Thursday, March 19, 2026

ਗੁਰੂ ਨਗਰੀ ‘ਚ ਲੱਗਣ ਵਾਲੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜੋਸ਼ੀ ਵੱਲੋਂ ਸ਼ੁਰੂਆਤ

PPN0208201608

ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਸੁਰੱਖਿਆ ਦੇ ਅਧਾਰ ‘ਤੇ ਪੰਜਾਬ ਦਾ ਉਤਮ ਸ਼ਹਿਰ ਬਨਾਉਣ ਦਾ ਲਿਆ ਗਿਆ ਸੁਪਨਾ ਹੁਣ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਇਸ ਪ੍ਰਾਜੈਕਟ ਅਧੀਨ ਸ਼ਹਿਰ ਵਿਚ ਲੱਗ ਵਾਲੇ ਉੱਚ ਗੁਣਵੱਤਾ ਵਾਲੇ ਕੈਮਰਿਆਂ ਦੀ ਸ਼ੁਰੂਆਤ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕੀਤੀ। ਸ੍ਰੀ ਜੋਸ਼ੀ ਨੇ ਦੱਸਿਆ ਕਿ 4.30 ਕਰੋੜ ਰੁਪਏ ਦੀ ਲਾਗਤ ਨਾਲ ਇਸ ਪ੍ਰਾਜੈਕਟ ਤਹਿਤ ਸ਼ਹਿਰ ਵਿਚ 40 ਵੱਖ-ਵੱਖ ਥਾਵਾਂ ‘ਤੇ 220 ਕੈਮਰੇ ਲਗਾਏ ਜਾਣਗੇ।ਉਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਰੋਜ਼ਾਨਾ ਲੱਖਾਂ ਸ਼ਰਧਾਲੂ ਦੇਸ਼-ਵਿਦੇਸ਼ ਵਿਚੋਂ ਆਉਂਦੇ ਹਨ ਅਤੇ ਇੰਨੀ ਵੱਡੀ ਗਿਣਤੀ ਵਿਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਆਧੁਨਿਕ ਸਾਧਨਾਂ ਦੀ ਵੱਡੀ ਲੋੜ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨਾਂ ਦੱਸਿਆ ਕਿ ਸ਼ਹਿਰ ਵਿਚ ਇਹ ਪ੍ਰਾਜੈਕਟ ਲਗਾਉਣ ਲਈ ਵਿਸ਼ਵ ਪੱਧਰ ਦੀ ਕੰਪਨੀ ਨੂੰ ਚੁਣਿਆ ਗਿਆ ਹੈ, ਜਿਸਨੇ ਇਸ ਦਾ ਡਿਜਾਇਨ ਤਿਆਰ ਕਰਨ ਦੇ ਨਾਲ-ਨਾਲ ਇਸ ਨੂੰ ਲਗਾਉਣ ਦੀ ਜ਼ਿੰਮੇਵਾਰੀ ਵੀ ਲਈ ਹੈ।
ਉਨਾਂ ਦੱਸਿਆ ਕਿ ਇੰਨਾਂ ਕੈਮਰਿਆਂ ਨਾਲ ਔਰਤਾਂ ਵਿਰੁੱਧ ਹੋ ਰਹੀਆਂ ਅਪਰਾਧਿਕ ਸਰਗਰਮੀਆਂ, ਅੱਤਵਾਦੀ ਸਰਗਰਮੀਆਂ ਅਤੇ ਸੜਕਾਂ-ਗਲੀਆਂ ‘ਤੇ ਹੁੰਦੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ‘ਤੇ ਨਜ਼ਰ ਰੱਖੀ ਜਾਵੇਗੀ। ਇਸ ਮੌਕੇ ਹਾਜ਼ਰ ਪੁਲਿਸ ਕਮਿਸ਼ਨਰ ਸ. ਅਮਰ ਸਿੰਘ ਚਾਹਲ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਹੋਂਦ ਵਿਚ ਆਉਣ ਨਾਲ ਪੁਲਿਸ ਨੂੰ ਅਪਰਾਧੀਆਂ ਵਿਰੁੱਧ ਸਬੂਤ ਅਤੇ ਛੇਤੀ ਕਾਰਵਾਈ ਲਈ ਸੂਚਨਾ ਮਿਲ ਸਕੇਗੀ। ਉਨਾਂ ਕਿਹਾ ਕਿ ਪੁਲਿਸ ਅਧਿਾਕਰੀ ਇੰਨਾਂ ਕੈਮਰਿਆਂ ਦੀ ਫੁਟੇਜ਼ ਕੇਵਲ ਕੰਪਿਊਟਰ ਜਾਂ ਟੀ. ਵੀ. ਸਕਰੀਨ ‘ਤੇ ਹੀ ਨਹੀਂਂ, ਬਲਕਿ ਆਪਣੇ ਮੋਬਾਈਲ ਫੋਨ ‘ਤੇ ਵੀ ਵੇਖ ਸਕਣਗੇ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਇਹ ਕੈਮਰੇ ਸ਼ਹਿਰ ਵਿਚ ਸਕੂਲਾਂ, ਕਾਲਜਾਂ, ਭੀੜ-ਭੜਕੇ ਵਾਲੀਆਂ ਥਾਵਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਮਾਲ ਆਦਿ ਦੇ ਬਾਹਰ ਲਗਾਏ ਜਾਣਗੇ। ਉਨਾਂ ਕਿਹਾ ਕਿ ਇਹ ਕੇਵਲ ਕੈਮਰੇ ਨਹੀਂ, ਬਲਕਿ ਪੂਰਾ ਸੁਰੱਖਿਆ ਦਾ ਇੰਤਜ਼ਾਮ ਹੈ ਅਤੇ ਅਪਰਾਧੀ ਇਸ ਵਿਚੋਂ ਬਚ ਨਹੀਂ ਸਕਣਗੇ। ਉਨਾਂ ਕਿਹਾ ਕਿ ਸ਼ਹਿਰੀਆਂ ਦੀ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਉਨਾਂ ਦੱਸਿਆ ਕਿ ਇਹ ਪ੍ਰਾਜੈਕਟ ਪੜਾਅ ਵਾਰ ਚੱਲੇਗਾ ਅਤੇ ਪਹਿਲੇ ਪੜਾਅ ਵਿਚ ਹਲਕਾ ਉਤਰੀ ਵਿਚ ਇਹ ਕੈਮਰੇ ਲਗਾਏ ਜਾ ਰਹੇ ਹਨ, ਜੋ ਕਿ 2 ਕੁ ਮਹੀਨਿਆਂ ਵਿਚ ਕੰਮ ਕਰਨਾ ਸ਼ੁਰੂ ਕਰ ਦੇਣਗੇ, ਉਸ ਮਗਰੋਂ ਸਾਰੇ ਸ਼ਹਿਰ ਵਿਚ ਇਹ ਕੰਮ 6 ਤੋਂ 7 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਮੇਅਰ ਬਖਸ਼ੀ ਰਾਮ ਅਰੋੜਾ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਅੰਮ੍ਰਿਤਸਰ ਵਿਕਾਸ ਅਥਾਰਟ ਦੀ ਮੁਖੀ ਸ੍ਰੀ ਸੰਦੀਪ ਰਿਸ਼ੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply