ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ) – ਕੰਨਿਆ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਸਮਾਜ ਭਲਾਈ ਬੋਰਡ, ਚੰਡੀਗੜ੍ਹ ਵੱਲੋਂ ਫਤਹਿਗੜ੍ਹ ਚੂੜੀਆਂ ਰੋਡ ‘ਤੇ ਸਥਿਤ ਵਿਹੜਾ ਸ਼ਗਨਾਂ ਦਾ ਰਿਜ਼ੋਰਟ ਵਿਖੇ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ। ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਬਲਾਕ ਹਰਸ਼ਾ ਛੀਨਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਵਿਚ ਪੰਜਾਬ ਰਾਜ ਸਮਾਜ ਭਲਾਈ ਬੋਰਡ ਚੰਡੀਗੜ੍ਹ ਦੇ ਚੇਅਰਪਰਸਨ ਸ੍ਰੀਮਤੀ ਵਰਿੰਦਰ ਕੌਰ ਥਾਂਦੀ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਸਮਾਗਮ ਦੀ ਪ੍ਰਧਾਨਗੀ ਡਾ. ਅਵਤਾਰ ਕੌਰ ਅਜਨਾਲਾ ਨੇ ਕੀਤੀ। ਇਸ ਮੌਕੇ ਜਿਥੇ ਭਰੂਣ ਹੱਤਿਆ ਨੂੰ ਠੱਲ ਪਾਉਣ ਲਈ ਖੁੱਲ੍ਹ ਕੇ ਵਿਚਾਰ-ਚਰਚਾ ਹੋਈ ਉਥੇ ਇਸ ਸਮਾਜਿਕ ਬੁਰਾਈ ਪ੍ਰਤੀ ਜਾਗਰੂਕ ਕਰਦੇ ਗੀਤ, ਕੋਰੀਓਗ੍ਰਾਫੀਆਂ ਅਤੇ ਨਾਟਕ ਸਭਨਾਂ ਦੇ ਦਿਲਾਂ ਨੂੰ ਟੁੰਬ ਗਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਚੇਅਰਪਰਸਨ ਸ੍ਰੀਮਤੀ ਵਰਿੰਦਰ ਕੌਰ ਥਾਂਦੀ ਨੇ ਕਿਹਾ ਕਿ ਭਰੂਣ ਹੱਤਿਆ ਰੋਕਣ ਲਈ ਸਾਨੂੰ ਕੁੜੀਆਂ ਪ੍ਰਤੀ ਆਪਣੀ ਸੋਚ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨਾਂ ਦੀ ਗ਼ਲਤ ਵਰਤੋਂ ਕਰਕੇ ਅੱਜ ਅਸੀਂ ਸਮਾਜਿਕ ਬੁਰਾਈ ਵਾਲੇ ਪਾਸੇ ਚੱਲ ਪਏ ਹਾਂ ਪਰੰਤੂ ਸਾਨੂੰ ਸਮਝਣਾ ਹੋਵੇਗਾ ਕਿ ਕੁਦਰਤ ਦੇ ਨਿਯਮਾਂ ਦੇ ਉਲਟ ਜਾ ਕੇ ਅਸੀਂ ਸਮਾਜ ਨੂੰ ਨਿਘਾਰ ਵਾਲੇ ਪਾਸੇ ਲਿਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਧੁਨਿਕ ਤਾਂ ਬਣ ਗਏ ਹਾਂ, ਪਰੰਤੂ ਸਾਡੀ ਸੋਚ ਬਿਮਾਰ ਹੋ ਗਈ ਹੈ, ਜਿਸ ਨੂੰ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਅੱਜ ਕਿਸੇ ਵੀ ਖੇਤਰ ਵਿਚ ਮੁੰਡਿਆਂ ਤੋਂ ਘੱਟ ਨਹੀਂ ਹਨ ਜਿਸ ਸਦਕਾ ਅੱਜ ਮੁਲਕ ਅੰਦਰ ਲੜਕੀਆਂ ਦੇ ਕੰਮ ਕਰਨ ਲਈ ਉਸਾਰੂ ਮਾਹੌਲ ਬਣ ਰਿਹਾ ਹੈ, ਪਰੰਤੂ ਇਸ ਦੇ ਬਾਵਜੂਦ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਹਾਲੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਦੇ ਖ਼ਾਤਮੇ ਲਈ ਸਾਂਝੇ ਯਤਨਾਂ ਦੀ ਲੋੜ ਹੈ ਅਤੇ ਖਾਸ ਕਰਕੇ ਨੌਜਵਾਨ ਵਰਗ ਇਸ ਸਬੰਧੀ ਅਹਿਮ ਭੂਮਿਕਾ ਨਿਭਾਅ ਸਕਦਾ ਹੈ।
ਇਸ ਮੌਕੇ ਡਾ. ਅਵਤਾਰ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਅਤੇ ਪੀਰ-ਪੈਗੰਬਰਾਂ ਦੇ ਦਰਸਾਏ ਮਾਰਗ ‘ਤੇ ਚਲਦਿਆਂ ਔਰਤ ਨੂੰ ਮਾਣ-ਸਤਿਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਟੇ ਦੀ ਚਾਹਤ ਨੂੰ ਛੱਡ ਕੇ ਬੇਟੀ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾ ਕੇ ਉਸ ਨੂੰ ਆਰਥਿਕ ਤੌਰ ‘ਤੇ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੇਟੀ ਦੇ ਸਿੱਖਿਅਤ ਹੋਣ ਨਾਲ ਕੇਵਲ ਪਰਿਵਾਰ ਹੀ ਨਹੀਂ ਨਹੀਂ ਬਲਕਿ ਸਮਾਜ ਸਿੱਖਿਅਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਦੇ ਨਾਲ-ਨਾਲ ਯੂਥ ਕਲੱਬਾਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਸਮਾਜਿਕ ਸਰੋਕਾਰਾਂ ਵਾਲੀਆਂ ਸੰਸਥਾਵਾਂ ਵੱਲੋਂ ਸਾਂਝੇ ਰੂਪ ਵਿਚ ਹੰਭਲਾ ਮਾਰਿਆ ਜਾਣਾ ਜ਼ਰੂਰੀ ਹੈ। ਸਮਾਗਮ ਨੂੰ ਮੈਡਮ ਜੋਤੀ ਠਾਕੁਰ ਅਤੇ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਅਤੇ ਭਰੂਣ ਹੱਤਿਆ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਤਾਕੀਦ ਕੀਤੀ।
ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਬਲਾਕ ਹਰਸ਼ਾ ਛੀਨਾ ਸ੍ਰੀਮਤੀ ਦਵਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਰੂਣ ਹੱਤਿਆ ਖਿਲਾਫ਼ ਚਲਾਈ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਸਕੱਤਰ ਮੈਡਮ ਵਿਦਿਆਵਤੀ, ਮੈਡਮ ਸੁਨੀਤਾ, ਭਲਾਈ ਅਫ਼ਸਰ ਸ੍ਰੀ ਅਭਿਸ਼ੇਕ ਅਤੇ ਸ੍ਰੀ ਨਰਿੰਦਰ, ਸਰਪੰਚ ਮੱਖਣ ਸਿੰਘ ਸੰਤੂਨੰਗਲ, ਸਰਪੰਚ ਮਨਜਿੰਦਰ ਸਿੰਘ ਮੰਝੂਪੁਰ ਤੇ ਸ੍ਰੀਮਤੀ ਮਨਜੀਤ ਕੌਰ ਚੇਤਨਪੁਰਾ, ਸੁਪਰਡੈਂਟ ਰਜਿੰਦਰ ਕੌਰ, ਡਾ. ਪ੍ਰੀਤਕਮਲ ਕੌਰ ਪੰਨੂੰ ਤੋਂ ਇਲਾਵਾ ਵਿਭਾਗ ਦੇ ਸੁਪਰਵਾਈਜ਼ਰ, ਹੈਲਪਰ, ਆਂਗਣਵਾੜੀ ਵਰਕਰ ਅਤੇ ਇਲਾਕੇ ਦੀਆਂ ਹੋਰ ਅਹਿਮ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਮੰਚ ਦਾ ਸੰਚਾਲਨ ਸ. ਮਹਾਬੀਰ ਸਿੰਘ ਨੇ ਬਾਖੂਬੀ ਕੀਤਾ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media