Saturday, April 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਸ਼ੁਰੂ

PPN2306201615

ਅੰਮ੍ਰਿਤਸਰ, 23 ਜੂਨ (ਸੁਖਬੀਰ ਖੁਰਮਣੀਆ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਸ਼ੋ੍ਰਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ ਇਥੇ ਆਰੰਭ ਹੋ ਗਿਆ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ ਅਤੇ ਵਾਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਉਦਘਾਟਨ ਕੀਤਾ।ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੇ ਸਾਬਕਾ ਪ੍ਰੋਫੈਸਰ ਪ੍ਰੋ. ਦਿਲਬਾਗ ਸਿੰਘ ਨੇ ਕੁੰਜੀਵਤ ਭਾਸ਼ਣ ਦਿੱਤਾ।ਸੈਮੀਨਾਰ ਦੇ ਡਾਇਰੈਕਟਰ ਪ੍ਰੋ. ਗੁਲਜ਼ਾਰ ਸਿੰਘ ਕੰਗ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ। ਸੈਮੀਨਾਰ ਦੇ ਕੋਆਰਡੀਨੇਟਰ, ਡਾ. ਬਲਵੰਤ ਸਿੰਘ ਢਿੱਲੋਂ ਨੇ ਸੈਮੀਨਾਰ ਦੀ ਰੂਪ ਰੇਖਾ ਨੂੰ ਸੰਖੇਪ ਵਿਚ ਬਿਆਨ ਕੀਤਾ ਅਤੇ ਪਹੁੰਚੇ ਅਕਾਦਮਿਕ ਅਤੇ ਸੰਸਥਾਗਤ ਪਤਵੰਤਿਆ ਦੀ ਜਾਣ ਪਛਾਣ ਕਰਾਈ।
ਮੁੱਖ ਮਹਿਮਾਨ ਅਤੇ ਪ੍ਰੋ. ਬਰਾੜ ਵੱਲੋਂ ਕੇਂਦਰ ਦੀ ਫੈਕਲਟੀ ਵਲੋਂ ਤਿਆਰ ਕੀਤੀਆਂ ਪੁਸਤਕਾਂ ਰਾਜਸਥਾਨੀ ਡਾਕੂਮੈਂਟ ਆਨ ਬਾਬਾ ਬੰਦਾ ਸਿੰਘ ਬਹਾਦਰ (ਪ੍ਰੋ. ਬੀ.ਐਸ. ਢਿੱਲੋਂ), ਪਰਸਪੈਕਟਿਵ ਆਨ ਸਿੱਖ ਰਿਲੀਜਨ, ਹਿਸਟਰੀ ਐਂਡ ਆਈਡੈਂਡਿਟੀ (ਪ੍ਰੋ. ਐਨ. ਮੁਥੂਮੋਹਨ, ਪ੍ਰੋ. ਜੀ.ਐਸ. ਕੰਗ, ਪ੍ਰੋ. ਜਸਵਿੰਦਰ ਕੌਰ ਢਿੱਲੋਂ), ਡਾ. ਗੁਲਜ਼ਾਰ ਸਿੰਘ ਕੰਗ ਦੀਆਂ ਲਿਖਤਾਂ ਤੇ ਅਧਾਰਿਤ ਦੋ ਪੁਸਤਕਾਂ- ਗੁਰਮਤਿ ਚਿੰਤਨ ਅਤੇ ਚੇਤਨਾ, ਗੁਰਬਾਣੀ ਵਿਆਖਿਆ-ਵਿਖਿਆਨ (ਸੰਪਾ. ਮਿਸਿਜ਼ ਹਰਪ੍ਰੀਤ ਕੌਰ) ਰੀਲੀਜ਼ ਕੀਤੀਆਂ ਗਈਆਂ। ਇਨ੍ਹਾਂ ਪੁਸਤਕਾਂ ਬਾਰੇ ਡਾ. ਜਸਵਿੰਦਰ ਕੌਰ ਢਿੱਲੋਂ ਨੇ ਸੰਖੇਪ ਵੇਰਵਾ ਦਿੱਤਾ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਨਵੀਂ ਵੈਬਸਾਈਟ “ਗਿਆਨ ਅੰਜਨ“ ਨੂੰ ਪ੍ਰੋ. ਅਜਾਇਬ ਸਿੰਘ ਬਰਾੜ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਜੱਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਂਚ ਕੀਤਾ ਗਿਆ।
ਪ੍ਰੋ. ਬਰਾੜ ਨੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਕੁੱਝ ਖੋਜ ਕਾਰਜ ਖੋਜ ਕਰਤਾ ਦੀ ਮਾਨਸਿਕਤਾ ਆਧਾਰਿਤ ਵੀ ਹੁੰਦੇ ਜਿਸ ਕਰਕੇ ਸਹੀ ਤੱਥ ਸਾਹਮਣੇ ਨਹੀਂ ਆਉਂਦੇ। ਉਨ੍ਹਾਂ ਖੋਜਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨਕ ਪਹੁੰਚ ਅਪਣਾਉਂਦੇ ਹੋਏ ਸੰਤੁਲਿਤ ਖੋਜ ਨੂੰ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਘਾਲਣਾ ਅਦੁੱਤੀ ਹੈ ਅਤੇ ਉਨ੍ਹਾਂ ਨੂੰ ਇਹ ਸ਼ਕਤੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਾਪਤ ਹੋਈ ਹੈ। ਉਨ੍ਹਾਂ ਗੁਰੂ ਦੇ ਥਾਪੜੇ ਅਤੇ ਸੂਝ ਬੂਝ ਸਦਕਾ ਹੀ ਖਤਰਨਾਕ ਯੁੱਧ ਦੇ ਮੈਦਾਨ ਵਿਚ ਕਾਮਯਾਬ ਹੋਏ। ਉਨ੍ਹਾਂ ਕਿਹਾ ਕਿ ਉਨ੍ਹਾਂ ਬਾਰੇ ਵੱਧ ਤੋਂ ਵੱਧ ਵਿਗਿਆਨਕ ਖੋਜ ਕੀਤੀ ਜਾਣੀ ਚਾਹੀਦੀ ਹੈ ਤਾਂ ਉਨ੍ਹਾਂ ਬਾਰੇ ਤੱਥ ਅਤੇ ਯੁੱਧ ਦੀਆਂ ਤਕਨੀਕਾਂ ਆਮ ਲੋਕਾਂ ਤਕ ਪਹੁੰਚ ਸਕਣ। ਉਨਾਂ੍ਹ ਕਿਹਾ ਕਿ ਕਿਸੇ ਵੀ ਸੈਮੀਨਾਰ ਦੇ ਪਰਚਿਆਂ ਨੂੰ ਧਿਆਨ ਨਾਲ ਘੋਖ ਕੇ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਯੂਨੀਵਰਸਿਟੀ ਵੱਲੋਂ ਅਜਿਹੇ ਕਾਰਜ ਹਰ ਸੰਭਵ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਰਹੇਗੀ।
ਪ੍ਰੋ. ਦਿਲਬਾਗ ਸਿੰਘ ਨੇ ਕੂੰਜੀਵਤ ਭਾਸ਼ਣ ਵਿਚ ਸਿੱਖ ਇਤਿਹਾਸ ਨੂੰ ਮੌਖਿਕ ਪਰੰਪਰਾ ਦੇ ਅਧਾਰ ਤੇ ਪੁਨਰ ਸਿਰਜਨਾ ਕਰਨ ਤੇ ਜ਼ੋਰ ਦਿੱਤਾ। ਉਹਨਾਂ ਨੇ ਦੱਸਿਆ ਕਿ ਆਧੁਨਿਕ ਇਤਿਹਾਸਕ ਲਿਖਤਾਂ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੇ ਬਾਰੇ ਜਾਣਕਾਰੀ ਫ਼ਾਰਸੀ ਸਰੋਤਾਂ ਦੇ ਆਧਾਰ ਤੇ ਵਧੇਰੇ ਮਿਲਦੀ ਹੈ। ਇਸੇ ਤਰ੍ਹਾਂ ਜੈਪੁਰ ਤੋਂ ਪ੍ਰਾਪਤ ਤੱਥ ਅਤੇ ਸਰੋਤਾਂ ਤੋਂ ਵੀ ਬਾਬਾ ਬੰਦਾ ਸਿੰਘ ਬਾਰੇ ਜਾਣਕਾਰੀ ਮਿਲਦੀ ਹੈ ਪਰ ਫ਼ਾਰਸੀ ਸਰੋਤ ਮੁਸਲਮਾਨ ਲਿਖਾਰੀਆਂ ਦੀ ਲਿਖਤ ਹੋਣ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਰਦਾਰ ਨਾਲ ਠੀਕ ਇਨਸਾਫ ਨਹੀਂ ਕਰਦੇ। ਉਹਨਾਂ ਦੇ ਡਰ ਤੇ ਖ਼ੌਫ ਦਾ ਦਬਦਬਾ ਇਹਨਾਂ ਲਿਖਤਾਂ ਤੋਂ ਭਲੀ-ਭਾਂਤ ਉਜਾਗਰ ਹੁੰਦਾ ਹੈ। ਉਨ੍ਹਾਂ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਸਾਨੂੰ ਪ੍ਰਾਚੀਨ ਸਰੋਤਾਂ ਵਿਚ ਲੁਕੇ ਤੱਥਾਂ ਨੂੰ ਭਾਲਣ ਦੇ ਜਤਨ ਕਰਨੇ ਚਾਹੀਦੇ ਹਨ। ਉਨਾਂ ਖੋਜਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੋਜ ਲਈ ਉਪਲਬਧ ਸਰੋਤਾਂ ਤੋਂ ਇਲਾਵਾ ਬਦਲਵੇਂ ਸਰੋਤਾਂ ਤੇ ਵੀ ਧਿਆਨ ਦੇਣ ਅਤੇ ਮੌਲਿਕ ਖੋਜ ਕਰਨ। ਉਪਰੰਤ ਪ੍ਰਧਾਨਗੀ ਭਾਸ਼ਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਅਕਤਿਤਵ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਗਏ ਇਤਿਹਾਸਕ ਕਾਰਜਾਂ ਦਾ ਵੇਰਵਾ ਦਿੱਤਾ। ਉਹਨਾਂ ਨੇ ਕੇਂਦਰ ਨੂੰ 50 ਲੱਖ ਰੁਪਏ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਆਰਥਿਕ ਮਦਦ ਵਜੋਂ ਦਿੱਤੇ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਇਸ ਸ਼ਤਾਬਦੀ ਨੂੰ ਮਨਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੇ ਜੀਵਨ ਅਤੇ ਵਿਰਾਸਤ ਬਾਰੇ ਪੂਰੇ ਵਿਸ਼ਵ ਵਿਚ ਪ੍ਰਚਾਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਇਲਾਵਾ ਪੰਥ ਦੇ ਵਿਸ਼ਵ ਪ੍ਰਸਿੱਧ ਯੋਧੇ ਸਰਦਾਰ ਹਰੀ ਸਿੰਘ ਨਲੂਆ ਉਪਰ ਵੀ ਉੱਚ ਪੱਧਰ ਦੇ ਖੋਜ ਕਾਰਜ ਹੋਣੇ ਚਾਹੀਦੇ ਹਨ।
