Tuesday, June 30, 2026

ਕੇਂਦਰ ਸਰਕਾਰ ਆਪ੍ਰੇਸ਼ਨ ਬਲਿਊ ਸਟਾਰ ਦੀਆਂ ਫਾਈਲਾਂ ਜਨਤਕ ਕਰੇ – ਜਥੇ: ਅਵਤਾਰ ਸਿੰਘ

Makkar New

ਅੰਮ੍ਰਿਤਸਰ, 25 ਅਪ੍ਰੈਲ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਦੀ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਹੈ ਕਿ ਉਹ 1984 ਦੇ ਆਪ੍ਰੇਸ਼ਨ ਬਲਿਊ ਸਟਾਰ ਸਮੇਂ ਸਿੱਖਾਂ ਦੇ ਮੁਕੱਦਸ ਅਸਥਾਨ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੀਆਂ ਫਾਇਲਾਂ ਤੁਰੰਤ ਜਨਤਕ ਕਰੇ।ਉਨ੍ਹਾਂ ਕੇਂਦਰੀ ਫੂਡ ਤੇ ਪ੍ਰੋਸੈਸਿੰਗ ਮੰਤਰੀ ਸ੍ਰੀ ਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਉਸ ਬਿਆਨ ਦੀ ਪੂਰਨ ਹਮਾਇਤ ਕੀਤੀ ਹੈ ਜਿਸ ਵਿੱਚ ਉਨ੍ਹਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਕਾਂਗਰਸ ਪਾਰਟੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਆਪੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਨਾਲ ਸੰਬੰਧਿਤ ਫਾਈਲਾਂ ਜਨਤਕ ਹੋਣੀਆਂ ਚਾਹੀਦੀਆਂ ਹਨ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਪ੍ਰੇਸ਼ਨ ਬਲਿਊ ਸਟਾਰ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਈਆਂ ਬੇਦੋਸ਼ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਤੇ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਕਰ ਦਿੱਤਾ, ਸ੍ਰੀ ਹਰਿਮੰਦਰ ਸਾਹਿਬ ‘ਤੇ ਵੀ ਗੋਲੀਆਂ ਵਰਸਾਈਆਂ ਸਨ ਤੇ ਇਸੇ ਤਰ੍ਹਾਂ ਦਿੱਲੀ ਦੰਗਿਆਂ ਵਿੱਚ ਅਨੇਕਾਂ ਬੇਕਸੂਰ ਸਿੱਖਾਂ ਦਾ ਬੜੀ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਗਰ ਇਹ ਫਾਈਲਾਂ ਜਨਤਕ ਹੋ ਜਾਂਦੀਆਂ ਹਨ ਤਾਂ ਇਸ ਨਾਲ ਦੇਸ਼ ਦੇ ਲੋਕਾਂ ਦੇ ਸਾਹਮਣੇ ਉਸ ਵੇਲੇ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਘਿਨਾਉਣੀਆਂ ਘਟਨਾਵਾਂ ਦੀ ਸਚਾਈ ਸਾਹਮਣੇ ਆ ਜਾਵੇਗੀ।ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਤੇ ਕੀਤੇ ਗਏ ਹਮਲੇ ਤੇ ਦਿੱਲੀ ਸਿੱਖ ਦੰਗਿਆਂ ਦਾ ਧੂੰਆਂ ਅਜੇ ਵੀ ਸਿੱਖਾਂ ਦੀਆਂ ਹਿੱਕਾਂ ਤੇ ਸੁਲਘ ਰਿਹਾ ਹੈ, ਪਰ ਅਫਸੋਸ ਕਿ ਏਨਾ ਲੰਮਾ ਅਰਸਾ ਹੋ ਜਾਣ ਤੇ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।ਉਨ੍ਹਾਂ ਕਿਹਾ ਕਿ ਅਗਰ ਸਰਕਾਰ ਇਨ੍ਹਾਂ ਘਟਨਾਵਾਂ ਦੀਆਂ ਫਾਈਲਾਂ ਜਨਤਕ ਕਰਦੀ ਹੈ ਤਾਂ ਇਸ ਨਾਲ ਉਸ ਸਮੇਂ ਦੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਅਤੇ ਇਸ ਦੇ ਮੋਹਰੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਜੋ ਸਿੱਖਾਂ ਦੇ ਕੱਟੜ ਵਿਰੋਧੀ ਹੁੰਦੇ ਹੋਏ ਵੀ ਅੱਜ ਆਪਣੇ ਆਪ ਨੂੰ ਬੀਬੇ ਕਬੂਤਰ ਸਾਬਤ ਕਰ ਰਹੇ ਹਨ ਦੀ ਬਿੱਲੀ ਵੀ ਥੈਲਿਓਂ ਬਾਹਰ ਆ ਜਾਵੇਗੀ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply