Monday, March 16, 2026

ਜ਼ਿਲ੍ਹਾ ਪੱਧਰੀ ਵਿਕਾਸ ਕਮੇਟੀਆਂ ਦੀ ਬੈਠਕ – ਲੋਕਾਂ ਨੂੰ ਬੇਹਤਰ ਸੇਵਾਵਾਂ ਦੇਣ ਦੀਆਂ ਹਦਾਇਤਾਂ

PPN2705201611

ਫਾਜ਼ਿਲਕਾ, 27 ਮਈ (ਵਨੀਤ ਅਰੋੜਾ)- ਜ਼ਿਲ੍ਹਾ ਪੱਧਰੀ ਵਿਕਾਸ ਕਮੇਟੀਆਂ ਦੀਆਂ ਬੈਠਕਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਦੀ ਪ੍ਰਧਾਨਗੀ ਵਿਚ ਆਯੋਜਿਤ ਕੀਤੀਆਂ ਗਈਆਂ। ਇੰਨ੍ਹਾਂ ਬੈਠਕਾਂ ਦੌਰਾਨ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਕੀਮਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗਾਂ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਗਨ ਸਕੀਮ ਤਹਿਤ 31 ਮਾਰਚ ਤੱਕ ਦੀ ਰਕਮ ਸਰਕਾਰ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਅਪ੍ਰੈਲ ਮਹੀਨੇ ਦੀ ਪੈਨਸ਼ਨ ਦੀ ਵੰਡ ਵੀ ਪੰਚਾਇਤਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਖ਼ਤ ਹਦਾਇਤ ਕੀਤੀ ਕਿ ਪੈਨਸ਼ਨਾਂ ਦੀ ਵੰਡ ਵਿਚ ਦੇਰੀ ਨਾ ਹੋਵੇ। ਇਸ ਤਰ੍ਹਾਂ ਉਨ੍ਹਾਂ ਨੇ ਜ਼ਿਲ੍ਹੇ ਵਿਚ ਸੜਕ ਰਿਪੇਅਰ ਦੇ ਚੱਲ ਰਹੇ ਕੰਮ ਦੀ ਨਿਗਰਾਨੀ ਕਰਨ ਲਈ ਉਪ ਮੰਡਲ ਮੈਜ਼ਿਸਟ੍ਰੇਟਾਂ ਨੂੰ ਕਿਹਾ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਅਗਾਮੀ ਬਰਸਾਤ ਰੁੱਤ ਦੌਰਾਨ ਵੱਧ ਤੋਂ ਵੱਧ ਰੁੱਖ ਲਗਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸੇ ਤਰ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਕਿਹਾ ਗਿਆ ਕਿ ਬਰਸਾਤਾਂ ਤੋਂ ਪਹਿਲਾਂ ਜਾਨਵਰਾਂ ਨੂੰ ਬਿਮਾਰੀਆਂ ਤੋਂ ਬਚਾਓ ਦੇ ਟੀਕੇ ਲਗਾ ਦੇਵੇ। ਆਟਾ ਦਾਲ ਯੋਜਨਾ ਦੀ ਸਮੀਖਿਆ ਕਰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 92 ਫੀਸਦੀ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਵੱਖ ਵੱਖ ਕਾਰਜਾਂ ਲਈ ਮਿਲੀਆਂ ਗ੍ਰਾਟਾਂ ਨਾਲ ਵਿਕਾਸ ਕਾਰਜ ਛੇਤੀ ਮੁਕੰਮਲ ਕਰਕੇ ਰਾਸ਼ੀ ਦੇ ਵਰਤੋਂ ਸਾਰਟੀਫਿਕੇਟ ਜਮ੍ਹਾਂ ਕਰਵਾ ਦੇਣ। ਇਸ ਤੋਂ ਪਹਿਲਾਂ ਮਾਲ ਵਿਭਾਗ ਦੇ ਕੰਮ ਕਾਜ ਦੀ ਮਹੀਨਾਵਾਰ ਸਮੀਖਿਆ ਦੌਰਾਨ ਉਨ੍ਹਾਂ ਨੇ ਸਰਕਲ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਵਧੀਆ ਨਾਗਰਿਕ ਸੇਵਾਵਾਂ ਦਿੱਤੀਆਂ ਜਾਣ ਅਤੇ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਅਧਿਸੂਚਿਤ ਸੇਵਾਵਾਂ ਨੂੰ ਤੈਅ ਸਮੇਂ ਅੰਦਰ ਲੋਕਾਂ ਨੂੰ ਦਿੱਤੀਆਂ ਜਾਣ।
ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਸੜਕਾਂ ਦੁਆਲਿਓਂ ਨਜਾਇਜ਼ ਕਬਜੇ ਹਟਾਉਣ, ਸਟਰੀਟ ਲਾਇਟਾਂ ਠੀਕ ਕਰਨ, ਸੜਕਾਂ ਦੇ ਕਿਨਾਰਿਆਂ ਤੇ ਬੇਸਹਾਰਾ ਜਾਨਵਰਾਂ ਨੂੰ ਚਾਰਾ ਨਾ ਪਾਉਣ ਦੇਣ ਲਈ, ਬਿਜਲੀ ਦੀਆਂ ਤਾਰਾਂ ਠੀਕ ਕਰਵਾਉਣ ਲਈ, ਸੜਕਾਂ ਤੇ ਦਰੱਖਤਾਂ ਦੀਆਂ ਨੀਵੀਆਂ ਟਾਹਣੀਆਂ ਕੱਟਣ ਲਈ ਅਤੇ ਗਲੀਆਂ ਵਿਚੋਂ ਮਲਬਾ ਹਟਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਰਵਿੰਦ ਕੁਮਾਰ, ਐਸ.ਪੀ.ਨਰਿੰਦਰਪਾਲ ਸਿੰਘ, ਐਸ.ਡੀ.ਐਮ. ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ, ਐਸ.ਡੀ.ਐਮ. ਅਬੋਹਰ ਸ. ਰਾਜਪਾਲ ਸਿੰਘ, ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਅਵਿਕੇਸ਼ ਗੁਪਤਾ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ. ਗੁਰਚਰਨ ਸਿੰਘ ਸੰਧੂ, ਡੀ.ਡੀ.ਪੀ.ਓ ਸੁਰਿੰਦਰ ਸਿੰਘ ਢਿੱਲੋ, ਡੀ.ਐਫ.ਐਸ.ਸੀ.ਸ. ਹਰਸ਼ਰਨਜੀਤ ਸਿੰਘ ਬਰਾੜ ਆਦਿ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply