
ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟਰੇੇਡੁ ਵਲੋਂ ਦੁਖਦਾਇਕ ਕਾਮਾਗਾਟਾਮਾਰੂ ਘਟਨਾ ਲਈ ਪਾਰਲੀਮੈਂਟ ਵਿੱਚ ਮੁਆਫ਼ੀ ਮੰਗਣ ਨੂੰ ਸ਼ਲਾਘਾਯੋਗ ਅਤੇ ਚੰਗਾ ਕਦਮ ਦਸਦਿਆਂ ਕਿਹਾ ਕਿ ਭਾਰਤ ਵਿਚ ਕਾਂਗਰਸ ਪਾਰਟੀ ਨੂੰ 1984 ਦੇ ਸਿੱਖ ਕਤਲੇਆਮ ਅਤੇ ਅਪਰੇਸ਼ਨ ਬਲਿਊ ਸਟਾਰ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਪਿੰਡ ਵਿਰਕ ਖੁਰਦ ਵਿੱਚ ਵਿਰਕ ਕਲਾਂ ਅਤੇ ਭੀਸੀਆਣਾ ਪਿੰਡਾਂ ਦੇ ਸੰਗਤ ਦਰਸ਼ਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪੂਰੀ ਸਿੱਖ ਕੌਮ ਦੇ ਹਿਰਦੇ ਵਲੂੰਧਰਨ ਬਦਲੇ ਕਾਂਗਰਸ ਪਾਰਟੀ ਨੂੰ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ ਪਰ ਇਸ ਪਾਰਟੀ ਦੇ ਲੀਡਰਾਂ ਨੇ ਕਦੇ ਇਸ ਪਾਸੇ ਵਲ ਕੋਈ ਵਿਚਾਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੈਨੇਡੀਅਨ ਪ੍ਰਧਾਨ ਮੰਤਰੀ ਇਕ ਸਦੀ ਬਾਅਦ ਕਾਮਾਗਾਟਾਮਾਰੂ ਘਟਨਾਂ ਦੇ ਮੁਆਫ਼ੀ ਮੰਗ ਸਕਦੇ ਹਨ ਤਾਂ ਕਾਂਗਰਸ ਪਾਰਟੀ ਨੂੰ ਆਪਣੇ ਘਿਨਾਉਣੇ ਕਾਰਿਆਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।ਦੇਸ਼ ਦੇ ਕੁਝ ਸੂਬਿਆਂ ਵਿੱਚ ਆਏ ਚੋਣ ਨਤੀਜਿਆਂ ਬਾਰੇ ਪੁੱਛੇ ਜਾਣ ‘ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਕਿਸੇ ਵੇਲੇ ਪੂਰੇ ਦੇਸ਼ ਵਿਚ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਅੱਜ ਸੁੰਗੜਕੇ ਬਹੁਤ ਹੀ ਘੱਟ ਗਿਣਤੀ ਵਾਲੀ ਪਾਰਟੀ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਹੁਣ ਕਾਂਗਰਸ ਮੁਕਤ ਹੋਣ ਵੱਲ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਜਦਕਿ ਦੂਸਰੇ ਪਾਸੇ ਗੰਭੀਰ ਸਿਆਸੀ ਸੰਕਟ ਦੀ ਸ਼ਿਕਾਰ ਇਹ ਪਾਰਟੀ ਤਬਾਹੀ ਕੰਢੇ ਖੜੀ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਕਾਂਗਰਸ ਦਾ ਪੰਜਾਬ ਵਿੱਚ ਮੁਕੰਮਲ ਤੌਰ ‘ਤੇ ਸਿਆਸੀ ਭੋਗ ਪੈ ਜਾਵੇਗਾ।
ਪੱਤਰਕਾਰਾਂ ਵਲੋਂ ਦਿੱਲੀ ਵਿੱਚ ਨਗਰ ਨਿਗਮ ਦੀਆਂ ਉੱਪ ਚੋਣਾਂ ਵਿੱਚ ‘ਆਪ’ ਦੇ ਪੱਖ ਵਿੱਚ ਆਏ ਨਿਰਾਸ਼ਾਜਨਕ ਨਤੀਜਿਆਂ ਸਬੰਧੀ ਪੁੱਛੇ ਜਾਣ ‘ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਆਪ ਵਲੋਂ ਲੋਕਾਂ ਨਾਲ ਕੀਤੇ ਵਿਸਾਹਘਾਤ ਬਦਲੇ ਲੋਕਾਂ ਨੇ ਭਾਂਜ ਦਿੱਤੀ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਤੋਂ ਗਿਣ-ਗਿਣ ਕੇ ਬਦਲੇ ਲੈਣਗੇ। ਪੰਜਾਬ ਦੇ ਸੰਦਰਭ ਵਿਚ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਵਲੋਂ ਦਿੱਲੀ ਦੇ ਲੋਕਾਂ ਨਾਲ ਕੀਤੇ ਮਜਾਕ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ 2017 ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਸਿਆਸੀ ਨਕਸ਼ੇ ‘ਤੇ ਕਿਤੇ ਵੀ ਨਜ਼ਰ ਨਹੀਂ ਆਵੇਗੀ। ਸੰਗਤ ਦਰਸ਼ਨ ਦੌਰਾਨ ਸ੍ਰੀਮਤੀ ਬਾਦਲ ਨੇ ਪਿੰਡ ਵਿਰਕ ਖੁਰਦ ਦੀ ਪੰਚਾਇਤ ਨੂੰ ਵਿਕਾਸ ਕਾਰਜਾ ਲਈ 30 ਲੱਖ ਰੁਪਏ, ਪਿੰਡ ਵਿਰਕ ਕਲਾਂ ਨੂੰ 27 ਲੱਖ ਰੁਪਏ ਅਤੇ ਪਿੰਡ ਭੀਸੀਆਣਾ ਨੂੰ ਵਿਕਾਸ ਕਾਰਜਾਂ ਲਈ 12 ਲੱਖ ਰੁਪਏ ਦੀ ਗਰਾਂਟ ਮੰਜ਼ੂਰ ਕੀਤੀ। ਇਸੇ ਦੌਰਾਨ ਕੇਂਦਰੀ ਮੰਤਰੀ ਨੇ ਪਿੰਡ ਤਿਉਣਾ, ਮੁਲਤਾਨੀਆ ਅਤੇ ਬਾਹੋ ਸੀਵੀਆਂ ਪਿੰਡਾਂ ਵਿੱਚ ਵੀ ਸੰਗਤ ਦਰਸ਼ਨ ਦੌਰਾਨ ਵਿਕਾਸ ਕਾਰਜਾਂ ਲਈ ਗਰਾਂਟਾਂ ਦਿੱਤੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਡਾ ਬਸੰਤ ਗਰਗ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media