Saturday, April 11, 2026

ਸੰਤਾਂ ਦਰਮਿਆਨ ਸੁਲਾਹ ਕਰਵਾਉਣ ਲਈ ਪੰਥ ਪ੍ਰਵਾਨਿਤ ਸ਼ਖ਼ਸੀਅਤਾਂ ਦੀ ਕਮੇਟੀ ਬਣਾਈ ਜਾਵੇਗੀ – ਜਥੇ: ਅਵਤਾਰ ਸਿੰਘ

6 ਜੂਨ ਨੂੰ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਧਿਰਾਂ ਮਰਿਆਦਾ ਦਾ ਖਿਆਲ ਰੱਖਣ

PPN3105201618

ਅੰਮ੍ਰਿਤਸਰ, 31 ਮਈ(ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਅੱਜ ਮੁੱਖ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੌਜੂਦਾ ਪੰਥਕ ਹਾਲਾਤ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਜਥੇਦਾਰ ਅਵਤਾਰ ਸਿੰਘ ਨੇ ਬੜੀ ਭਾਵੁਕਤਾ ਨਾਲ ਮੀਟਿੰਗ ਦਾ ਏਜੰਡਾ ਹਾਜ਼ਰ ਮੈਂਬਰਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਪੰਥ ਪ੍ਰਚਾਰਕਾਂ ਵਿੱਚ ਪੈਦਾ ਹੋਇਆ ਆਪਸੀ ਟਕਰਾਅ ਸਿੱਖ ਕੌਮ ਲਈ ਚਿੰਤਾਜਨਕ ਹੈ ਅਤੇ ਮੌਜੂਦਾ ਪੰਥਕ ਹਾਲਾਤਾਂ ਦੇ ਸਰਲੀਕਰਨ ਲਈ ਸੁਹਿਰਦ ਯਤਨ ਜ਼ਰੂਰੀ ਹਨ। ਉਨ੍ਹਾਂ ਨੇ ਅੰਤ੍ਰਿੰਗ ਕਮੇਟੀ ਦੇ ਸਮੂਹ ਮੈਂਬਰਾਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਸੁਣਿਆ। ਹਾਜ਼ਰ ਮੈਂਬਰਾਂ ਨੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਦੋਹਾਂ ਹੀ ਧਾਰਮਿਕ ਸ਼ਖ਼ਸੀਅਤਾਂ ਨੂੰ ਵਿਸਫੋਟਕ ਕਿਸਮ ਦੀ ਬਿਆਨਬਾਜੀ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਸੂਝਵਾਨ ਪੰਥ ਪ੍ਰਵਾਨਤ ਸ਼ਖ਼ਸੀਅਤਾਂ ਦੀ ਕਮੇਟੀ ਬਣਾ ਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ, ਕਿਉਂਕਿ ਮਿਲ ਬੈਠ ਕੇ ਵੱਡੇ-ਵੱਡੇ ਮਸਲੇ ਨਿਪਟ ਜਾਂਦੇ ਹਨ।
ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਕੱਤਰਤਾ ਵਿਚ ਸ਼ਾਮਲ ਮੈਂਬਰਾਂ ਦੇ ਸੁਝਾਅ ਅਨੁਸਾਰ ਵਰਤਮਾਨ ਸਮੇਂ ਵਿਚ ਪੈਦਾ ਹੋਏ ਪੰਥਕ ਹਾਲਾਤਾਂ ਦੇ ਠੋਸ ਹੱਲ ਲਈ ਪੰਥ ਦੀਆਂ ਪ੍ਰਵਾਨਿਤ ਸ਼ਖ਼ਸੀਅਤਾਂ ਦੀ ਇੱਕ ਕਮੇਟੀ ਬਣਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦਾ ਗਠਨ ਜਲਦ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਦੋਵੇਂ ਹੀ ਸੂਝਵਾਨ ਸਿੱਖ ਸ਼ਖ਼ਸੀਅਤਾਂ ਹਨ ਅਤੇ ਪੰਥ ਦੇ ਪ੍ਰਚਾਰ ਲਈ ਨਿਰੰਤਰ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਪਹਿਲਾਂ ਹੀ ਕਈ ਬਾਹਰੀ ਚੁਣੌਤੀਆਂ ਦੇ ਰੂਬਰੂ ਹੈ ਅਤੇ ਅੱਜ ਇਸ ਨੂੰ ਆਪਸੀ ਇੱਕਜੁਟਤਾ ਅਤੇ ਸੰਗਠਨ ਦੀ ਵੱਡੀ ਲੋੜ ਹੈ। ਇਸ ਸਮੇਂ ਸਮੁੱਚੀਆਂ ਪੰਥਕ ਧਿਰਾਂ ਨੂੰ ਸਹਿਜ, ਸੰਜਮ ਤੇ ਹਲੇਮੀ ਤੋਂ ਕੰਮ ਲੈਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਵਡੇਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਕੌਮ ਵਿਚ ਵੰਡੀਆਂ ਪਾਉਣ ਵਾਲੀਆਂ ਸ਼ਕਤੀਆਂ ਦੇ ਮਨਸੂਬੇ ਕਾਮਯਾਬ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਪੰਥ ਦੀ ਸੁਖ ਸ਼ਾਂਤੀ ਲਈ ਪੰਥਕ ਸੋਚ ਰੱਖਣ ਵਾਲਾ ਹਰ ਬਸ਼ਰ ਸ਼ਖ਼ਸੀ ਤੌਰ ‘ਤੇ ਵੀ ਅੱਗੇ ਆਵੇ।
