ਨਵੀਂ ਦਿੱਲੀ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿੱਖ ਕਤਲੇਆਮ ਮਸਲੇ ਵਿਚ ਕ੍ਰਿਮਿਨਲ ਕੇਸਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. ਨੂੰ ਟਾਈਟਲਰ ਦੇ ਖਿਲਾਫ਼ ਹਵਾਲਾ ਜਰੀਏ ਵਿਦੇਸ਼ਾਂ ਵਿਚ ਪੈਸਾ ਭੇਜਣ ਦੇ ਦੋਸ਼ ਹੇਠ ”ਮਨੀ ਲਾਂਡਰਿੰਗ ਰੋਕਥਾਮ ਐਕਟ 2002” ਦੇ ਤਹਿਤ ਮੁਕਦਮਾ ਦਰਜ਼ ਕਰਨ ਦੀ ਮੰਗ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੀ.ਬੀ.ਆਈ. ਦੇ ਡਾਈਰੈਕਟਰ ਅਨਿਲ ਕੁਮਾਰ ਸਿਨਹਾ ਨੂੰ ਭੇਜੀ ਆਪਣੀ ਸ਼ਿਕਾਇਤ ਵਿਚ ਟਾਈਟਲਰ ਵੱਲੋਂ ਕਰੋੜਾਂ ਰੁਪਏ ਦਾ ਕਾਲਾ ਧਨ 1984 ਸਿੱਖ ਕਤਲੇਆਮ ਮਾਮਲੇ ਵਿੱਚ ਗਵਾਹ ਨੂੰ ਖਰੀਦਣ ਲਈ ਵਿਦੇਸ਼ਾਂ ਵਿਚ ਭੇਜਣ ਦਾ ਹਵਾਲਾ ਦਿੰਦੇ ਹੋਏ ਸੀ.ਬੀ.ਆਈ. ਵੱਲੋਂ ਇਸ ਮਸਲੇ ਤੇ ਆਪਣੇ ਵੱਲੋਂ ਅੱਜੇ ਤਕ ਕਾਰਵਾਈ ਨਾ ਕਰਨ ਤੇ ਵੀ ਸੁਆਲ ਚੁੱਕੇ ਹਨ। ਜੀ.ਕੇ. ਨੇ ਆਪਣੀ ਸ਼ਿਕਾਇਤ ਵਿਚ ਸੀ.ਬੀ.ਆਈ. ਤੇ ਦੋਸ਼ਾਂ ਦੀ ਝੜੀ ਲਗਾਈ ਹੈ।
ਜੀ.ਕੇ ਨੇ ਦੱਸਿਆ ਹੈ ਕਿ ਗੁਰਦੁਆਰਾ ਪੁਲ ਬੰਗਸ ਦੇ ਗ੍ਰੰਥੀ ਬਾਦਲ ਸਿੰਘ ਦੀ 1984 ਸਿੱਖ ਕਤਲੇਆਮ ਦੌਰਾਨ ਹੋਈ ਮੌਤ ਦਾ ਕਥਿਤ ਜਿੰਮੇਵਾਰ ਟਾਈਟਲਰ ਸੀ ਜਿਸ ਕਰਕੇ ਉਸਦੇ ਖਿਲਾਫ਼ ਕੜਕੜਡੂਮਾ ਕੋਰਟ ਵਿਚ ਮੁਕਦਮਾ ਚਲ ਰਿਹਾ ਹੈ ਪਰ ਸੀ.ਬੀ.ਆਈ. ਕਾਤਿਲਾਂ ਦੇ ਖਿਲਾਫ਼ ਮੌਜੂਦ ਸਬੂਤਾਂ ਨੂੰ ਨਕਾਰਦੇ ਹੋਏ ਲਗਾਤਾਰ ਟਾਈਟਲਰ ਨੂੰ ਕਲੀਨ ਚਿੱਟ ਪਿਛਲੇ ਲੰਬੇ ਸਮੇਂ ਤੋਂ ਦਿੰਦੀ ਆ ਰਹੀ ਹੈ। ਖਾਸ ਕਰਕੇ ਇਸ ਮਸਲੇ ਦੇ ਗਵਾਹ ਗ੍ਰੰਥੀ ਸੁਰਿੰਦਰ ਸਿੰਘ ਦਾ ਮੂੰਹ ਬੰਦ ਕਰਨ ਲਈ ਉਸਦੇ ਪੁੱਤਰ ਨਰਿੰਦਰ ਸਿੰਘ ਤੇ 50 ਹਜਾਰ ਅਮਰੀਕੀ ਡਾਲਰ ਖਰਚ ਕਰਕੇ ਕੈਨੇਡਾ ਭੇਜਣ ਦਾ ਮਾਮਲਾ ਸਭ ਤੋਂ ਸੰਗੀਨ ਅਪਰਾਧ ਹੈ। ਕਿਉਂਕਿ ਸੁਰਿੰਦਰ ਸਿੰਘ ਆਪਣੀ ਗਵਾਹੀ ਨਾਲ ਟਾਈਟਲਰ ਨੂੰ ਜੇਲ ਦੀ ਹਵਾ ਖੁਆ ਸਕਦਾ ਸੀ ਇਸ ਕਰਕੇ ਸੁਰਿੰਦਰ ਸਿੰਘ ਨੂੰ ਵੀ ਆਪਣਾ ਬਿਆਨ ਬਦਲਣ ਲਈ ਕਥਿਤ ਤੌਰ ਤੇ ਟਾਈਟਲਰ ਨੇ 1 ਕਰੋੜ ਰੁਪਏ ਦਿੱਤੇ ਸਨ।
