Monday, August 10, 2026

1290 ਗ੍ਰਾਮ ਹੈਰੋਇਨ ਅਤੇ ਪਾਕਿਸਤਾਨੀ ਸਿੰਮਾਂ ਸਮੇਤ 4 ਸਮਗਲਰ ਕਾਬੂ- ਐਸ. ਐਸ. ਪੀ.

ਭਾਰਤ-ਪਾਕਿ ਵਪਾਰ ਦੇ ਨਾਂਅ ਹੇਠ ਚੱਲ ਰਿਹਾ ਸੀ ਸਮਗਲਿੰਗ ਦਾ ਕੰਮ

PPN3007201613ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ ਬਿਊਰੋ)- ਸਰਹੱਦ ਪਾਰ ਤੋਂ ਹੁੰਦੀ ਨਸ਼ੇ ਦੀ ਤਸਕਰੀ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਰਸਤੇ ਨਸ਼ੇ ਦੀ ਸਮਗਲਿੰਗ ਕਰਦੇ ਵੱਡੇ ਗਰੋਹ ਨੂੰ ਕਾਬੂ ਕਰਕੇ ਉਨਾਂ ਕੋਲੋਂ 1290 ਗ੍ਰਾਮ ਹੈਰੋਇਨ ਅਤੇ ਪਾਕਿਸਤਾਨੀ ਸਿੰਮ ਬਰਾਮਦ ਕਰ ਲਏ। ਇਸ ਸਬੰਧੀ ਕੀਤੀ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦੇ ਐਸ. ਐਸ. ਪੀ. ਸ੍ਰੀ ਜਸਦੀਪ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਅਪਰੇਸ਼ਨ ਤਹਿਤ ਇੰਸਪੈਕਟ ਰਸ਼ਪਾਲ ਸਿੰਘ ਹੇਠ ਕੰਮ ਕਰ ਰਹੀਆਂ ਦੋ ਟੀਮਾਂ ਨੇ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਦਰਸ਼ਨ ਸਿੰਘ ਵਾਸੀ ਲੱਧੇਵਾਲ, ਥਾਣਾ ਘਰਿੰਡਾ ਨੂੰ 50 ਗ੍ਰਾਮ ਹੈਰੋਇਨ ਸਮੇਤ ਅਤੇ ਰਾਜਪਾਲ ਸਿੰਘ ਉਰਫ ਰਾਜਾ ਪੁੱਤਰ ਨਿਰਵੈਰ ਸਿੰਘ ਵਾਸੀ ਦਾਉਕੇੇ, ਥਾਣਾ ਘਰਿੰਡਾ ਨੂੰ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਉਨਾਂ ਦੱਸਿਆ ਕਿ ਇੰਨਾਂ ਦੋਵਾਂ ਦੋਸ਼ੀਆਂ ਕੋਲੋਂ ਕੀਤੀ ਪੁੱਛ ਪੜਤਾਲ ਦੇ ਅਧਾਰ ‘ਤੇ ਪੁਲਿਸ ਨੇ ਕੁਲਵਿੰਦਰ ਸਿੰਘ ਉਰਫ ਰਮਨ ਪੁੱਤਰ ਜਗੀਰ ਸਿੰਘ ਵਾਸੀ ਬਾਰੇਕੇ, ਥਾਣਾ ਸਦਰ ਫਿਰੋਜ਼ਪੁਰ ਅਤੇ ਰੀਨਾ ਕੁਮਾਰੀ ਪੁਤਰੀ ਪਿਆਰਾ ਵਾਸੀ ਮੱਛੀਵਾੜਾ, ਥਾਣਾ ਫਿਰੋਜ਼ਪੁਰ ਨੂੰ ਕ੍ਰਮਵਾਰ 700 ਅਤੇ 500 ਗ੍ਰਾਮ ਹੈਰੋਇਨ ਅਤੇ ਪਾਕਿਸਾਤਨੀ ਸਿੰਮ ਸਮੇਤ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ।