ਉਨ੍ਹਾਂ ਹੋਰ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਥੇ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਹੈ, ਉਥੇ ਹੀ ਸਮੁੱਚੀ ਮਨੁੱਖਤਾ ਲਈ ਆਤਮਿਕ ਤ੍ਰਿਪਤੀ ਦਾ ਕੇਂਦਰ ਵੀ ਹੈ। ਇਸ ਪਾਵਨ ਅਸਥਾਨ ਦਾ ਇਤਿਹਾਸ ਗੌਰਵਮਈ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਮਨੁੱਖਤਾ ਦੇ ਦੁਸ਼ਮਣਾਂ ਵੱਲੋਂ ਇਸ ਅੰਮ੍ਰਿਤਮਈ ਅਸਥਾਨ ਨੂੰ ਢਹਿ-ਢੇਰੀ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। 1984 ਵਿਚ ਵੀ ਸਮੇਂ ਦੀ ਭਾਰਤੀ ਹਕੂਮਤ ਵੱਲੋਂ ਇਸ ‘ਤੇ ਗੋਲੀਆਂ ਦਾ ਮੀਂਹ ਵਰ੍ਹਾਇਆ ਗਿਆ। ਇਸ ਮੌਕੇ ਦਰਸ਼ਨ ਕਰਨ ਆਈ ਬੇਦੋਸ਼ੀ ਸੰਗਤ ਨੂੰ ਵੀ ਨਾ ਬਖਸ਼ਿਆ ਗਿਆ। ਇਸ ਘੱਲੂਘਾਰੇ ਸਮੇਂ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ ਹਰ ਸਾਲ 6 ਜੂਨ ਨੂੰ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਜਾਂਦਾ ਹੈ ਪਰ ਇਸ ਘੱਲੂਘਾਰੇ ਦੀ ਸ਼ਾਂਤਮਈ ਰੂਪ ਵਿਚ ਯਾਦ ਮਨਾਉਣ ਸਮੇਂ ਕੁਝ ਸਿੱਖ ਵਿਰੋਧੀ ਤਾਕਤਾਂ ਮੌਕੇ ਦਾ ਫਾਇਦਾ ਉਠਾਉਣ ਲਈ ਹਰ ਵਾਰ ਖਲਲ ਪਾਉਣ ਦਾ ਯਤਨ ਕਰਦੀਆਂ ਹਨ। ਇਹ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ 6 ਜੂਨ ਨੂੰ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਸਮੂਹ ਪੰਥਕ ਧਿਰਾਂ ਨੂੰ ਅਤੇ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਉਹ ਸਿੱਖ ਵਿਰੋਧੀ ਸ਼ਕਤੀਆਂ ਦੀਆਂ ਚਾਲਾਂ ਤੋਂ ਸੁਚੇਤ ਰਹਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਯਾਦਾ ਨੂੰ ਧਿਆਨ ਵਿਚ ਰੱਖਣ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸ਼ਿਵ ਸੈਨਾ ਵੱਲੋਂ ਵੱਖ-ਵੱਖ ਸਮੇਂ ਤੇ ਸਿੱਖਾਂ ਖਿਲਾਫ ਕੀਤੀ ਜਾਂਦੀ ਬਿਆਨਬਾਜੀ ਦਾ ਸਖਤ ਨੋਟਿਸ ਲਿਆ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼ਿਵ ਸੈਨਾ ਨੂੰ ਆਪਣੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ ਕਿਉਂਕਿ ਅਜਿਹੀ ਬਿਆਨਬਾਜੀ ਨਾਲ ਪੰਜਾਬ ਦਾ ਮਾਹੌਲ ਅਸ਼ਾਂਤ ਹੋ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਨਕੇਲ ਪਾਈ ਜਾਵੇ।
ਇਸ ਮੌਕੇ ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਰਜਿੰਦਰ ਸਿੰਘ ਮਹਿਤਾ, ਦਿਆਲ ਸਿੰਘ ਕੌਲਿਆਂਵਾਲੀ, ਕਰਨੈਲ ਸਿੰਘ ਪੰਜੋਲੀ, ਰਾਮਪਾਲ ਸਿੰਘ ਬਹਿਣੀਵਾਲ, ਨਿਰਮੈਲ ਸਿੰਘ ਜੌਲਾਂ, ਸੂਬਾ ਸਿੰਘ ਡੱਬਵਾਲੀ, ਭਜਨ ਸਿੰਘ ਸ਼ੇਰਗਿੱਲ, ਮੰਗਲ ਸਿੰਘ, ਸੁਰਜੀਤ ਸਿੰਘ ਗੜ੍ਹੀ, ਮੋਹਨ ਸਿੰਘ ਬੰਗੀਂ, ਗੁਰਬਚਨ ਸਿੰਘ ਕਰਮੂੰਵਾਲਾ ਅੰਤ੍ਰਿੰਗ ਕਮੇਟੀ ਮੈਂਬਰ, ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ ਤੇ ਮਨਜੀਤ ਸਿੰਘ ਸਕੱਤਰ, ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾਸਿੰਘਾ, ਕੇਵਲ ਸਿੰਘ, ਡਾ: ਪਰਮਜੀਤ ਸਿੰਘ ਸਰੋਆ ਤੇ ਬਿਜੈ ਸਿੰਘ ਵਧੀਕ ਸਕੱਤਰ, ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ, ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਅਰਵਿੰਦਰ ਸਿੰਘ ਏ ਪੀ ਆਰ ਓ, ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਗੁਰਵਿੰਦਰ ਸਿੰਘ ਪੀ ਏ, ਸੁਲੱਖਣ ਸਿੰਘ ਮੈਨੇਜਰ, ਹਰਪ੍ਰੀਤ ਸਿੰਘ ਮੀਤ ਮੈਨੇਜਰ, ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਮਨਿੰਦਰਮੋਹਨ ਸਿੰਘ ਇੰਚਾਰਜ ਤੇ ਹਰਜਿੰਦਰ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply