
ਫਾਜ਼ਿਲਕਾ, 25 ਜੁਲਾਈ (ਵਿਨੀਤ ਅਰੋੜਾ) – ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਸ. ਗੁਰਤੇਜ ਸਿੰਘ ਘੁੜਿਆਣਾ ਵੀ ਹਾਜਰ ਸਨ।
ਬੈਠਕ ਦੌਰਾਨ ਆਈਆਂ ਸ਼ਿਕਾਇਤਾਂ ਸੁਣਦਿਆਂ ਕੈਬਨਿਟ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਤਾੜਨਾ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਨਹਿਰਾਂ ਦੇ ਮੋਘਿਆਂ ਨਾਲ ਕੋਈ ਛੇੜਛਾੜ ਨਾ ਹੋਵੇ ਅਤੇ ਨਹਿਰਾਂ ਦੀਆਂ ਟੇਲਾਂ ਤੱਕ ਕਿਸਾਨਾਂ ਨੂੰ ਪਾਣੀ ਮਿਲ ਸਕੇ ਨਾਲ ਹੀ ਉਨ੍ਹਾਂ ਕਿਹਾ ਕਿ ਨਹਿਰਾਂ ਵਿਚੋਂ ਜਲ ਬੂਟੀ ਦੀ ਸਫ਼ਾਈ ਲਈ ਸੂਬਾ ਸਰਕਾਰ ਵੱਲੋਂ ਨਵੀਂ ਮਸ਼ੀਨ ਦੀ ਖਰੀਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਦੇ ਆਉਣ ਨਾਲ ਬਰਸਾਤੀ ਸੀਜਨ ਦੌਰਾਨ ਜਲ ਬੂਟੀ ਕਾਰਨ ਪਾਣੀ ਦੇ ਵਹਾਅ ਵਿਚ ਆਉਂਦੀ ਰੁਕਾਵਟ ਦੂਰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਸਾਲ ਭਾਗਸਰ, ਲੰਬੀ, ਅਰਨੀਵਾਲਾ ਰਜਬਾਹਿਆਂ ਦਾ ਨਵੀਨੀਕਰਨ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਸਿੰਚਾਈ ਲਈ ਵਾਧੂ ਪਾਣੀ ਮਿਲ ਸਕੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਆਪ ਪਾਰਟੀ ਦੇ ਆਗੂ ਚਰਚਾ ਵਿਚ ਰਹਿਣ ਵਾਸਤੇ ਦੇਸ਼ ਅਤੇ ਪੰਜਾਬ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦੇ ਆਗੂ ਨਾ ਕੇਵਲ ਧਾਰਮਿਕ ਮਸਲਿਆਂ ਤੇੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ ਸਗੋਂ ਇਸ ਪਾਰਟੀ ਨੇ ਪਾਣੀ ਦੇ ਮੁੱਦੇ ਤੇ ਵੀ ਪੰਜਾਬ ਵਿਰੋਧੀ ਸਟੈਂਡ ਲੈ ਕੇ ਸੂਬੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਹੁਣ ਇਸ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਪਾਰਲੀਮੈਂਟ ਦੀ ਸੁਰੱਖਿਆ ਨੂੰ ਹੀ ਦਾਅ ਤੇ ਲਾਉਦਿਆਂ ਅਜਿਹਾ ਵੀਡੀਓ ਰਿਲੀਜ਼ ਕੀਤਾ ਜੋ ਕਿ ਇਸ ਪਾਰਟੀ ਦੇ ਆਗੂਆਂ ਦੇ ਕਿਸੇ ਅਜਿਹੀ ਏਜੰਸੀ ਨਾਲ ਜੁੜੇ ਹੋਣ ਦਾ ਇਸ਼ਾਰਾ ਕਰਦਾ ਹੈ ਜੋ ਦੇਸ਼ ਵਿਰੋਧੀ ਹੋਵੇ।
ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਮਸਲਿਆਂ ਦੇ ਨਿਪਟਾਰੇ ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਤਨਦੇਹੀ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਪਲਬੱਧ ਕਰਵਾਉਣ ਲਈ ਕਿਹਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਉਪ ਮੁੱਖ ਮੰਤਰੀ ਪੰਜਾਬ ਦੇ ਆਨ ਲਾਈਨ ਸੰਗਤ ਦਰਸ਼ਨ ਤਹਿਤ ਪ੍ਰਾਪਤ 598 ਸ਼ਿਕਾਇਤਾਂ ਵਿਚੋਂ 597 ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ ਇਸ ਤਰ੍ਹਾਂ ਭਾਰਤ ਸਰਕਾਰ ਦੇ ਸ਼ਿਕਾਇਤ ਨਿਵਾਰਣ ਪੋਰਟਲ ਤੇ ਪ੍ਰਾਪਤ 187 ਵਿਚੋਂ 169 ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਜ਼ਿਲ੍ਹਾ ਪੱਧਰੀ ਸੰਗਤ ਦਰਸ਼ਨ ਦੌਰਾਨ 900 ਵਿਚੋਂ 885 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਅੱਜ ਦੀ ਇਸ ਬੈਠਕ ਵਿਚ ਐਸ.ਐਸ.ਪੀ. ਸ਼੍ਰੀ ਨਰਿੰਦਰ ਭਾਰਗਵ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਰਵਿੰਦ ਕੁਮਾਰ, ਐਸ.ਪੀ. ਧਰਮਵੀਰ ਸਿੰਘ, ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਅਵਿਕੇਸ਼ ਗੁਪਤਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਸ਼ੋਕ ਅਨੇਜਾ, ਪ੍ਰਹਿਲਾਦ ਖਾਟਵਾਂ, ਦਵਿੰਦਰ ਸਿੰਘ ਬੱਬਲ, ਕੌਰ ਸਿੰਘ, ਸਤਿੰਦਰ ਪਾਲ ਸਿੰਘ ਸਵੀ ਕਾਠਪਾਲ, ਰਾਕੇਸ਼ ਸਹਿਗਲ, ਪਰਮਜੀਤ ਸਿੰਘ ਪੰਮਾ ਵੈਰੜ, ਲਖਵਿੰਦਰ ਸਿੰਘ ਰੋਹੀਵਾਲਾ, ਅਨਿਲ ਸੇਠੀ ਆਦਿ ਵੀ ਹਾਜਰ ਸਨ।
Punjab Post Daily Online Newspaper & Print Media