ਨਵੀਂ ਦਿੱਲੀ, 30 ਜੁਲਾਈ (ਪੰਜਾਬ ਪੋਸਟ ਬਿਊਰੋ) -ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਲੋਂ ਪੰਥ ਪ੍ਰਵਾਨਿਤ ਉੱਘੇ ਰਾਗੀ ਜੱਥੇ ਅਵਤਾਰ ਸਿੰਘ ਗੁਰਚਰਨ ਸਿੰਘ ਦੇ ਸਨਮਾਨਤ ਮੈਂਬਰ ਭਾਈ ਗੁਰਚਰਨ ਸਿੰਘ ਦਾ 101ਵੇਂ ਜਨਮ ਦਿਨ ‘ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸੇਸ਼ ਸਨਮਾਨ ਕੀਤਾ ਗਿਆ।ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਭਾਈ ਗੁਰਚਰਨ ਸਿੰਘ ਨੂੰ ਯਾਦ ਕਰਦਿਆਂ ਦਸਿਆ ਕਿ ਭਾਈ ਗੁਰਚਰਨ ਸਿੰਘ ਨਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਗਾਇਨ ਲਈ ਨਿਸ਼ਚਤ ਰਾਗਾਂ ਵਿੱਚ ਕੀਰਤਨ ਕਰਨ ਵਿੱਚ ਹੀ ਵਿਸ਼ੇਸ਼ ਮਾਹਿਰ ਸਨ, ਸਗੋਂ ਉਨ੍ਹਾਂ ਨੇ ਕੀਰਤਨੀ ਜੱਥਿਆਂ ਦੇ ਮਾਰਗ ਦਰਸ਼ਨ ਲਈ ਰਾਗਾਂ ਦੇ ਸੰਬੰਧ ਵਿੱਚ ਕਈ ਪੁਸਤਕਾਂ ਵੀ ਲਿਖੀਆਂ, ਜਿਨ੍ਹਾਂ ਵਿਚੋਂ ਗੁਰਬਾਣੀ ਗਾਇਨ ਦੇ ਨਿਸ਼ਚਤ ਰਾਗਾਂ ਦੇ ਨੋਟੇਸ਼ਨ ਨਾਲ ਸੰਬੰਧਤ ਪੁਸਤਕ ਪੰਜਾਬੀ ਯੂਨੀਵਰਸਿਟੀ ਨੇ ਦੋ ਜਿਲਦਾਂ ਵਿੱਚ ਪ੍ਰਕਾਸ਼ਤ ਕੀਤੀ। ਰਾਗਾਂ ਅਧਾਰਤ ਆਪ ਦੀਆਂ ਉੱਚ ਪੱਧਰੀ ਲਿਖਤਾਂ ਲਈ ਆਪ ਨੂੰ ਪੰਜਾਬੀ ਅਕਾਦਮੀ, ਕੇਂਦਰੀ ਸਿੰਘ ਸਭਾ ਅਤੇ ਹੋਰ ਕਈ ਸੰਸਥਾਵਾਂ ਵਲੋਂ ਸਨਮਾਨਤ ਕੀਤਾ ਗਿਆ। ਇਨ੍ਹਾਂ ਮੁੱਖੀਆਂ ਨੇ ਦਸਿਆ ਕਿ ਮੈਟ੍ਰਿਕ ਅਤੇ ਗਿਆਨੀ ਦੀਆਂ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਆਪਨੇ ਆਪਣੇ ਪਿਤਾ ਭਾਈ ਜਵਾਲਾ ਸਿੰਘ ਜੀ ਨਾਲ ਤਬਲੇ ਦੀ ਸੰਗਤ ਕੀਤੀ।ਫਿਰ ਛੋਟੇ ਵੀਰ ਅਵਤਾਰ ਸਿੰਘ ਨਾਲ ਰਾਗੀ ਜੱਥਾ ਬਣਾ ਦੇਸ਼ ਵਿਦੇਸ਼ ਵਿੱਚ ਗੁਰਬਾਣੀ ਦੇ ਪ੍ਰਚਾਰ ਕੀਰਤਨ ਦੀ ਸੇਵਾ ਨਿਭਾਈ। ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਲੋਂ ਭਾਈ ਗੁਰਚਰਨ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਯਾਦਗਾਰੀ ਚਿੰਨ੍ਹ ਉਨ੍ਹਾਂ ਦੇ ਸਪੁਤਰ ਸ. ਸੁਰਿੰਦਰ ਸਿੰਘ ਨੇ ਪ੍ਰਾਪਤ ਕੀਤਾ।
ਇਸ ਮੌਕੇ ਰਾਣਾ ਪਰਮਜੀਤ ਸਿੰਘ ਨੇ ਸੰਗਤਾਂ ਨੂੰ ਵਿਸ਼ੇਸ਼ ਰੂਪ ਜਾਣੂ ਕਰਵਾਇਆ ਕਿ ਜਿਨ੍ਹਾਂ ਸਿੱਖ ਬਚਿਆਂ ਨੇ ਗੁਰਦੁਆਰਾ ਕਮੇਟੀ ਪਾਸੋਂ ਮਿਨਾਰਟੀ ਕੋਟੇ ਦੇ ਸਰਟੀਫਿਕੇਟ ਹਾਸਲ ਕਰ ਵਿਦਿਅਕ ਸੰਸਥਾਵਾਂ ਵਿੱਚ ਦਾਖਲਾ ਲਿਆ ਹੈ, ਜੇ ਉਨ੍ਹਾਂ ਵਿਚੋਂ ਕੋਈ ਰੋਮਾਂ ਦੀ ਬੇਅਦਬੀ ਕਰਦਾ ਨੋਟਿਸ ਵਿੱਚ ਆਉਂਦਾ ਹੈ, ਸੰਬੰਧਤ ਵਿਦਿਅਕ ਸੰਸਥਾ ਦੇ ਪ੍ਰਿੰਸ਼ੀਪਲ ਨੂੰ ਅਧਿਕਾਰ ਹੈ ਕਿ ਉਹ ਉਸ ਸਿੱਖ ਬੱਚੇ ਨੂੰ ਸਸਪੈਂਡ ਕਰ ਦੇਵੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media