
ਨਵੀਂ ਦਿੱਲੀ, 17 ਜੂਨ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੇ ਜਲ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਮਯਾਬ ਹੋ ਗਈਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਰੋਵਰ ਵਿਚ ਨਵੇਂ ਲਗੇ ਫਿਲਟਰ ਸਿਸਟਮ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਦਰਬਾਰ ਹਾਲ ਦੇ ਨਾਲ ਲਗਾਈ ਗਈ ਚਿੱਤਰ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਕੀਤਾ।ਇਸ ਤੋਂ ਪਹਿਲਾ ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਫਿਲਟਰ ਸਿਸਟਮ ਦੇ ਚਾਲੂ ਹੋਣ ਦੀ ਕਮੇਟੀ ਅਹੁਦੇਦਾਰਾਂ, ਮੈਂਬਰਾਂ ਅਤੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਦੇ ਪ੍ਰਤਿਨਿਧੀਆਂ ਦੀ ਮੌਜੂਦਗੀ ਵਿਚ ਅਰਦਾਸ ਕੀਤੀ।
ਜੀ.ਕੇ. ਨੇ ਇਸ ਕਾਰਜ ਦੇ ਪਿਛੋਕੜ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਸਰੋਵਰ ਵਾਲੀ ਥਾਂ ਨੂੰ ਲਗਾ ਕੇ 1976 ਵਿਚ ਬਾਬਾ ਹਰਬੰਸ ਸਿੰਘ ਜੀ ਨੂੰ ਸਰੋਵਰ ਬਣਾਉਣ ਦੀ ਸੇਵਾ ਸੌਂਪੀ ਗਈ ਸੀ ਪਰ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਦਿੱਲੀ ਵਿਚ ਪਿੱਛਲੀਆਂ ਕਮੇਟੀਆਂ ਨੇ ਸਰੋਵਰ ਦੇ ਜਲ ਨੂੰ ਸਾਫ਼ ਰੱਖਣ ਵਾਸਤੇ ਵੱਡੀਆ ਕੋਸ਼ਿਸ਼ਾਂ ਨਹੀਂ ਕੀਤੀਆਂ। ਹਾਲਾਂਕਿ 10-15 ਸਾਲ ਤੋਂ ਬਾਅਦ ਸਰੋਵਰ ਦੀ ਸਫ਼ਾਈ ਦੀ ਕਾਰਸੇਵਾ ਕਰਨ ਦੀ ਇੱਕ ਰਸ਼ਮ ਕਾਇਮ ਹੋ ਗਈ ਸੀ ਪਰ ਜਲ ਨੂੰ ਪੂਰਨ ਤੌਰ ਤੇ ਵਾਤਾਵਰਣ ਪੱਖੀ ਬਣਾਉਣ ਵਾਸਤੇ ਲੋੜੀਂਦੀਆਂ ਕੋਸ਼ਿਸ਼ਾਂ ਕਰਨ ਤੋਂ ਹਮੇਸ਼ਾ ਪਾਸਾ ਵੱਟਿਆ ਗਿਆ।ਜੀ.ਕੇ ਨੇ ਦੱਸਿਆ ਕਿ ਮੌਜੂਦਾ ਕਮੇਟੀ ਨੇ 23 ਅਪ੍ਰੈਲ 2014 ਨੂੰ ਬਾਬਾ ਬਚਨ ਸਿੰਘ ਜੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਰੋਵਰ ਦੀ ਸਫ਼ਾਈ ਦੀ ਕਾਰਸੇਵਾ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਸਰੋਵਰ ਵਿਚ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰਜ਼ ‘ਤੇ ਫਿਲਟਰ ਸਿਸਟਮ ਲਗਾਉਣ ਦਾ ਫੈਸਲਾ ਲਿਆ ਗਿਆ ਸੀ ਜੋ ਕੰਮ ਹੁਣ ਮੁੰਕਮਲ ਹੋ ਗਿਆ ਹੈ।
ਜੀ.ਕੇ. ਨੇ ਇਸ ਸੇਵਾ ਵਿਚ ਸਹਿਯੋਗ ਕਰਨ ਵਾਲੇ ਸਿੱਖਾਂ ਨੂੰ ਸਿਰੋਪਾਉ ਦੇ ਕੇ ਸੰਨਮਾਨਿਤ ਵੀ ਕੀਤਾ।ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਪਤੀਆਂ, ਰਾਜ ਅਤੇ ਜੀਵਨ ਤੋਂ ਜਾਣੂ ਕਰਵਾਉਣ ਲਈ ਕਮੇਟੀ ਵੱਲੋਂ 30 ਜੂਨ 2016 ਤਕ ਸਵੇਰੇ 9ਵਜੇ ਤਕ ਰਾਤ 9:30 ਵਜੇ ਤਕ ਚਲਣ ਵਾਲੀ ਚਿੱਤਰ ਪ੍ਰਦਰਸ਼ਨੀ ਦਾ ਵੀ ਜੀ.ਕੇ ਨੇ ਮੁਆਇਨਾ ਕੀਤਾ। ਜੀ.ਕੇ ਨੇ ਦਾਅਵਾ ਕੀਤਾ ਕਿ ਬਾਬਾ ਜੀ ਦੇ ਜੀਵਨ ਬਾਰੇ ਜਾਣੂ ਕਰਵਾਉਣ ਲਈ ਲਗਾਈਆਂ ਗਈਆਂ ਇਹ ਤਸਵੀਰਾਂ ਆਉਣ ਵਾਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੀਆਂ। ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਣਾ, ਹਰਜਿੰਦਰ ਸਿੰਘ, ਚਮਨ ਸਿੰਘ, ਬੀਬੀ ਧੀਰਜ ਕੌਰ ਅਤੇ ਜੀਤ ਸਿੰਘ ਮੌਜੂਦ ਸਨ।
Punjab Post Daily Online Newspaper & Print Media