ਉਨਾਂ ਦੱਸਿਆ ਕਿ ਸਾਰੇ ਦੋਸ਼ੀਆਂ ਨੇ ਮੰਨਿਆ ਹੈ ਕਿ ਉਨਾਂ ਦੇ ਸਬੰਧ ਪਾਕਿਸਤਾਨੀ ਸਮਗਲਰਾਂ ਨਾਲ ਹਨ ਅਤੇ ਉਹ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸਨ। ਦੱਸਣਯੋਗ ਹੈ ਕਿ ਕੁਲਵਿੰਦਰ ਸਿੰਘ ਪਹਿਲਾਂ ਵੀ ਸਮਗਲਿੰਗ ਦੇ ਧੰਦੇ ਵਿਚ ਸਾਲ 2007 ਦੌਰਾਨ 45 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ, ਜਿਸ ਵਿਚ ਉਸ ਨੂੰ 10 ਸਾਲ ਦੀ ਸਜ਼ਾ ਹੋਈ ਸੀ, ਕਰੀਬ 5 ਸਾਲ ਸਜ਼ਾ ਕੱਟ ਕੇ ਉਹ ਜ਼ਮਾਨਤ ‘ਤੇ ਬਾਹਰ ਆ ਗਿਆ ਅਤੇ ਫਿਰ ਇਸ ਧੰਦੇ ਵਿਚ ਰੀਨਾ ਕੁਮਾਰੀ ਨਾਲ ਰਲ ਗਿਆ। ਉਨਾਂ ਦੱਸਿਆ ਕਿ ਰੀਨਾ ਕੁਮਾਰੀ ਦੀ ਜ਼ਮੀਨ ਤਾਰ ਤੋਂ ਪਾਰ ਹੋਣ ਕਾਰਨ ਇਹ ਉਸ ਰਸਤੇ ਸਮਗਲਿੰਗ ਕਰਦੇ ਰਹੇ। ਉਨਾਂ ਦੱਸਿਆ ਕਿ ਇੰਨਾਂ ਨੇ ਇਸ ਕਾਲੀ ਕਮਾਈ ਦੀ ਰਕਮ ਨਵੀਨ ਭਾਟੀਆ ਪੁੱਤਰ ਬ੍ਰਿਜ ਲਾਲ ਵਾਸੀ ਮੈਡੀਕਲ ਇੰਕਲੇਵ ਅੰਮ੍ਰਿਤਸਰ ਪਾਸ ਜਮਾ ਕਰਵਾਉਂਦੇ ਸਨ। ਉਨਾਂ ਦੱਸਿਆ ਕਿ ਨਵੀਨ ਭਾਟੀਆ ਦਾ ਪਿਛੋਕੜ ਵੀ ਸ਼ੱਕੀ ਹੈ। ਸਾਲ 2012 ਵਿਚ ਉਸ ਪਾਸੋਂ ਉਸਦੇ ਸਾਥੀ ਸੁਰਿੰਦਰ ਕੁਮਾਰ ਕੋਲੋਂ 45 ਲੱਖ ਰੁਪਏ ਕਾਬੂ ਕੀਤੇ ਗਏ ਸਨ ਅਤੇ ਤਿੰਨ ਮਹੀਨੇ ਬਾਅਦ ਇਹ ਜਮਾਨਤ ਬਾਅਦ ਜ਼ਮਾਨਤ ਤੇ ਆ ਕੇ ਵਾਇਆ ਪੁਣਛ ਇਹ ਕੰਮ ਕਰਨ ਲੱਗ ਪਏ। ਉਨਾਂ ਦੱਸਿਆ ਕਿ ਨਵੀਨ ਭਾਟੀਆ, ਰੋਮੀ ਪੁੱਤਰ ਗੁਰਮਿੰਦਰ ਸਿੰਘ ਵਾਸੀ ਮਜੀਠ ਮੰਡੀ ਤੇ ਰਾਵਲਪਿੰਡੀ ਤੋਂ ਰਾਣਾ ਰਸੀਦ ਇਸ ਪੈਸੇ ਦਾ ਲੈਣ-ਦੇਣ ਕਰਦੇ ਸਨ।ਉਨਾਂ ਦੱਸਿਆ ਕਿ ਬਦਨਾਮ ਸਗਲਰ ਹਰਜਿੰਦਰ ਸਿੰਘ ਵਾਸੀ ਦਾਉਕੇ ਵੀ ਇੰਨਾਂ ਦਾ ਇਸ ਕੰਮ ਵਿਚ ਵੀ ਸਾਥ ਦਿੰਦਾ ਸੀ। ਐਸ ਐਸ ਪੀ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਵਿਚ ਕੁਲਵਿੰਦਰ ਸਿੰਘ, ਰੀਨਾ ਕੁਮਾਰੀ ਅਤੇ ਨਵੀਨ ਭਾਟੀਆ ਦੇ ਬੈਂਕ ਖਾਤਿਆਂ ਵਿਚ ਵੀ ਕਰੋੜਾਂ ਰੁਪਏ ਦਾ ਲੈਣ-ਦੇਣ ਹੋਣ ਬਾਰੇ ਪਤਾ ਲੱਗਾ ਹੈ ਅਤੇ ਇਨਾਂ ਦੇ ਬੈਂਕ ਖਾਤੇ ਸੀਲ ਕਰਨ ਬਾਰੇ ਲਿਖ ਦਿੱਤਾ ਗਿਆ ਹੈ। ਉਨਾਂ ਸ਼ੱਕ ਪ੍ਰਗਟ ਕੀਤਾ ਕਿ ਭਾਰਤ-ਪਾਕਿਸਤਾਨ ਵਿਚ ਵਪਾਰ ਕਰਦੇ ਕਈ ਹੋਰ ਵਪਾਰੀ ਵੀ ਨਵੀਨ ਭਾਟੀਆ ਦੀ ਤਰਜ਼ ‘ਤੇ ਸਮਗਲਿੰਗ ਦਾ ਧੰਦਾ ਕਰ ਰਹੇ ਹਨ, ਜੋ ਜਲਦ ਗ੍ਰਿਫਤਾਰ ਕਰ ਲਏ ਜਾਣਗੇ। ਉਨਾਂ ਦੱਸਿਆ ਕਿ ਨਵੀਨ ਭਾਟੀਆ ਅਤੇ ਐਕਸਪੋਰਟ ਦਾ ਧੰਦਾ ਕਰਨ ਵਾਲੇ ਹੋਰ ਵਿਅਕਤੀਆਂ ਸਬੰਧੀ ਕਸਟਮ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਹੋਰ ਖੁਫੀਆ ਵਿਭਾਗਾਂ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply