ਬਟਾਲਾ, 18 ਮਈ (ਨਰਿੰਦਰ ਬਰਨਾਲ) – ਅਧਿਆਪਕ ਦਲ ਜਿਲਾ ਗੁਰਦਾਸਪੁਰ ਦੀ ਜਰੂਰੀ ਮੀਟਿੰਗ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਅਧਿਆਪਕ ਦਲ ਦੇ ਸਮੂਹ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾਵਾਲਾ (ਅੰਮ੍ਰਿਤਸਰ) ਵਿਖੇ ਅੱਜ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਸਕੂਲ ਸਮੇਂ ਦੌਰਾਨ ਸਕੂਲ ਵਿੱਚ ਦਾਖਲ ਹੋ ਕੇ ਗੁੰਡਾਗਰਦੀ ਕਰਨ ਅਤੇ ਅਧਿਆਪਕਾਂ ‘ਤੇ ਹਮਲਾ ਕਰ ਕੇ ਜਖਮੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਸ ਸਮੇਂ ਅਧਿਆਪਕ ਦਲ ਦੇ ਪ੍ਰਧਾਨ ਬਾਬਾ ਤਾਰਾ ਸਿੰਘ ਅਤੇ ਜਨਰਲ ਸਕੱਤਰ ਰਵਿੰਦਰਜੀਤ ਸਿੰਘ ਪਨੂੰ ਨੇ ਦੱਸਿਆ ਕਿ ਸਮਾਜ ਵਿਰੋਧੀ ਗੁੰਡਾ ਅਨਸਰਾਂ ਵੱਲੋਂ ਸਤਿਕਾਰਯੋਗ ਅਧਿਆਪਕ ਸਾਹਿਬਾਨ ਨਾਲ ਕੀਤੀ ਗਈ ਅਜਿਹੀ ਮੰਦਭਾਗੀ ਘਟਨਾ ਬਹੁਤ ਹੀ ਅਫਸੋਸਨਾਕ ਹੈ ਅਤੇ ਅਧਿਆਪਕ ਦਲ ਵੱਲੋਂ ਇਸ ਦਾ ਜਬਰਦਸਤ ਵਿਰੋਧ ਕੀਤਾ ਜਾਂਦਾ ਹੈ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਘਟਨਾ ਲਈ ਜਿੰਮੇਵਾਰ ਇਹਨਾਂ ਗੁੰਡਾ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਫਿਰ ਕੋਈ ਸ਼ਰਾਰਤੀ ਅਨਸਰ ਅਜਿਹਾ ਕਰਨ ਦੀ ਜੁਰਅਤ ਨਾ ਕਰ ਸਕੇ।ਸਟੇਟ ਬਾਡੀ ਮੈਂਬਰ ਤਰਸੇਮ ਪਾਲ ਜੀ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਅਜਿਹੇ ਗੁੰਡਾ ਅਨਸਰਾਂ ਨੂੰ ਨਕੇਲ ਨਾ ਪਾਉਣ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਲਈ ਜੇ ਕਰ ਇਸ ਘਟਨਾ ਲਈ ਜਿੰਮੇਵਾਰ ਅਨਸਰਾਂ ਨੂੰ ਗ੍ਰਿਫਤਾਰ ਕਰ ਕੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਸਾਰੀਆਂ ਅਧਿਆਪਕ ਜਥੇਬੰਦੀਆਂ ਦੀ ਸਹਿਮਤੀ ਨਾਲ ਪ੍ਰਸ਼ਾਸ਼ਨ ਖਿਲਾਫ ਸਖਤ ਰੁਖ ਅਪਨਾਇਆ ਜਾਵੇਗਾ।ਮੀਟਿੰਗ ਵਿੱਚ ਅਧਿਆਪਕ ਦਲ ਵੱਲੋਂ ਸਮੂਹ ਅਧਿਆਪਕ ਜਥੇਬੰਦੀਆਂ ਨੂੰ ਇੱਕ ਮੁੱਠ ਹੋ ਕੇ ਇਹਨਾਂ ਗੁੰਡਾ ਅਨਸਰਾਂ ਖਿਲਾਫ ਡਟ ਕੇ ਖੜਣ ਦੀ ਅਪੀਲ ਕੀਤੀ ਗਈ।
ਪੰਜਾਬ ਦੇ ਸਿਖਿਆ ਮੰਤਰੀ ਸ: ਦਲਜੀਤ ਸਿੰਘ ਚੀਮਾ ਨੂੰ ਵੀ ਅਪੀਲ ਕੀਤੀ ਗਈ ਕਿ ਇਸ ਘਟਨਾ ਲਈ ਜਿੰਮੇਵਾਰ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਵਾਈ ਜਾਵੇ ਅਤੇ ਅਧਿਆਪਕ ਵਰਗ ਦਾ ਮਾਣ ਸਨਮਾਨ ਬਹਾਲ ਕਰਵਾਇਆ ਜਾਵੇ।ਇਸ ਮੌਕੇ ਪ੍ਰਧਾਨ ਬਾਬਾ ਤਾਰਾ ਸਿੰਘ, ਜਨਰਲ ਸਕੱਤਰ ਰਵਿੰਦਰਜੀਤ ਸਿੰਘ ਪਨੂੰ, ਸਟੇਟ ਬਾਡੀ ਮੈਂਬਰ ਤਰਸੇਮ ਪਾਲ ਸ਼ਰਮਾ, ਰਜਨੀਸ਼ ਕੁਮਾਰ, ਮੰਗਲ ਸਿੰਘ, ਸੁਖਵਿੰਦਰ ਸਿੰਘ, ਸੁਖਰਾਜ ਸਿੰਘ ਖਾਲਸਾ, ਪ੍ਰਵੀਨ ਸਿੰਘ, ਕੰਸ ਰਾਜ, ਜਗਜੀਤ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਕੁਮਾਰ, ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media