
ਜੰਡਿਆਲਾ ਗੁਰੂ, 16 ਜੁਲਾਈ (ਹਰਿੰਦਰਪਾਲ ਸਿੰਘ, ਵਰਿਦਰ ਸਿਂਘ) – ਜਿਸ ਘਰ ਵਿਚ ਕਰੀਬ ਇਕ ਹਫਤਾ ਪਹਿਲਾਂ ਸਾਰਾ ਘਰ ਢੋਲ ਦੀ ਧਮਾਲ ‘ਤੇ ਨੱਚਿਆ ਸੀ, ਉਸ ਘਰ ਵਿਚ ਹੀ ਅੱਜ ਚੀਕ ਚਿਹਾੜੇ ਦੀਆਂ ਅਵਾਜ਼ਾਂ ਗੂੰਜਣ ਲੱਗੀਆਂ, ਜਦ ਨਵ ਵਿਆਹੁਤਾ ਮਨਦੀਪ ਸਿਂਘ ਤੇ ਲਵਪ੍ਰੀਤ ਕੋਰ ਦੀ ਜਲੰਧਰ ਜਾਂਦਿਆਂ ਅੰਮ੍ਰਿਤਸਰ- ਜਲੰਧਰ ਹਾਈਵੇਅ ‘ਤੇ ਕਾਰ ਪਲਟਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਕਾਰ ਦਾ ਐਕਸੀਡੈਂਟ ਜਲੰਧਰ ਫੋਕਲ ਪੁਆਇੰਟ ਨੇੜੇ ਹੋਇਆ, ਜਦ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਦੋਨੋ ਪਤੀ ਪਤਨੀ ਦੀ ਮੌਤ ਹੋ ਗਈ ਹੈ।ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਜਦ ਲਾਸ਼ਾਂ ਘਰ ਪਹੁੰਚੀਆਂ ਤਾਂ ਉਸ ਸਮੇਂ ਮਾਹੌਲ ਬਹੁਤ ਹੀ ਗਮਗੀਨ ਸੀ।ਮੌਕੇ ‘ਤੇ ਮਨਦੀਪ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲੜਕੇ ਨੇ ਅਜੇ ਆਪਣਾ ਸਹੁਰਾ ਘਰ ਵੀ ਨਹੀ ਦੇਖਿਆ ਸੀ, ਕਿਉਂਕਿ ਵਿਆਹ ਜਲਦੀ ਜਲਦੀ ਪੈਲਸ ਵਿਚ ਹੀ ਹੋਇਆ ਸੀ ਅਤੇ ਲੜਕੀ ਨੇ ਵੀ ਅਜੇ ਆਪਣੇ ਪੇਕੇ ਘਰ ਫੇਰਾ ਨਹੀਂ ਪਾਇਆ ਸੀ।ਮ੍ਰਿਤਕ ਦੇ ਦੋਸਤਾਂ ਦੇ ਦੱਸਣ ਮੁਤਾਬਿਕ ਮਨਦੀਪ ਸਿੰਘ ਦਾ ਕਹਿਣਾ ਸੀ ਵਿਆਹ ਤੋਂ ਬਾਅਦ ਦੋਨਾ ਪਤੀ ਪਤਨੀ ਨੇ ਵਿਦੇਸ਼ ਜਾਣਾ ਸੀ, ਇਸ ਲਈ ਕਾਹਲੀ ਕਾਹਲੀ ‘ਚ ਸਭ ਕੁੱਝ ਹੋ ਗਿਆ ਅਤੇ ਆਈਲੈਟਸ ਦੇ ਚੱਕਰ ਨੇ ਦੋਨਾਂ ਨੂੰ ਕੁਦਰਤ ਨੇ ਪਰਿਵਾਰਾਂ ਤੋਂ ਵਿਛੋੜ ਦਿਤਾ।ਦੇਰ ਸ਼ਾਮ ਇਸ ਨਵਵਿਅਹੁਤਾ ਜੋੜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਾਰੇ ਪਿੰਡ ਵਾਸੀਆਂ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਦੇ ਮੋਹਤਬਰ ਵਿਅਕਤੀ ਮੌਜੂਦ ਸਨ।
ਜਿਕਰਯੋਗ ਹੈ ਕਿ ਹਰਦੀਪ ਸਿਂਘ ਜ਼ਿਮੀਦਾਰ ਵਾਸੀ ਪਿੰਡ ਅਮਰਕੋਟ ਨੇੜੇ ਨਿੱਜਰਪੁਰਾ ਦੇ ਦੋ ਪੁੱਤਰ ਸਨ ਅਤੇ ਮ੍ਰਿਤਕ 24 ਸਾਲਾ ਮਨਦੀਪ ਸਿਂਘ ਛੋਟਾ ਲੜਕਾ ਸੀ।ਝੱਟ ਮੰਗਣੀ ਪੱਟ ਵਿਆਹ ਦੀ ਕਹਾਵਤ ਨੂੰ ਸੱਚ ਕਰਦਿਆਂ ਮਨਦੀਪ ਸਿੰਘ ਦਾ ਵਿਆਹ ਕਰੀਬ ਇਕ ਹਫਤਾ ਪਹਿਲਾ ਲਵਪ੍ਰੀਤ ਕੋਰ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਨਾਲ ਹੋਇਆ ਸੀ।ਵਿਦੇਸ਼ ਜਾਣ ਦੇ ਸ਼ੌਕੀਨ ਬਾਰਵੀਂ ਪਾਸ ਦੋਨੋ ਪਤੀ ਪਤਨੀ ਅੱਜ ਸਵੇਰੇ ਕਰੀਬ 7.00 ਵਜੇ ਜਲੰਧਰ ਆਈਲੈਟਸ ਦਾ ਪੇਪਰ ਦੇਣ ਲਈ ਭਰੋਂ ਨਿਕਲੇ, ਪਰ ਕਰੀਬ 9.00 ਵਜੇ ਹਾਦਸੇ ਵਿੱਚ ਉਨਾਂ ਦੀ ਮੌਤ ਦੀ ਖਬਰ ਨਾਲ ਘਰ ਵਿੱਚ ਮਾਤਮ ਛਾ ਗਿਆ।ਇਸ ਅਣਹੋਣੀ ਘਟਨਾ ਦੀ ਇਲਾਕੇ ਵਿੱਚ ਕਾਫੀ ਚਰਚਾ ਹੈ ਅਤੇ ਹਰ ਕੋਈ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟਾ ਰਿਹਾ ਹੈ।
Punjab Post Daily Online Newspaper & Print Media