
ਨਵੀਂ ਦਿੱਲੀ, 20 ਮਈ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬੰਗਲਾ ਸਾਹਿਬ ਦੇ ਅਸ਼ੋਕ ਰੋਡ ਵਾਲੇ ਮੁਖ ਗੇਟ ਦੇ ਨਾਲ ਬਣੇ ਕੂੜੇਦਾਨ, ਟਾੱਇਲੇਟ ਅਤੇ ਬਸ ਸਟਾਪ ਨੂੰ ਦੂਜੀ ਥਾਂ ਲੈ ਜਾਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੀਂ ਦਿੱਲੀ ਨਗਰ ਕਾਉਂਸਿਲ (ਐਨ.ਡੀ.ਐਮ.ਸੀ.) ਤੋਂ ਮੰਗ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਐਨ.ਡੀ.ਐਮ.ਸੀ. ਚੇਅਰਮੈਨ ਨਰੇਸ਼ ਕੁਮਾਰ ਨੂੰ ਲਿੱਖੇ ਆਪਣੇ ਪੱਤਰ ਵਿਚ ਗੁਰਦੁਆਰਾ ਬੰਗਲਾ ਸਾਹਿਬ ਦੇ ਆਲੇ-ਦੁਆਲੇ ਕਮੇਟੀ ਵੱਲੋਂ ਚਲਾਏ ਜਾ ਰਹੇ ਸੁੰਦਰੀਕਰਨ ਕਾਰਜਾਂ ਦਾ ਹਵਾਲਾ ਦਿੰਦੇ ਹੋਏ ਗੁਰਦੁਆਰਾ ਕੰਪਲੈਕਸ ਦੇ ਬਾਹਰ ਗੰਦਗੀ ਅਤੇ ਟ੍ਰੈਫਿਕ ਜਾਮ ਦੇ ਕਾਰਨਾਂ ਦਾ ਵੀ ਵੇਰਵਾ ਦਿੱਤਾ ਹੈ।
ਜੀ.ਕੇ ਨੇ ਦੱਸਿਆ ਕਿ ਅਸ਼ੋਕ ਰੋਡ ਤੇ ਗੱਡੀਆਂ ਦੀ ਭਾਰੀ ਭੀੜ ਹੋਣ ਕਰਕੇ ਪੈਦਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਲਈ ਪੈਦਲ ਯਾਤਰੀਆਂ ਵਾਸਤੇ ਫੁੱਟਓਵਰ ਬ੍ਰਿਜ ਐਨ.ਡੀ.ਐਮ.ਸੀ. ਨੂੰ ਬਣਾਉਣਾ ਚਾਹੀਦਾ ਹੈ। ਕਿਊਂਕਿ ਭਾਰੀ ਟ੍ਰੈਫ਼ਿਕ ਵਿਚ ਸੜਕ ਪਾਰ ਕਰਨ ਵੇਲੇ ਯਾਤਰੀਆ ਨੂੰ ਸੱਟ ਲਗਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸਦੇ ਨਾਲ ਹੀ ਜੀ.ਕੇ ਨੇ ਅਸ਼ੋਕ ਰੋਡ ਤੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਨਾਲ ਬਣੇ ਕੂੜਾਦਾਨ, ਟਾਇਲੇਟ ਅਤੇ ਬੱਸ ਸਟਾਪ ਨੂੰ ਗੰਦਗੀ ਅਤੇ ਜਾਮ ਲੱਗਣ ਦਾ ਮੁੱਖ ਕਾਰਨ ਦੱਸਦੇ ਹੋਏ ਤਿੰਨਾਂ ਨੂੰ 100 ਮੀਟਰ ਅੱਗੇ ਕਮੇਟੀ ਵੱਲੋਂ ਭੇਜੇ ਗਏ ਨਕਸ਼ੇ ਅਨੁਸਾਰ ਤਬਦੀਲ ਕਰਨ ਦੀ ਵੀ ਮੰਗ ਕੀਤੀ ਹੈ।
ਜੀ.ਕੇ ਨੇ ਕਿਹਾ ਕਿ ਜਿਥੇ ਵਿਦੇਸ਼ੀ ਸੈਲਾਨੀਆਂ ਦਾ ਗੁਰਦੁਆਰਾ ਕੰਪਲੈਕਸ ਦੇ ਬਾਹਰ ਇਸ ਗੰਦਗੀ ਭਰੇ ਮਾਹੌਲ ਤੋਂ ਆਉਣਾ ਦੇਸ਼ ਦੀ ਚੰਗੀ ਛਵੀ ਪੇਸ਼ ਨਹੀਂ ਕਰਦਾ ਉਥੇ ਹੀ ਬਾਕੀ ਯਾਤਰੀਆਂ ਨੂੰ ਵੀ ਸਿਹਤ ਸੰਬੰਧੀ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀ.ਕੇ. ਨੇ ਇਹਨਾਂ ਬਦਲਾਵਾਂ ਤੋਂ ਬਾਅਦ ਅਸ਼ੋਮ ਰੋਡ ਤੇ ਲਗਣ ਵਾਲੇ ਜਾਮ ਦੇ ਹਟਣ ਦਾ ਦਾਅਵਾ ਕਰਦੇ ਹੋਏ ਯਾਤਰੀਆਂ ਨੂੰ ਬੇਹਤਰ ਸੁਵੀਧਾਵਾਂ ਐਨ.ਡੀ.ਐਮ.ਸੀ ਦੇ ਸਹਿਯੋਗ ਬਾਅਦ ਮਿਲਣ ਦੀ ਵੀ ਆਸ਼ ਜਤਾਈ ਹੈ।ਜੀ.ਕੇ ਨੇ ਦੱਸਿਆ ਕਿ ਇੱਕ ਪਾਸੇ ਤਾਂ ਦਿੱਲੀ ਕਮੇਟੀ ਲਗਾਤਾਰ ਗੁਰਦੁਆਰਾ ਕੰਪਲੈਕਸ ਦੇ ਬਾਹਰ ਨਜਾਇਜ਼ ਕਬਜਾਧਾਰੀਆਂ, ਨਸ਼ੇੜੀਆਂ ਦੀ ਆਮਦ ਅਤੇ ਗਲਤ ਪਾਰਕਿੰਗ ਕਰਨ ਵਾਲੇ ਲੋਕਾਂ ਦੇ ਨਾਲ ਮਨੁੱਖੀ ਤਰੀਕੇ ਨਾਲ ਨਜਿੱਠ ਰਹੀ ਹੈ ਤੇ ਦੂਜੇ ਪਾਸੇ ਸੰਗਤਾਂ ਲਈ ਗੁਰਦੁਆਰਾ ਕੰਪਲੈਕਸ ਨੂੰ ਸਾਫ, ਸੁੰਦਰ ਅਤੇ ਸੁਰੱਖਿਅਤ ਬਣਾਉਣ ਵਾਸਤੇ ਜੱਦੋਜਹਿਦ ਵੀ ਕਰ ਰਹੀ ਹੈ।
Punjab Post Daily Online Newspaper & Print Media