Monday, March 16, 2026

 ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ

Manjit GK Manjinder Sirsa
ਦਿੱਲੀ ਕਮੇਟੀ ਨੇ ਯੂਰੋਪੀਅਨ ਤੇ ਪੱਛਮੀ ਦੇਸ਼ਾਂ ਦੇ 11 ਸ਼ਫ਼ੀਰਾਂ ਨੂੰ ਭੇਜਿਆ ਸੱਦਾ

ਨਵੀਂ ਦਿੱਲੀ, 17 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ 3 ਜੁਲਾਈ 2016 ਨੂੰ ਇੰਦਰਾ ਗਾਂਧੀ ਇੰਡੋਰ ਸਟੈਡੀਅਮ ਵਿਖੇ ਆਯੋਜਿਤ ਕੀਤੇ ਜਾ ਰਹੇ ਕੌਮਾਂਤਰੀ ਪੱੱਧਰੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਗ ਲੈਣਗੇ। ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਕਮੇਟੀ ਵੱਲੋਂ ਯੂਰੋਪੀਅਨ ਅਤੇ ਪੱਛਮੀ ਦੇਸ਼ਾਂ ਦੇ ਸ਼ਫ਼ੀਰਾ ਨੂੰ ਪਰਿਵਾਰਕ ਮੈਂਬਰਾਂ, ਸਟਾਫ਼ ਅਤੇ ਆਪਣੇ ਦੇਸ਼ ਦੇ ਮੀਡੀਆ ਦੇ ਨਾਲ ਆਉਣ ਦਾ ਸੱਦਾ ਭੇਜਿਆ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਭੇਜੇ ਗਏ ਉਕਤ ਸੱਦਾ ਪੱਤਰ ਕੈਨੇਡਾ, ਅਮਰੀਕਾ, ਫਰਾਂਸ, ਬ੍ਰਿਟੇਨ, ਇਟਲੀ, ਜਰਮਨ, ਸਪੇਨ, ਗ੍ਰੀਸ, ਡੇਨਮਾਰਕ, ਰੂਸ ਅਤੇ ਆਇਰਲੈਂਡ ਦੇ ਦੂਤਘਰਾਂ ਨੂੰ ਭੇਜੇ ਗਏ ਹਨ।
ਸੱਦਾ ਪੱਤਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਰਾਜ ਦਾ ਵਿਸਤਾਰ ਨਾਲ ਵੇਰਵਾ ਦਿੱਤਾ ਗਿਆ ਹੈ। ਕਮੇਟੀ ਪ੍ਰਬੰਧਕਾਂ ਨੇ ਆਪਣੇ ਪੱਤਰ ਵਿਚ ਵਿਦੇਸ਼ੀਆਂ ਨੂੰ ਸਿੱਖ ਧਰਮ ਦੀ ਜਾਣਕਾਰੀ ਨਾ ਹੋਣ ਕਰਕੇ ਵਿਦੇਸ਼ਾਂ ਵਿਚ ਸਿੱਖਾਂ ਨੂੰ ਝੱਲਣੇ ਪੈਂਦੇ ਨਸਲੀ ਅਤੇ ਗਲਤ ਪੱਛਾਣ ਦੇ ਹਮਲੇ, ਦਸਤਾਰ ਤੇ ਪਾਬੰਦੀ ਅਤੇ ਕ੍ਰਿਪਾਣ ਆਦਿ ਕਕਾਰਾਂ ਦੀ ਹਵਾਈ ਯਾਤਰਾ ਦੌਰਾਨ ਮਨਾਹੀ ਦਾ ਵੀ ਵਿਦੇਸ਼ੀ ਸ਼ਫ਼ੀਰਾਂ ਨੂੰ ਹਵਾਲਾ ਦਿੱਤਾ ਹੈ।
ਵਿਦੇਸ਼ੀ ਸ਼ਫ਼ੀਰਾ ਨੂੰ ਭੇਜੇ ਗਏ ਸੱਦਾ ਪੱਤਰ ਦੇ ਮਨੋਰਥ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਸਿੱਖ ਬੇਸ਼ਕ ਅੱਜ ਵਿਦੇਸ਼ਾਂ ਵਿਚ ਆਪਣੀ ਮਿਹਨਤ ਅਤੇ ਲਗਨ ਦੇ ਸਿਰ ‘ਤੇ ਇੱਕ ਵੱਡਾ ਮੁਕਾਮ ਹਾਸ਼ਿਲ ਕਰਨ ਵਿਚ ਕਾਮਯਾਬ ਹੋਏ ਹਨ ਪਰ ਸਿੱਖ ਧਰਮ ਦੀ ਜਾਣਕਾਰੀ ਵਿਦੇਸ਼ੀਆਂ ਨੂੰ ਨਾ ਹੋਣ ਕਰਕੇ ਸਿੱਖਾਂ ਨੂੰ ਕਈ ਤਰਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜੀ.ਕੇ. ਨੇ ਕਿਹਾ ਕਿ ਕਿਸੇ ਵੀ ਦੇਸ਼ ਦਾ ਸੰਵਿਧਾਨ ਜਾਂ ਕਾਨੂੰਨ ਕਿਸੇ ਵੀ ਆਪਣੇ ਸ਼ਹਿਰੀ ਨਾਲ ਰੰਗ, ਨਸਲ ਜਾਂ ਧਰਮ ਦੇ ਆਧਾਰ ਤੇ ਵਿੱਤਕਰਾਂ ਕਰਨ ਦੀ ਮਨਜੂਰੀ ਨਹੀਂ ਦਿੰਦਾ ਹੈ ਪਰ ਸ਼ਰਾਰਤੀ ਜਾਂ ਸਿਰਫਿਰੇ ਅਨਸਰ ਅਕਸਰ ਸਿੱਖਾਂ ਨੂੰ ਮੁਸਲਿਮ ਸਮਝ ਕੇ ਜਾਨਲੇਵਾ ਹਮਲੇ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ ਜਿਸ ਕਰਕੇ ਦਿੱਲੀ ਕਮੇਟੀ ਨੇ ਬਹੂ ਸਿੱਖ ਵੱਸੋਂ ਵਾਲੇ ਦੇਸ਼ਾਂ ਦੇ ਪ੍ਰਬੰਧਕੀ ਅਮਲੇ ਤਕ ਬਾਬਾ ਜੀ ਦੀ ਸ਼ਹੀਦੀ ਸ਼ਤਾਬਦੀ ਦਾ ਸੁਨੇਹਾ ਪਹੁੰਚਾਉਣ ਅਤੇ ਸਿੱਖੀ ਦੀ ਸੋਚ ਤੋਂ ਜਾਣੂ ਕਰਾਉਣ ਵਾਸਤੇ ਇਹ ਕਦਮ ਚੁੱਕਿਆ ਹੈ।
ਸਿਰਸਾ ਨੇ ਭਰੋਸਾ ਜਤਾਇਆ ਕਿ ਸਿੱਖ ਧਰਮ, ਵਿਰਸੇ ਅਤੇ ਸਭਿਆਚਾਰ ਤੋਂ ਜਾਣੂ ਕਰਵਾਉਣ ਲਈ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਜਰੂਰ ਕਾਮਯਾਬ ਹੋਵੇਗੀ। ਸਿਰਸਾ ਨੇ ਕਿਹਾ ਕਿ ਸਿੱਖ ਧਰਮ ਇੱਕ ਦੂਜੇ ਨਾਲ ਨਫ਼ਰਤ ਜਾਂ ਵਿੱਤਕਰਾਂ ਕਰਨ ਦੀ ਭਾਵਨਾ ਨਾਲ ਪ੍ਰੇਰਿਤ ਨਹੀਂ ਹੈ। ਇਸੇ ਸੋਚ ਨੂੰ ਸਿੱਖ ਗੁਰੂਆਂ ਨੇ ਸਿੱਧਾਂਤ ਬਣਾ ਕੇ ਸੰਗਤਾਂ ਤਕ ਪਹੁੰਚਾਇਆ ਸੀ। ਜਿਸਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸ਼ੂਰਬੀਰ ਗੁਰੂ ਕੇ ਸਿੰਘਾਂ ਨੇ ਰਾਜ ਪ੍ਰਾਪਤ ਕਰਨ ਦੇ ਬਾਅਦ ਵੀ ਜਿਸ ਦਿਲੇਰੀ ਅਤੇ ਸਮਰਪਣ ਦੇ ਨਾਲ ਸਿੰਧਾਂਤਿਕ ਤੌਰ ਤੇ ਪਹਿਰਾ ਦੇ ਕੇ ਅਪਣਾਇਆ ਸੀ। ਇਸ ਕਰਕੇ ਅੱਜ ਉਸ ਸੰਦੇਸ਼ ਨੂੰ ਪੂਰੇ ਸੰਸਾਰ ਵਿਚ ਪਹੁੰਚਾਉਣ ਜਰੂਰੀ ਹੈ।
ਸਿਰਸਾ ਨੇ ਵਿਦੇਸ਼ਾਂ ਵਿਚ ਸਿੱਖਾਂ ਵੱਲੋਂ ਵੱਡੇ ਅਹੁੱਦੀਆਂ ਤੇ ਜਿੰਮੇਵਾਰੀ ਨਿਭਾਉਣ ਨੂੰ ਸਿੱਖ ਕੌਮ ਦੇ ਚੰਗੇ ਭਵਿੱਖ ਨਾਲ ਜੋੜਿਆ। ਸਿਰਸਾ ਨੇ ਕਿਹਾ ਕਿ ਇੱਕ ਪਾਸੇ ਸਾਰੀ ਦੁਨੀਆਂ ਧਰਮ ਅਤੇ ਨਸ਼ਲ ਦੇ ਆਧਾਰ ਤੇ ਖੂਨੀ ਦੌਰ ਦਾ ਮੁਕਾਬਲਾ ਕਰ ਰਹੀ ਹੈ। ਪਰ ਇਸ ਟਕਰਾਵ ਵਿਚ ਸਿੱਖ ਧਰਮ ਹੀ ਸਿਧਾਂਤਕ ਤੌਰ ਤੇ ਪੂਰੇ ਸੰਸਾਰ ਵਿਚ ਭਾਈਚਾਰਾ ਬਣਾਉਣ ਦਾ ਮਾਧਿਯਮ ਇੱਕ ਚਾਨਣ ਮੁਨਾਰੇ ਵਾਂਗ ਬਣ ਸਕਦਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply