ਫਾਜ਼ਿਲਕਾ, 28 ਮਈ (ਵਨੀਤ ਅਰੋੜਾ)- ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮਹੀਨਾਵਾਰ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਰਵਿੰਦ ਕੁਮਾਰ ਨੇ ਸਿੱਖਿਆ ਵਿਭਾਗ ਨੂੰ ਕਿਹਾ ਹੈ ਕਿ ਸਕੂਲਾਂ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੰਦਿਆਂ ਵਿਦਿਆਰਥੀਆਂ ਦੀ ਸਖ਼ਸੀਅਤ ਉਸਾਰੀ ਤੇ ਵਿਸੇਸ਼ ਤਵੱਜੋਂ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਬੇਸੱਕ ਜ਼ਿਲ੍ਹੇ ਵਿਚ 62 ਵੱਖਰੇ ਰਿਸੋਰਸ ਰੂਮ ਬਣਾਏ ਗਏ ਹਨ ਤਾਂ ਜੋ ਉਨ੍ਹਾਂ ਦੀਆਂ ਸ਼ਰੀਰਕ-ਮਾਨਸਿਕ ਜਰੂਰਤਾਂ ਅਨੁਸਾਰ ਸਿੱਖਿਆ ਦਿੱਤੀ ਜਾ ਸਕੇ ਪਰ ਇਸ ਦੇ ਨਾਲ ਨਾਲ ਇੰਨ੍ਹਾਂ ਬੱਚਿਆਂ ਨੂੰ ਕੁਝ ਸਮਾਂ ਆਮ ਬੱਚਿਆਂ ਦੇ ਨਾਲ ਮਿਲਜੁਲ ਕੇ ਖੇਡਣ ਕੁੱਦਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਆਮ ਬੱਚੇ ਇੰਨ੍ਹਾਂ ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਦੀਆਂ ਮੁਸਕਿਲਾਂ ਨੂੰ ਸਮਝ ਸਕਨ ਅਤੇ ਸਮਾਜ ਵਿਚ ਇੱਕਦੁਜੇ ਨਾਲ ਬਿਹਤਰ ਤਰੀਕੇ ਨਾਲ ਰਚਮਿਚ ਸਕਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸਿਹਤ ਜਾਂਚ ਪ੍ਰੋਗਰਾਮ ਅਤੇ ਬੱਚਿਆਂ ਲਈ ਦੁਪਹਿਰ ਦੇ ਖਾਣੇ ਦੇ ਪ੍ਰੋਗਰਾਮ ਦੀ ਵਿਸੇਸ਼ ਨਿਗਰਾਨੀ ਕੀਤੀ ਜਾਵੇ। ਇਸੇ ਹੀ ਤਰਾਂ ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੋਲੀਥੀਨ ਬੈਗ ਤੇ ਪਾਬੰਦੀ ਲਗਾਈ ਹੋਈ ਹੈ। ਇਸ ਲਈ ਪਲਾਸਟਿਕ ਦੇ ਦੁਸ਼ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹਰ ਹਫ਼ਤੇ ਇਕ ਦਿਨ ਹਰੇਕ ਸਕੂਲ ਕੈਂਪਸ ਵਿਚ ਇਕ ਅਭਿਆਨ ਚਲਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਸਕੂਲ ਵਿਚ ਕੋਈ ਪੋਲੀਥੀਨ ਨਾ ਹੋਵੇ। ਇਸੇ ਤਰਾਂ ਉਨ੍ਹਾਂ ਨੇ ਸਕੂਲ ਕੈਂਪਸ ਦੀ ਸਾਫ ਸਫਾਈ ਰੱਖਦੇ ਹੋਏ ਵਿਦਿਆਰਥੀਆਂ ਨੂੰ ਸਫਾਈ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਵੀ ਕਿਹਾ। ਬੈਠਕ ਵਿਚ ਢਾਣੀ ਅਮਰ ਸਿੰਘ ਦੇ ਸਰਕਾਰੀ ਸਕੂਲ ਦੇ ਦੂਜੀ ਜਮਾਤ ਦੋ ਬੱਚਿਆਂ ਕ੍ਰਮਵਾਰ ਗੁਰਭੇਜ ਸਿੰਘ ਅਤੇ ਮਨਿੰਦਰ ਨੇ ਪ੍ਰਵੇਸ ਪ੍ਰੋਜੈਕਟ ਤਹਿਤ ਖੇਡ ਖੇਡ ਵਿਧੀ ਤਹਿਤ ਕਰਵਾਈ ਜਾ ਰਹੀ ਹੈ ਪੜਾਈ ਦੇ ਪੱਧਰ ਦਾ ਮੁਜਾਹਿਰਾ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ: ਸੁਖਬੀਰ ਸਿੰਘ ਬੱਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰ ਸ੍ਰੀ ਹਰੀ ਚੰਦ ਕੰਬੋਜ, ਪ੍ਰਵੇਸ ਕੁਆਰਡੀਨੇਟਰ ਸ੍ਰੀ ਗੁਰਦਿਆਲ ਸਿੰਘ ਆਦਿ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media