ਜੀ.ਕੇ ਨੇ ਦੱਸਿਆ ਕਿ ਇਹ ਸਾਰੇ ਤੱਥ ਇਸ ਕੇਸ ਦੀ ਸੁਣਵਾਈ ਦੌਰਾਨ ਹੀ ਟਾਈਟਲਰ ਦੇ ਕਰੀਬੀ ਰਹੇ ਅਭਿਸ਼ੇਕ ਵਰਮਾ ਵੱਲੋਂ ਸਾਹਮਣੇ ਲਿਆਏ ਗਏ ਸਨ ਪਰ ਸੀ.ਬੀ.ਆਈ. ਨੇ ਹਰ ਵਾਰ ਤਥਾਂ ਨੂੰ ਨਜ਼ਰਅੰਦਾਜ ਕੀਤਾ। ਉਨ੍ਹਾਂ ਦੱਸਿਆ ਕਿ ਅਭਿਸ਼ੇਕ ਵਰਮਾ ਨੇ ਆਪਣੇ ਬਿਆਨ ਵਿਚ ਖੁਦ ਮੰਨਿਆ ਸੀ ਕਿ ਉਸਨੇ ਟਾਈਟਲਰ ਦੇ ਕਹਿਣ ਤੇ ਨਰਿੰਦਰ ਸਿੰਘ ਦੇ ਵੀਜ਼ੇ ਦਾ ”ਐਟਲਸ ਸਿਸਟਮ ਲਿਮਿਟੇਡ” ਪਾਸੋਂ ਇੰਤਜਾਮ ਕਰਵਾਇਆ ਸੀ ਪਰ ਸੀ.ਬੀ.ਆਈ. ਨੇ ਉਕਤ ਕੰਪਨੀ ਦੇ ਖਿਲਾਫ਼ ਕੋਈ ਜਾਂਚ ਨਹੀਂ ਕੀਤੀ।
ਜੀ.ਕੇ ਨੇ ਦੱਸਿਆ ਕਿ ਅਭਿਸ਼ੇਕ ਵਰਮਾ ਨੇ ਟਾਈਟਲਰ ਵੱਲੋਂ 2010 ਵਿਚ ਕੈਨੇਡਾ ਵਿਚ ਰਹਿੰਦੀ ਆਪਣੀ ਭੈਣ ਨੂੰ ”ਕਪੂਰ ਫੈਮਲੀ ਸੈਟਲਮੈਂਟ ਟ੍ਰਸਟ” ਦੇ ਨਾਂ ਤੇ 5 ਕਰੋੜ ਰੁਪਏ ਦੀ ਰਕਮ ਹਵਾਲਾ ਦੇ ਜਰੀਏ ਭੇਜਣ ਦਾ ਵੀ ਖੁਲਾਸਾ ਕੀਤਾ ਸੀ ਅਤੇ ਇਸ ਰਕਮ ਦਾ ਇਸਤੇਮਾਲ ਗਵਾਹ ਦੇ ਮੂੰਹ ਬੰਦ ਕਰਨ ਵਾਸਤੇ ਕੀਤੇ ਜਾਣ ਦੀ ਗੱਲ ਵੀ ਵਰਮਾ ਨੇ ਮੰਨੀ ਸੀ। ਜੀ.ਕੇ. ਨੇ ਕਿਹਾ ਅਭਿਸ਼ੇਕ ਵਰਮਾ ਦੇ ਖੁਲਾਸੇ ਦੇ ਨਾਲ ਇੱਕ ਗੱਲ ਸਾਬਿਤ ਹੋ ਚੁੱਕੀ ਹੈ ਕਿ ਗੁਰਦੁਆਰਾ ਪੁਲ ਬੰਗਸ ਦੇ ਮਸਲੇ ਵਿਚ ਨਾ ਸਿਰਫ਼ ਟਾਈਟਲਰ ਦੀ ਪੂਰੀ ਸਮੂਲਿਅਤ ਸੀ ਸਗੋਂ ਇਸ ਕਤਲੇਆਮ ਦਾ ਉਹ ਮਾਸਟਰਮਾਇੰਡ ਵੀ ਸੀ। ਜੀ.ਕੇ. ਨੇ ਮੰਨਿਆ ਕਿ ਇਨ੍ਹਾਂ ਸਾਰੇ ਤਥਾਂ ਤੇ ਜੇਕਰ ਸੀ.ਬੀ.ਆਈ. ਦਿਲ ਨਾਲ ਕਾਰਵਾਈ ਕਰੇ ਤਾਂ ਟਾਈਟਲਰ ਤੇ ਕਤਲ, ਸਾਜਿਸ਼ ਰਚਣ, ਗਵਾਹਾਂ ਨੂੰ ਖਰੀਦਣ, ਕਾਲੇ ਧਨ ਦੀ ਵਰਤੋਂ ਕਰਨ, ਹਵਾਲਾ ਕਾਰੋਬਾਰ ਚਲਾਉਣ ਅਤੇ ਬਿਨਾਂ ਮਨਜੂਰੀ ਦੇ ਵਿਦੇਸ਼ਾ ਵਿਚ ਰਕਮ ਭੇਜਣ ਸਣੇ ਕਈ ਗੰਭੀਰ ਅਪਰਾਧਾਂ ਤਹਿਤ ਲੰਬੀ ਸਜਾ ਦਿਵਾਈ ਜਾ ਸਕਦੀ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media