ਨਵੀਂ ਦਿੱਲੀ, 3 ਮਈ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਇੱਕ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਬਾਦਲ ਦਲੀਏ ਬੀ.ਜੇ.ਪੀ ਨਾਲ ਭਾਈਵਾਲੀ ਅਧੀਨ ਗਹਿਰੀ ਸਾਜਿਸ਼ ਦੇ ਤਹਿਤ ਸਿੱਖ ਵਿਦਿਅਕ ਅਦਾਰਿਆਂ ਨੂੰ ਆਰਥਿਕ ਤੇ ਵਿਦਿਅਕ ਪੱਧਰ ‘ਤੇ ਤਬਾਹ ਕਰਨ ‘ਚ ਲੱਗੇ ਹੋਏ ਹਨ, ਜਿਸ ਕਰਕੇ ਪ੍ਰਸਿੱਧ ਸਿੱਖ ਇੰਜੀਨੀਅਰਿੰਗ ਕਾਲਜ ਬੰਦ ਹੋਣ ਦੀ ਕਗਾਰ ‘ਤੇ ਆ ਪਹੁੰਚਿਆ ਹੈ। ਸ. ਸਰਨਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜ਼ੂਦਾ ਪ੍ਰਬੰਧਕਾਂ ਦੀਆਂ ਗਲਤ ਨੀਤੀਆਂ, ਭ੍ਰਿਸ਼ਟਾਚਾਰ, ਲਾਪਰਵਾਹੀ, ਲੱਚਰ ਪ੍ਰਬੰਧ ਅਤੇ ਵਿਦਿਅਕ ਸੰਸਥਾਵਾਂ ਦੀ ਅਣਦੇਖੀ ਨੇ ਦਿੱਲੀ ਹਾਈਕੋਰਟ ਨੂੰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਲੋਜੀ, ਰਾਜੌਰੀ ਗਾਰਡਨ ਦੀ ਜ਼ਮੀਨ ਦੀ ਲੀਜ਼ ਡੀਡ ਨੂੰ ਰੱਦ ਕਰਨ ਵਰਗੇ ਨਿਰਦੇਸ਼ ਜਾਰੀ ਕਰਨ ਤੱਕ ਪਹੁੰਚਾ ਦਿੱਤਾ। ਸ. ਸਰਨਾ ਨੇ ਕਿਹਾ ਕਿ ਇਤਿਹਾਸ ਮਨਜੀਤ ਸਿੰਘ ਜੀ.ਕੇ ਨੂੰ ਕਦੇ ਵੀ ਮਾਫ ਨਹੀਂ ਕਰੇਗਾ, ਕਿਉਂਕਿ ਉਹ ਆਪਣੇ ਪੂਰੇ ਪ੍ਰਧਾਨਗੀ ਕਾਰਜਕਾਲ ਦੌਰਾਨ ਆਪਣੇ ਆਕਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਭਗਵਾਕਰਨ ਏਜੰਡੇ ਨੂੰ ਲਾਗੂ ਕਰਨ ਵਿੱਚ ਲੱਗਾ ਰਿਹਾ ਤੇ ਗੁਰਦੁਆਰਾ ਕਮੇਟੀ ਦੇ ਸਾਧਨਾਂ ਤੇ ਗੁਰੂ ਦੀ ਗੋਲਕ ਦਾ ਪੈਸਾ ਅੰਨੇਵਾਹ ਸੰਘ ਦੇ ਪ੍ਰੋਗਰਾਮਾਂ ਲਈ ਕਸ਼ਮੀਰ ਤੱਕ ਬੱਸਾਂ ਦਾ ਇੰਤਜ਼ਾਮ ਤੇ ਉਨ੍ਹਾਂ ਦੇ ਰਾਜਨੀਤਕ ਕੰਮਾਂ ਵਿੱਚ ਲੁਟਾ ਦਿੱਤਾ। ਲੇਕਿਨ ਅਫਸੋਸ ਕਿ ਉਸ ਤਰ੍ਹਾਂ ਦੀ ਤੱਤਪਰਤਾ, ਕੁਸ਼ਲਤਾ ਤੇ ਜ਼ਿੰਮੇਵਾਰੀ ਸਿੱਖ ਇੰਜਨੀਰਿੰਗ ਕਾਲਜ ਨੂੰ ਬਚਾਉਣ ਸਮੇਂ ਨਹੀਂ ਦਿਖਾਈ। ਉਨ੍ਹਾਂ ਨੇ ਕਿਹਾ ਕਿ ਜੀ.ਕੇ. ਸਮਾਂ ਰਹਿੰਦਿਆਂ ਜ਼ਿੰਮੇਦਾਰੀ ਨਾਲ ਕਾਰਵਾਈ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਨਹੀਂ ਤਾਂ ਕਾਲਜ ਦੀ ਜ਼ਮੀਨ ਦੀ ਲੀਜ਼ ਨੂੰ ਰੱਦ ਕਰਨ ਵਰਗੇ ਨਿਰਦੇਸ਼ ਜਾਰੀ ਹੋਣ ਤੋਂ ਬਚਾਇਆ ਜਾ ਸਕਦਾ ਸੀ। ਸ. ਸਰਨਾ ਨੇ ਕਿ ਗੁਰੂ ਤੇਗ ਬਹਾਦਰ ਪੋਲੀਟੈਕਨੀਕ ਇੰਸਟੀਚਿਊਟ, ਵਸੰਤ ਵਿਹਾਰ ਤਾਂ ਪਹਿਲਾਂ ਹੀ ਬੰਦ ਹੋ ਚੁੱਕਿਆ ਤੇ ਇਥੋਂ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਮੁਕੱਦਮੇਬਾਜ਼ੀ ਝੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਮੇਟੀ ਦੇ ਕੋਲ ਇਸ ਇੰਸਟੀਚਿਊਟ ਨੂੰ ਰਾਜੌਰੀ ਗਾਰਡਨ ਤਬਦੀਲ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਅਜਿਹਾ ਹੋਣ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media