ ਪੈਦਾ ਹੁੰਦਾ ਹੈ, ਇਸ ਲਈ ਪਿੰਡਾਂ ਵਿਚੋਂ ਛੱਪੜਾਂ ਵਿਚ ਇਕੱਠੇ ਪਾਣੀ ਅਤੇ ਟਰੈਕਟਰਾਂ ਦੇ ਸੜੇ ਤੇਲ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸੌਣ ਵੇਲੇ ਪੂਰੀਆਂ ਬਾਹਵਾਂ ਦੇ ਕੱਪੜੇ ਪਾ ਕੇ ਸੌਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋਂ ਵੀ ਸਾਨੂੰ ਮਲੇਰੀਏ ਤੋਂ ਬਚਾ ਸਕਦੀ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਦੇਸ ਰਾਜ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਸ਼ੱਕੀ ਮਰੀਜ਼ਾਂ ਦੀਆਂ ਸਲਾਈਡਾਂ ਬਣਾਈਆਂ ਜਾਂਦੀਆਂ ਹਨ ਅਤੇ ਪਾਜ਼ੇਟਿਵ ਕੇਸਾਂ ਨੂੰ ਰੈਡੀਕਲ ਟਰੀਟਮੈਂਟ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਸੁਵਿਧਾ ਮੁਫ਼ਤ ਦਿੱਤੀ ਜਾਂਦੀ ਹੈ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਰਾਜ ਕੌਰ ਨੇ ਇਸ ਮੌਕੇ ਕਿਹਾ ਕਿ ਮਲੇਰੀਏ ਬਾਰੇ ਜਾਗਰੂਕਤਾ ਹੀ ਸਾਨੂੰ ਇਸ ਬਿਮਾਰੀ ਤੋਂ ਬਚਾ ਸਕਦੀ ਹੈ।
ਇਸ ਮੌਕੇ ਪੇਂਟਿੰਗ ਅਤੇ ਕੁਇਜ਼ ਮੁਕਾਬਲਿਆਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਐਪੀਡੀਮੋਲੋਜਿਸਟ ਡਾ. ਰਿਤੂ, ਜ਼ਿਲ੍ਹਾ ਬੀ. ਸੀ. ਸੀ ਫੈਸੀਲੀਟੇਟਰ ਆਰੂਸ਼ ਭੱਲਾ, ਸ੍ਰੀ ਬਲਜਿੰਦਰ ਸਿੰਘ, ਰਾਮ ਮਹਿਤਾ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media