ਡਾ. ਅਮਰਜੀਤ ਸਿੰਘ ਨੇ ਸੈਮੀਨਾਰ ਨੂੰ ਸਫ਼ਲ ਬਣਾਉਣ ਲਈ ਜਥੇਦਾਰ ਅਵਤਾਰ ਸਿੰਘ, ਪ੍ਰੋ. ਅਜਾਇਬ ਸਿੰਘ ਬਰਾੜ, ਡਾ. ਦਿਲਬਾਗ ਸਿੰਘ ਅਤੇ ਵੱਖ-ਵੱਖ ਯੂਨੀਵਰਸਿਟੀਆਂ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਦਿੱਲੀ ਅਤੇ ਹੋਰ ਅਦਾਰਿਆਂ ਤੋਂ ਆਏ ਵਿਦਵਾਨਾਂ ਦਾ ਧੰਨਵਾਦ ਕੀਤਾ।  ਪਹਿਲੇ ਅਕਾਦਮਿਕ ਸੈਸ਼ਨ ਵਿਚ ਚੇਅਰਪਰਸਨ ਪ੍ਰੋ. ਜਸਪਾਲ ਕੌਰ ਕਾਂਗ ਦੀ ਨਿਗਰਾਨੀ ਹੇਠ ਡਾ. ਪਰਮਵੀਰ ਸਿੰਘ, ਡਾ. ਸੁਖਦਿਆਲ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਨਾਜਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਅਮਨਦੀਪ ਸਿੰਘ, ਦਿੱਲੀ ਨੇ ਆਪਣੇ ਪਰਚੇ ਪੇਸ਼ ਕੀਤੇ। ਮੰਚ ਦਾ ਸੰਚਾਲਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਕੀਤਾ। ਦੂਜੇ ਸੈਸ਼ਨ ਵਿਚ ਚੇਅਰਪਰਸਨ ਪ੍ਰੋ. ਬਲਕਾਰ ਸਿੰਘ ਦੀ ਨਿਗਰਾਨੀ ਹੇਠ ਡਾ. ਕੁਲਵਿੰਦਰ ਸਿੰਘ ਬਾਜਵਾ, ਡਾ. ਦਲਜੀਤ ਸਿੰਘ, ਪ੍ਰੋ. ਬਲਵੰਤ ਸਿੰਘ ਢਿੱਲੋਂ, ਸ. ਸਿਮਰਜੀਤ ਸਿੰਘ, ਡਾ. ਅਮਰਜੀਤ ਸਿੰਘ ਨੇ ਆਪਣੇ-ਆਪਣੇ ਪਰਚੇ ਪੇਸ਼ ਕੀਤੇ। ਇਸ ਸੈਸ਼ਨ ਦਾ ਅਰੰਭ ਸਾਬਕਾ ਜੱਥੇਦਾਰ ਸ. ਜੋਗਿੰਦਰ ਸਿੰਘ ਵੇਦਾਂਤੀ ਦੁਆਰਾ ਕੀਤਾ ਗਿਆ। ਸੈਸ਼ਨ ਦਾ ਮੰਚ ਸੰਚਾਲਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਪ੍ਰੋਫੈਸਰ ਡਾ. ਅਮਰ ਸਿੰਘ ਦੁਆਰਾ ਕੀਤਾ ਗਿਆ।
ਇਸ ਤੋਂ ਪਹਿਲਾਂ ਇਸ ਸੈਮੀਨਾਰ ਦੀ ਸ਼ੁਰੂਆਤ ਕੇਂਦਰ ਦੇ ਪ੍ਰੋਜੈਕਟ ਫੈਲੋ ਡਾ. ਜਤਿੰਦਰ ਸਿੰਘ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦੀ ਉਸਤਤੀ ਵਿਚ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਢਾਡੀ ਜੱਥੇ ਅਤੇ ਕੇਂਦਰ ਦੇ ਖੋਜ ਵਿਦਿਆਰਥੀ ਦੇ ਸਹਿਯੋਗ ਨਾਲ ਉਨ੍ਹਾਂ ਸੰਬੰਧੀ ਵਾਰ ਦਾ ਵੀ ਗਾਇਨ ਕੀਤਾ ਗਿਆ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply