
ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ ਸੱਗੂ)-ਰੈਡ ਕਰਾਸ ਦਿਵਸ ਸਬੰਧੀ ਅੱਜ ਸਥਾਨਕ ਬੀ ਬੀ ਕੇ ਡੀ ਏ ਵੀ ਕਾਲਜ ਵਿਚ ਰੈਡ ਕਰਾਸ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਰੈਡ ਕਰਾਸ ਦੇ ਉਪ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਬਤੌਰ ਮੁੱਖ ਮਹਿਮਾਨ ਅਤੇ ਸ੍ਰੀ ਸੀ ਐਸ ਤਲਵਾੜ ਸੈਕਟਰੀ ਰੈਚ ਕਰਾਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਸ੍ਰੀ ਖੰਨਾ ਨੇ ਕਿਹਾ ਕਿ ਮਾਨਵ ਸੇਵਾ ਸਭ ਤੋਂ ਉਪਰ ਹੈ ਅਤੇ ਰੈਡ ਕਰਾਸ ਦੁਨੀਆਂ ਦੀ ਉਹ ਮਹਾਨ ਸੰਸਥਾ ਹੈ, ਜੋ ਬਿਨਾਂ ਕਿਸੇ ਜਾਤ-ਪਾਤ, ਖੇਤਰ, ਧਰਮ ਤੋਂ ਇਨਸਾਨਾਂ ਦੀ ਸੇਵਾ ਕਰ ਰਹੀ ਹੈ। ਉਨਾਂ ਨੇ ਅੰਮ੍ਰਿਤਸਰ ਦੇ ਰੈਡ ਕਰਾਸ ਵਿਭਾਗ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ, ਜਿਸ ਵਿਚ ਕਿ ਪੰਘੂੜਾ ਸਕੀਮ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੈ, ਨੂੰ ਸਰਾਹਿਆ। ਉਨਾਂ ਨੇ ਕਿਹਾ ਕਿ ਸਰ ਹੈਨਰੀ ਡੋਨਾਟ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਇਹ ਦਿਹਾੜਾ ਸਾਨੂੰ ਇਨਸਾਨ ਦੀ ਸੇਵਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਉਨਾਂ ਨੇ ਕਿਹਾ ਕਿ ਮੇਰੀ ਇਹ ਇੱਛਾ ਹੈ ਕਿ ਅਜਿਹੇ ਦਿਹਾੜੇ ਕੇਵਲ ਰਾਜ ਜਾਂ ਜਿਲ੍ਹਾ ਪੱਧਰ ‘ਤੇ ਨਹੀਂ, ਬਲਕਿ ਤਹਿਸੀਲ, ਬਲਾਕ ਅਤੇ ਮੁਹੱਲਾ ਪੱਧਰ ‘ਤੇ ਮਨਾਏ ਜਾਣ, ਤਾਂ ਜੋ ਸਾਡੀ ਨਵੀਂ ਪੀੜ੍ਹੀ ਨੂੰ ਵੀ ਮਾਨਵਤਾ ਦੀ ਸੇਵਾ ਕਰਨ ਦੀ ਪ੍ਰੇਰਨਾ ਮਿਲ ਸਕੇ। ਇਸ ਮੌਕੇ ਸੰਬੋਧਨ ਕਰਦੇ ਰੈਡ ਕਰਾਸ ਦੇ ਸੈਕਟਰੀ ਸ੍ਰੀ ਐਸ ਸੀ ਤਲਵਾੜ ਨੇ ਕਿਹਾ ਕਿ ਭਾਵੇਂ ਰੈਡ ਕਰਾਸ ਦਾ ਜਨਮ ਦਾਤਾ ਸਰ ਹੈਨਰੀ ਡੋਨਾਟ ਹੈ, ਜਿਸ ਨੇ ਸੰਨ 1863 ਵਿਚ ਇਸ ਨੂੰ ਛੋਟੀ ਜਿਹੀ ਐਸੋਸੀਏਸ਼ਨ ਤੋਂ ਸ਼ੁਰੂ ਕੀਤਾ, ਪਰ ਪੰਜਾਬ ਵਿਚ ਰੈਡ ਕਰਾਸ ਦੀ ਭਾਵਨਾ ਪੈਦਾ ਕਰਨ ਵਾਲਾ ਅਤੇ ਇਸ ‘ਤੇ ਕੰਮ ਕਰਨ ਵਾਲਾ ਭਾਈ ਘਨਈਆ ਹੈ, ਜਿਸਨੇ ਸ੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿਚ ਸਿੱਖ ਫੌਜੀਆਂ ਦੇ ਨਾਲ-ਨਾਲ ਵਿਰੋਧੀਆਂ ਨੂੰ ਵੀ ਪਾਣੀ ਪਿਆਉਣ ਦੀ ਸੇਵਾ ਨਿਭਾਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸਦੀ ਸੇਵਾ ਤੋਂ ਖੁਸ਼ ਹੈ ਕਿ ਉਸ ਨੂੰ ਪਾਣੀ ਦੇ ਨਾਲ-ਨਾਲ ਮਰਹੱਮ ਪੱਟੀ ਕਰਨ ਲਈ ਵੀ ਪ੍ਰੇਰਿਆ। ਉਨਾਂ ਕਿਹਾ ਕਿ ਰੈਡ ਕਰਾਸ ਲੋੜਵੰਦਾਂ ਦੀ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਕੇ ਆਪਣਾ ਫਰਜ਼ ਬਾਖੂਬੀ ਨਿਭਾਅ ਰਿਹਾ ਹੈ।
ਇਸ ਮੌਕੇ ਰੈਡ ਕਰਾਸ ਦੇ ਪੰਘੂੜੇ ਵਿਚ ਆਈ 129ਵੀਂ ਬੱਚੀ ਨੂੰ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਜਲੰਧਰ ਸਥਿਤ ਅਡਾਪਸ਼ਨ ਕੇਂਦਰ ਦੇ ਹਵਾਲੇ ਕੀਤਾ। ਉਨਾਂ ਨੇ ਇਸ ਮੌਕੇ ਰੈਡ ਕਰਾਸ ਅੰਮ੍ਰਿਤਸਰ ਦੀ ਨਵੀਂ ਵੈਬਸਾਈਟ ਨੂੰ ਵੀ ਲਾਂਚ ਕੀਤਾ। ਸ੍ਰੀ ਖੰਨਾ ਨੇ ਇਸ ਮੌਕੇ ਰਾਜ ਪੱਧਰ ਅਤੇ ਜ਼ਿਲ੍ਹਾ ਪੱਧਰ ‘ਤੇ ਰੈਡ ਕਰਾਸ ਲਈ ਚੰਗਾ ਕੰਮ ਕਰਨ ਵਾਲੀਆਂ ਕਈਆਂ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ। ਇਸ ਮੌਕੇ ਰੈਡ ਕਰਾਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸ੍ਰੀ ਖੰਨਾ ਨੇ ਵੀ ਨੌਜਵਾਨਾਂ ਨਾਲ ਖੂਨ ਦਾਨ ਕਰਕੇ ਇਸ ਮਹਾਨ ਦਾਨ ਨੂੰ ਉਤਸ਼ਾਹਿਤ ਕੀਤਾ। ਉਨਾਂ ਇਸ ਮੌਕੇ ਰੈਡ ਕਰਾਸ ਦਾ ਝੰਡਾ ਲਹਿਰਾ ਕੇ ਇਸ ਜਥੇਬੰਦੀ ਦਾ ਪਰਚਮ ਦੁਨੀਆਂ ਵਿਚ ਸਦਾ ਬਲੁੰਦ ਰੱਖਣ ਦਾ ਅਹਿਦ ਲਿਆ। ਇਸ ਮੌਕੇ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਵੱਲੋਂ ਬਹੁਤ ਖੂਬਸੂਰਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰੀਨ ਨੇ ਬਹੁਤ ਸਰਾਹਿਆ ਅਤੇ ਤਾੜੀਆਂ ਮਾਰ ਕੇ ਦਾਦ ਦਿੱਤੀ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ੍ਰੀ ਖੰਨਾ ਨੂੰ ਅੱਜ ਦੇ ਸਮਾਗਮ ਵਿਚ ਪਹੁੰਚਣ ‘ਤੇ ਗਰਮ ਜੋਸ਼ੀ ਨਾਲ ਜੀ ਆਇਆਂ ਕਿਹਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ, ਸ੍ਰੀ ਸੁਦਰਸ਼ਨ ਕਪੂਰ, ਪ੍ਰਿੰਸੀਪਲ ਪੁਸ਼ਪਿੰਦਰ ਕੌਰ, ਸਹਾਇਕ ਕਮਿਸ਼ਨਰ ਮੈਡਮ ਪ੍ਰੀਤੀ ਯਾਦਵ ਤੇ ਅਮਨਦੀਪ ਕੌਰ, ਸੈਕਟਰੀ ਰੈਡ ਕਰਾਸ ਸ੍ਰੀਮਤੀ ਵਿਨੈ ਸ਼ਰਮਾ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ, ਸ੍ਰੀ ਰੋਹਿਤ ਗੁਪਤਾ ਅਤੇ ਸ੍ਰੀ ਪੋਪਲੀ ਅਤੇ ਹੋਰ ਅਧਿਕਾਰੀ ਹਾਜਰ ਸਨ।
Punjab Post Daily Online Newspaper & Print Media