ਅੰਮ੍ਰਿਤਸਰ, 1 ਮਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬੁਢਲਾਡਾ ਦੇ ਨੇੜੇ ਪਿੰਡ ਕੁਲਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਹੋ ਜਾਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿ ਇਹ ਘਟਨਾ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਚੱਲ ਰਹੇ ਪੱਖੇ ਦਾ ਸਰਕਟ ਸ਼ਾਰਟ ਹੋਣ ਕਾਰਨ ਵਾਪਰਿਆ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤੇ ਪਾਲਕੀ ਸਾਹਿਬ ਅਗਨ ਭੇਟ ਹੋ ਗਏ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿੱਚ ਕਦੇ ਦਿਨ ਦਿਹਾੜੇ ਤੇ ਕਦੇ ਰਾਤ ਸਮੇਂ ਸ਼ਾਰਟ ਸਰਕਟ ਹੋਣਾ ਓਥੋਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਢਿੱਲੇ ਪ੍ਰਬੰਧ ਤੇ ਗ੍ਰੰਥੀ ਸਿੰਘ ਤੇ ਸੇਵਾਦਾਰ ਦੀ ਅਣਗਹਿਲੀ ਕਾਰਣ ਹੁੰਦੇ ਹਨ। ਖਾਸ ਕਰ ਗਰਮੀ ਦੇ ਮੌਸਮ ਵਿੱਚ ਜਦੋਂ ਸਾਰਾ-ਸਾਰਾ ਦਿਨ ਤੇ ਰਾਤ ਉਪਕਰਨ ਚੱਲਦੇ ਰਹਿਣ ਤਾਂ ਇਸ ਨਾਲ ਤਾਰਾਂ ਦਾ ਮੈਲਟ ਹੋ ਜਾਣਾ ਜਾਂ ਸਵਿੱਚਾਂ ਦਾ ਸੜ ਜਾਣਾ ਜਾਂ ਫਿਰ ਕਿਸੇ ਪੱਖੇ ਆਦਿ ਨਾਲ ਸ਼ਾਰਟ ਸਰਕਟ ਹੋ ਜਾਣਾ ਆਮ ਜਿਹੀ ਗੱਲ ਬਣ ਗਈ ਹੈ, ਪਰ ਇਹ ਸਭ ਕੁਝ ਓਦੋਂ ਹੀ ਵਾਪਰਦਾ ਹੈ ਜਦ ਪ੍ਰਬੰਧਕਾਂ ਵੱਲੋਂ ਲਾਪ੍ਰਵਾਹੀ ਵਰਤੀ ਜਾਂਦੀ ਹੈ।ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਖਬਰਾਂ ਤੇ ਇਸ਼ਤਿਹਾਰਾਂ ਰਾਹੀਂ ਅਪੀਲ ਕੀਤੀ ਜਾ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੁਖਆਸਨ ਸਾਹਿਬ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਪੱਖੇ ਤੇ ਬਿਜਲੀ ਦੇ ਹੋਰ ਉਪਕਰਨ ਬੰਦ ਕਰਕੇ ਜਾਇਆ ਕਰਨ ਅਤੇ ਦਿਨ ਵੇਲੇ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ ਗੁਰਦੁਆਰਾ ਸਾਹਿਬ ਇਕੱਲਾ ਨਾ ਛੱਡਿਆ ਜਾਵੇ, ਪਰ ਫਿਰ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਨਤੀਜੇ ਵਜੋਂ ਆਏ ਦਿਨ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀਆਂ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਕਰਨ ਤੋਂ ਸੰਕੋਚ ਕਰਨ ਤੇ ਗੁਰਦੁਆਰਾ ਸਾਹਿਬਾਨ ਵਿੱਚ ਚੰਗੀ ਕੁਵਾਲਿਟੀ ਦੀ ਵਾਇਰਿੰਗ ਦੇ ਨਾਲ-ਨਾਲ ਬਿਜਲੀ ਦੇ ਵਧੀਆ ਉਪਕਰਨਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਹਰ ਗੁਰਦੁਆਰਾ ਸਾਹਿਬ ਵਿੱਚ ਦਿਨ ਅਤੇ ਰਾਤ ਦੇ ਸਮੇਂ ਗ੍ਰੰਥੀ ਸਿੰਘ ਜਾਂ ਸੇਵਾਦਾਰ ਜ਼ਰੂਰ ਮੌਜੂਦ ਰਹੇ ਤਾਂ ਜੋ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media